ਮੋਦੀ ਸਰਕਾਰ ਦਾ ਤਾਨਾਸ਼ਾਹੀ ਰਵੱਈਆ ਦੇਸ਼ ਦੇ ਸੰਘੀ ਢਾਂਚੇ ਲਈ ਖਤਰਾ – ਹੇਮੰਤ ਸੋਰੇਨ
ਇਸ ਬਿੱਲ ਰਾਹੀਂ ਕੇਂਦਰ ਸਰਕਾਰ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ‘ਤੇ ਹਮਲਾ ਕਰ ਰਹੀ ਹੈ- ਹੇਮੰਤ ਸੋਰੇਨ।
ਕੇਜਰੀਵਾਲ ਨੇ ਝਾਰਖੰਡ ਦੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ, ਕਿਹਾ- ਹੇਮੰਤ ਸੋਰੇਨ ਨਾਲ ਸਾਡੇ ਭਾਈਆਂ ਵਾਲੇ ਰਿਸ਼ਤੇ ਹਨ, ਅਸੀਂ ਦੋਵੇਂ ਅਕਸਰ ਦੇਸ਼ ਨਾਲ ਜੁੜੇ ਮੁੱਦਿਆਂ ‘ਤੇ ਚਰਚਾ ਕਰਦੇ ਹਾਂ
ਇਹ ਲੜਾਈ ਦਿੱਲੀ ਅਤੇ ਆਮ ਆਦਮੀ ਪਾਰਟੀ ਦੀ ਨਹੀਂ ਹੈ, ਇਹ ਦੇਸ਼ ਦੇ ਲੋਕਤੰਤਰ ਅਤੇ ਸੰਘੀ ਢਾਂਚੇ ਨੂੰ ਬਚਾਉਣ ਦੀ ਲੜਾਈ ਹੈ- CM ਭਗਵੰਤ ਮਾਨ
ਮੋਦੀ ਸਰਕਾਰ ਰਾਜਾਂ ਵਿੱਚ ਚੁਣੇ ਹੋਏ ਲੋਕਾਂ ਦੀ ਬਜਾਏ ਆਪਣੇ ਨਾਮਜ਼ਦ ਲੋਕਾਂ ਰਾਹੀਂ ਰਾਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ – ਮਾਨ
ਚੰਡੀਗੜ੍ਹ/ਰਾਂਚੀ, 2 ਜੂਨ 2023 (ਦੀ ਪੰਜਾਬ ਵਾਇਰ)। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਵੀ ਦਿੱਲੀ ਬਾਰੇ ਕੇਂਦਰ ਸਰਕਾਰ ਦੇ ਵਿਵਾਦਤ ਆਰਡੀਨੈਂਸ ਦਾ ਵਿਰੋਧ ਕੀਤਾ ਹੈ। ਰਾਂਚੀ ‘ਚ ਸ਼ੁੱਕਰਵਾਰ ਨੂੰ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਹੇਮੰਤ ਸੋਰੇਨ ਨੇ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਸਮਰਥਨ ਦੇਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਅਸੀਂ ਅਤੇ ਸਾਡੀ ਪਾਰਟੀ ਕੇਂਦਰ ਦੇ ਇਸ ਆਰਡੀਨੈਂਸ ਦੇ ਬਿਲਕੁਲ ਖਿਲਾਫ ਹਾਂ ਕਿਉਂਕਿ ਇਹ ਆਰਡੀਨੈਂਸ ਦੇਸ਼ ਦੇ ਲੋਕਤੰਤਰਤੇ ਲੋਕਤੰਤਰੀ ਪ੍ਰਬੰਧ ਦੇ ਖਿਲਾਫ ਹੈ।
ਹੇਮੰਤ ਸੋਰੇਨ ਨੇ ਕਿਹਾ ਕਿ ਅੱਜ ਦੇਸ਼ ਦੇ ਸਾਰੇ ਗੈਰ-ਭਾਜਪਾ ਸ਼ਾਸਿਤ ਰਾਜਾਂ ਦਾ ਇਹੀ ਹਾਲ ਹੈ। ਮੋਦੀ ਸਰਕਾਰ ਹਰ ਤਰੀਕੇ ਨਾਲ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਹਮੇਸ਼ਾ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਨੂੰ ਕਿਸੇ ਨਾ ਕਿਸੇ ਬਹਾਨੇ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰਦੀ ਹੈ। ਹੇਮੰਤ ਸੋਰੇਨ ਨੇ ਕਿਹਾ ਕਿ ਅਸੀਂ ਇਸ ਮੁੱਦੇ ‘ਤੇ ਪਾਰਟੀ ‘ਚ ਚਰਚਾ ਕਰਾਂਗੇ ਅਤੇ ਕੇਂਦਰ ਸਰਕਾਰ ਦੇ ਇਸ ਆਰਡੀਨੈਂਸ ਖਿਲਾਫ ਵਿਆਪਕ ਰਣਨੀਤੀ ਤਿਆਰ ਕਰਾਂਗੇ ਕਿ ਇਸ ਬਿੱਲ ਨੂੰ ਸੰਸਦ ‘ਚ ਰੋਕ ਕੇ ਦੇਸ਼ ਦੇ ਲੋਕਤੰਤਰ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ।
ਸ਼ੁੱਕਰਵਾਰ ਨੂੰ ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਰਾਘਵ ਚੱਢਾ ਅਤੇ ਦਿੱਲੀ ਦੇ ਸਿੱਖਿਆ ਮੰਤਰੀ ਆਤਿਸ਼ੀ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਮਿਲਣ ਰਾਂਚੀ ਪਹੁੰਚੇ ਸਨ।
ਕੇਜਰੀਵਾਲ ਨੇ ਝਾਰਖੰਡ ਦੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ, ਕਿਹਾ- ਹੇਮੰਤ ਸੋਰੇਨ ਨਾਲ ਸਾਡੇ ਭਾਈਆਂ ਵਾਲੇ ਰਿਸ਼ਤੇ ਹਨ, ਅਸੀਂ ਦੋਵੇਂ ਅਕਸਰ ਦੇਸ਼ ਨਾਲ ਜੁੜੇ ਮੁੱਦਿਆਂ ‘ਤੇ ਚਰਚਾ ਕਰਦੇ ਹਾਂ
ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਮੀਡੀਆ ਸਾਹਮਣੇ ਝਾਰਖੰਡ ਦੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੇਮੰਤ ਸੋਰੇਨ ਨਾਲ ਉਨ੍ਹਾਂ ਦਾ ਭਰਾਵਾਂ ਵਾਲਾ ਰਿਸ਼ਤਾ ਹੈ। ਅਸੀਂ ਦੋਵੇਂ ਅਕਸਰ ਦੇਸ਼ ਨਾਲ ਜੁੜੇ ਮੁੱਦਿਆਂ ‘ਤੇ ਚਰਚਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਸਾਡੀ ਸਰਕਾਰ ਬਣਨ ਤੋਂ ਕੁਝ ਦਿਨ ਬਾਅਦ ਹੀ ਮੋਦੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਦਿੱਲੀ ਸਰਕਾਰ ਦੇ ਅਧਿਕਾਰੀਆਂ ਦੇ ਤਬਾਦਲੇ ਦੇ ਅਧਿਕਾਰ ਸਾਡੇ ਤੋਂ ਖੋਹ ਲਏ।
ਫਿਰ ਦਿੱਲੀ ਦੇ ਲੋਕਾਂ ਨਾਲ ਮਿਲ ਕੇ ਅਸੀਂ ਇਸ ਨੋਟੀਫਿਕੇਸ਼ਨ ਵਿਰੁੱਧ ਅੱਠ ਸਾਲ ਲੰਬੀ ਲੜਾਈ ਲੜੀ, ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਦਿੱਲੀ ਦੇ ਹੱਕ ਵਿਚ ਫੈਸਲਾ ਸੁਣਾਉਂਦਿਆਂ ਕਿਹਾ ਕਿ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ ਦਾ ਅਧਿਕਾਰ ਦਿੱਲੀ ਦੀ ਚੁਣੀ ਹੋਈ ਸਰਕਾਰ ਕੋਲ ਹੋਣਾ ਚਾਹੀਦਾ ਹੈ। ਪਰ ਇਹ ਗੱਲ ਪ੍ਰਧਾਨ ਮੰਤਰੀ ਮੋਦੀ ਨੂੰ ਹਜ਼ਮ ਨਹੀਂ ਹੋ ਸਕੀ। ਫਿਰ ਉਸ ਨੇ ਤਾਨਾਸ਼ਾਹੀ ਢੰਗ ਨਾਲ ਸੁਪਰੀਮ ਕੋਰਟ ਦੇ ਫੈਸਲੇ ਵਿਰੁੱਧ ਆਰਡੀਨੈਂਸ ਲਿਆ ਕੇ ਦਿੱਲੀ ਸਰਕਾਰ ਦਾ ਅਧਿਕਾਰ ਖੋਹ ਲਿਆ।
ਕੇਜਰੀਵਾਲ ਨੇ ਕਿਹਾ ਕਿ ਜੇਕਰ ਰਾਜ ਸਭਾ ‘ਚ ਸਾਰੀਆਂ ਵਿਰੋਧੀ ਪਾਰਟੀਆਂ ਇਕਜੁੱਟ ਹੋ ਜਾਂਦੀਆਂ ਹਨ ਤਾਂ ਇਹ ਬਿੱਲ ਪਾਸ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਭਰ ਵਿਚ ਜਾ ਕੇ ਸਾਰੀਆਂ ਪਾਰਟੀਆਂ ਤੋਂ ਸਮਰਥਨ ਮੰਗ ਰਹੇ ਹਾਂ ਕਿਉਂਕਿ ਇਹ ਬਿੱਲ ਦੇਸ਼ ਦੇ ਲੋਕਤੰਤਰ ਅਤੇ ਦੇਸ਼ ਦੀ ਸੰਘੀ ਪ੍ਰਣਾਲੀ ਦੇ ਖਿਲਾਫ ਹੈ। ਸਾਰੀਆਂ ਪਾਰਟੀਆਂ ਨੂੰ ਆਪਣੇ ਨਿੱਜੀ ਹਿੱਤਾਂ ਅਤੇ ਵਿਚਾਰਾਂ ਤੋਂ ਉੱਪਰ ਉੱਠ ਕੇ ਸੰਸਦ ਵਿੱਚ ਇਸ ਬਿੱਲ ਦਾ ਵਿਰੋਧ ਕਰਨਾ ਚਾਹੀਦਾ ਹੈ।
ਮੋਦੀ ਸਰਕਾਰ ਰਾਜਾਂ ਵਿੱਚ ਚੁਣੇ ਹੋਏ ਲੋਕਾਂ ਦੀ ਬਜਾਏ ਆਪਣੇ ਨਾਮਜ਼ਦ ਲੋਕਾਂ ਰਾਹੀਂ ਰਾਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ – ਮਾਨ
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਦੀ ਸਰਕਾਰ ਵੱਲੋਂ ਲਏ ਜਾ ਰਹੇ ਤਾਨਾਸ਼ਾਹੀ ਫੈਸਲਿਆਂ ‘ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਦੇ ਤਗਮੇ ਜਿੱਤਣ ਵਾਲੇ ਖਿਡਾਰੀ ਪਿਛਲੇ ਸਮੇਂ ‘ਚ ਆਪਣੇ ਤਗਮੇ ਗੰਗਾ ‘ਚ ਵਹਾ ਰਹੇ ਹਨ | ਜੇਕਰ ਅਸੀਂ ਹੁਣ ਵੀ ਨਾ ਸਮਝੇ ਤਾਂ ਆਉਣ ਵਾਲੇ ਸਮੇਂ ਵਿੱਚ ਦੇਸ਼ ਦੇ ਲੋਕਤੰਤਰ ਦੀਆਂ ਹੱਡੀਆਂ ਨੂੰ ਗੰਗਾ ਵਿੱਚ ਵਹਾ ਦੇਣਾ ਪਵੇਗਾ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਭਾਜਪਾ ਜਿਨ੍ਹਾਂ ਸੂਬਿਆਂ ਵਿੱਚ ਚੋਣਾਂ ਹਾਰਦੀ ਹੈ, ਉੱਥੇ ਉਪ ਚੋਣਾਂ ਕਰਵਾ ਕੇ ਜਿੱਤਦੀ ਹੈ। ਚੋਣ ਹਾਰਨ ਤੋਂ ਬਾਅਦ ਉਹ ਵੱਡੀ ਗਿਣਤੀ ਵਿਚ ਵਿਧਾਇਕਾਂ ਦੀ ਖਰੀਦੋ-ਫਰੋਖਤ ਕਰਕੇ ਆਪਣੀ ਸਰਕਾਰ ਬਣਾਉਂਦੀ ਹੈ, ਫਿਰ ਉਨ੍ਹਾਂ ਵਿਧਾਇਕਾਂ ਦੀਆਂ ਸੀਟਾਂ ‘ਤੇ ਉਪ ਚੋਣਾਂ ਕਰਵਾਕੇ ਜਿੱਤਦੀ ਹੈ।
ਮਾਨ ਨੇ ਕਿਹਾ ਕਿ ਇਹ ਲੜਾਈ ਦਿੱਲੀ ਅਤੇ ਆਮ ਆਦਮੀ ਪਾਰਟੀ ਵਿਚਾਲੇ ਨਹੀਂ ਹੈ। ਇਹ ਦੇਸ਼ ਦੇ ਲੋਕਤੰਤਰ ਅਤੇ ਸੰਘੀ ਢਾਂਚੇ ਨੂੰ ਬਚਾਉਣ ਦੀ ਲੜਾਈ ਹੈ। ਅੱਜ ਮੋਦੀ ਸਰਕਾਰ ਚੁਣੇ ਹੋਏ ਲੋਕਾਂ ਦੀ ਬਜਾਏ ਆਪਣੇ ਨੁਮਾਇੰਦਿਆਂ ਰਾਹੀਂ ਰਾਜਾਂ ‘ਤੇ ਰਾਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਬਹੁਤ ਹੰਕਾਰੀ ਹੋ ਗਏ ਹਨ। ਪਰ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਲੋਕਤੰਤਰ ਵਿੱਚ ਜਨਤਾ ਹੀ ਮਾਲਕ ਹੁੰਦੀ ਹੈ। ਜਨਤਾ ਜਦੋਂ ਚਾਹੇਗੀ ਤੁਹਾਨੂੰ ਅਰਸ਼ ਤੋਂ ਫਰਸ਼ ‘ਤੇ ਲੈ ਆਵੇਗੀ।