ਗੁਰਦਾਸਪੁਰ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਪੁਲਿਸ ਨੇ ਰਸਤੇ ‘ਚ ਹੀ ਰੋਕਿਆ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਪੁਲਿਸ ਨੇ ਰਸਤੇ ‘ਚ ਹੀ ਰੋਕਿਆ
  • PublishedJune 18, 2023

ਗੁਰਦਾਸਪੁਰ 18 ਜੂਨ 2023 (ਦੀ ਪੰਜਾਬ ਵਾਇਰ)। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਜਿਲ੍ਹਾ ਗੁਰਦਾਸਪੁਰ ਅਤੇ ਅੰਮ੍ਰਿਤਸਰ ਵੱਲੋਂ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੁਰਦਾਸਪੁਰ ਫੇਰੀ ਮੌਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਉਥੇ ਹੀ ਪ੍ਰਦਰਸ਼ਨ ਕਰਨ ਆਏ ਕਿਸਾਨਾਂ ਦੇ ਕਾਫ਼ਲੇ ਨੂੰ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਨਵੀਂ ਪੁਰ ਬਾਈਪਾਸ ਤੇ ਹੀ ਰੋਕ ਲਿਆ ਗਿਆ ਜਿੱਥੇ ਯੁਨੀਅਨ ਨਾਲ ਜੁੜੇ ਕਿਸਾਨਾਂ ਨੇ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਰੈਲੀ ਸਥਾਨ ਤੇ ਨਾ ਪਹੁੰਚਣ ਦੇਣ ਦੀ ਸੂਰਤ ਵਿੱਚ ਆਗੂਆਂ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਂ ਮੰਗਾਂ ਸਬੰਧੀ ਮੰਗ ਪੱਤਰ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹੀ ਸੌਂਪ ਦਿੱਤਾ ਗਿਆ।

ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਦਾਦੂਯੋਧ ਅਤੇ ਸੂਬਾ ਜਥੇਬੰਦਕ ਸਕੱਤਰ ਸਵਿੰਦਰ ਪਾਲ ਸਿੰਘ ਫਤਿਹਗੜ੍ਹ ਚੂੜੀਆਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਵੱਖ-ਵੱਖ ਖੇਤਰਾਂ ਤੋਂ ਇਕੱਠੇ ਹੋਏ ਕਿਸਾਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਬਾਰਡਰਾਂ ‘ਤੇ ਚੱਲੇ ਕਿਸਾਨ ਮੋਰਚੇ ਦੀ ਸਮਾਪਤੀ ਮੌਕੇ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਸਾਰੀਆਂ ਖੇਤੀ ਫਸਲਾਂ ‘ਤੇ ਘੱਟ ਤੋਂ ਘੱਟ ਸਮਰਥਨ ਮੁੱਖ ਦੇਣ, ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਕਾਤਲਾਂ ਨੂੰ ਸਜਾਵਾਂ ਦੇਣ, ਸਾਰੇ ਕੇਸ ਵਾਪਿਸ ਲੈਣ ਸਮੇਤ ਹੋਰ ਮੰਗਾਂ ਦਾ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਕੇਂਦਰ ਸਰਕਾਰ ਸਾਰੇ ਵਾਅਦਿਆਂ-ਭਰੋਸਿਆਂ ਤੋਂ ਮੁਕਤ ਚੁੱਕੀ ਹੈ।

ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਅਪ੍ਰੇਸ਼ਨ ਬਲਿਊ ਸਟਾਰ ਲਈ ਸਿੱਖ ਜਗਤ ਤੋਂ ਮੁਆਫੀ ਮੰਗੇ, ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਨੂੰ ਤੁਰੰਤ ਰਿਹਾਅ ਕਰੇ, 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾਵਾਂ ਦਿੱਤੀਆਂ ਜਾਣ, ਪੰਜਾਬੀ ਭਾਸ਼ਾ ਨਾਲ ਪੰਜਾਬ ਯੂਨੀਵਰਸਿਟੀ ‘ਚ ਧੱਕੇਸ਼ਾਹੀ ਬੰਦ ਕੀਤੀ ਜਾਵੇ, ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਿਲ ਕੀਤੇ ਜਾਣ, ਪੰਜਾਬ ਦਾ ਪੇਂਡੂ ਵਿਕਾਸ ਫੰਡ ਤੁਰੰਤ ਜਾਰੀ ਕੀਤਾ ਜਾਵੇ, ਫਸਲੀ ਵਪਾਰ ਲਈ ਵਾਹਗਾ ਬਾਰਡਰ ਖੋਲਿਆ ਜਾਵੇ। ਸਮੁੱਚੀਆਂ ਫਸਲਾਂ ‘ਤੇ ਘੱਟ ਤੋਂ ਘੱਟ ਸਮਰਥਨ ਮੁੱਸੀ ਸੀ.ਟੂ ਫਾਰਮੂਲੇ ਦਿੱਤਾ ਜਾਵੇ, ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦਾ ਮਸਲਾ ਰਿਪੇਰਿਅਨ ਕਾਨੂੰਨ ਅਨੁਸਾਰ ਹੱਲ ਕੀਤਾ ਜਾਵੇ, ਮਨਰੇਗਾ ਵਿੱਚ 200 ਦਿਨ ਰੁਜਗਾਰ ਦੀ ਗਰੰਟੀ ਦਿੱਤੀ ਜਾਵੇ।

ਇਸ ਮੌਕੇ ਕੈਪਟਨ ਅਜੀਤ ਸਿੰਘ ਸੈਰੋਵਾਲ, ਪਾਲ ਸਿੰਘ ਚੀਮਾ ਖੁੱਡੀ, ਹਰਜੰਤ ਸਿੰਘ ਪੰਨਵਾਂ, ਦਿਲਬਾਗ ਸਿੰਘ ਕੋਟਲਾ ਬਾਮਾ, ਕੁਲਵਿੰਦਰ ਜੀਤ ਸਿੰਘ ਅਠਵਾਲ, ਜਿਲ੍ਹਾ ਸਕੱਤਰ ਦਿਲਬਾਗ ਸਿੰਘ ਪੱਬਾਂ ਰਾਲੀ, ਕੁਲਵਿੰਦਰ ਕੌਰ ਥੋਬਾ, ਦਲਜੀਤ ਸਿੰਘ ਨਾਗ, ਮਾਸਟਰ ਗੁਰਚਰਨ ਸਿੰਘ ਟਾਹਲੀ ਮੰਗਲ ਨਵਾਂ ਕੋਟ, ਕਸ਼ਮੀਰ ਸਿੰਘ ਗੱਗੋਮਾਹਲ, ਕਰਮ ਸਿੰਘ ਰਾਜਾਸਾਂਸੀ, ਕੁਲਵਿੰਦਰ ਸਿੰਘ ਬਸਰਾਵਾਂ ਅਤੇ ਸੂਬਾ ਪ੍ਰੈੱਸ ਸਕੱਤਰ ਡਾ. ਅਸ਼ੋਕ ਭਾਰਤੀ, ਕਰਮ ਸਿੰਘ ਰਾਜਾਸਾਂਸੀ ਆਦਿ ਵੀ ਹਾਜ਼ਰ ਸਨ ।

Written By
The Punjab Wire