Close

Recent Posts

ਗੁਰਦਾਸਪੁਰ

ਰਸਾਇਣਕ ਖੇਤੀ ਨੂੰ ਜੈਵਿਕ ਖੇਤੀ ਵਿੱਚ ਬਦਲਣ ਵਾਸਤੇ ਲੱਗਦੇ ਹਨ ਤਿੰਨ ਸਾਲ – ਕਿਸਾਨ ਗੁਰਮੁੱਖ ਸਿੰਘ

ਰਸਾਇਣਕ ਖੇਤੀ ਨੂੰ ਜੈਵਿਕ ਖੇਤੀ ਵਿੱਚ ਬਦਲਣ ਵਾਸਤੇ ਲੱਗਦੇ ਹਨ ਤਿੰਨ ਸਾਲ – ਕਿਸਾਨ ਗੁਰਮੁੱਖ ਸਿੰਘ
  • PublishedMay 25, 2023

ਜੈਵਿਕ ਖੇਤੀ ਦੀ ਉਪਜ ਦੀ ਬਜ਼ਾਰ ਵਿੱਚ ਵੱਧ ਰਹੀ ਹੈ ਮੰਗ

ਗੁਰਦਾਸਪੁਰ, 25 ਮਈ 2023 (ਦੀ ਪੰਜਾਬ ਵਾਇਰ)। ਬਿਨਾ ਰਸਾਇਣਕ ਖਾਦਾਂ ਦੇ ਜੈਵਿਕ ਖੇਤੀ ਕਰਕੇ ਜ਼ਹਿਰਾਂ ਰਹਿਤ ਫਸਲਾਂ ਦੀ ਪੈਦਾਵਾਰ ਕੀਤੀ ਜਾ ਸਕਦੀ ਹੈ ਜੋ ਕਿ ਮਨੁੱਖੀ ਸਿਹਤ ਲਈ ਬਹੁਤ ਫਾਇਦੇਮੰਦ ਹੈ। ਜੈਵਿਕ ਖੇਤੀ ਦੀ ਉਪਜ ਦਾ ਬਜ਼ਾਰ ਵਿੱਚ ਦੁਗਣੇ ਤੋਂ ਵੱਧ ਮੁੱਲ ਮਿਲ ਜਾਂਦਾ ਹੈ ਅਤੇ ਬਜ਼ਾਰ ਵਿੱਚ ਇਸ ਦੀ ਮੰਗ ਵਿੱਚ ਭਾਰੀ ਵਾਧਾ ਹੋ ਰਿਹਾ ਹੈ, ਜਿਸ ਕਾਰਨ ਕਿਸਾਨ ਇਸ ਖੇਤੀ ਵੱਲ ਆ ਰਹੇ ਹਨ।

ਜੈਵਿਕ ਖੇਤੀ ਸਬੰਧੀ ਇਹ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰੰਗੀਲਪੁਰ ਦੇ ਅਗਾਂਹਵਧੂ ਕਿਸਾਨ ਗੁਰਮੁੱਖ ਸਿੰਘ ਜੋ ਕਿ ਖੁਦ ਵੀ ਜੈਵਿਕ ਖੇਤੀ ਕਰਦੇ ਹਨ ਨੇ ਦੱਸਿਆ ਕਿ ਜੈਵਿਕ ਖੇਤੀ ਵਿੱਚ ਬਿਨਾਂ ਰਸਾਇਣਕ ਖਾਦਾਂ ਅਤੇ ਖੇਤੀ ਰਸਾਇਣਾਂ ਦੇ ਫ਼ਸਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਰਸਾਇਣਕ ਖੇਤੀ ਨੂੰ ਜੈਵਿਕ ਵਿੱਚ ਬਦਲਣ ਵਾਸਤੇ ਤਿੰਨ ਸਾਲ ਲੱਗਦੇੇ ਹਨ। ਉਨਾਂ ਦੱਸਿਆ ਕਿ ਜੈਵਿਕ ਖੇਤਾਂ ਦੇ ਦੁਆਲੇ ਬਫ਼ਰ ਥਾਂ ਦੀ ਲੋੜ ਹੁੰਦੀ ਹੈ ਤਾਂ ਕਿ ਰਸਾਇਣਿਕ ਖੇਤਾਂ ਤੋਂ ਕਿਸੇ ਕਿਸਮ ਦਾ ਕੋਈ ਰਸਾਇਣ ਜੈਵਿਕ ਖੇਤ ਵਿੱਚ ਨਾ ਆਵੇ। ਉਨ੍ਹਾਂ ਕਿਹਾ ਕਿ ਜੈਵਿਕ ਖੇਤੀ ਵਿੱਚ ਫ਼ਸਲਾਂ ਦੀ ਰਹਿੰਦ-ਖੁਹੰਦ ਨੂੰ ਅੱਗ ਲਾ ਕੇ ਸਾੜਣ ਦੀ ਬਿਲਕੁਲ ਮਨਾਹੀ ਹੈ।

ਕਿਸਾਨ ਗੁਰਮੁੱਖ ਸਿੰਘ ਨੇ ਦੱਸਿਆ ਕਿ ਜੈਵਿਕ ਖੇਤੀ ਕਰਦੇ ਸਮੇਂ ਬੀਜ ਨੂੰ ਕਿਸੇ ਵੀ ਰਸਾਇਣ ਨਾਲ ਨਹੀਂ ਸੋਧਿਆ ਜਾਂਦਾ। ਜੈਨੇਟਿਕਲੀ ਬਦਲੀਆਂ ਹੋਈਆਂ ਫ਼ਸਲਾਂ ਜਿਵੇਂ ਕਿ ਬੀ.ਟੀ. ਕਿਸਮਾਂ ਦੀ ਮਨਾਹੀ ਹੈ। ਬੀਜ ਜੈਵਿਕ ਫ਼ਸਲ ਵਿੱਚੋਂ ਹੀ ਹੋਣਾ ਚਾਹੀਦਾ ਹੈ। ਰਸਾਇਣਕ ਖਾਦਾਂ ਦੇ ਬਦਲ ਵਜੋਂ ਫ਼ਲੀਦਾਰ ਫ਼ਸਲ ਅਧਾਰਿਤ ਫ਼ਸਲੀ ਚੱਕਰ, ਫ਼ਸਲਾਂ ਦੀ ਰਹਿੰਦ-ਖੂੰਹਦ, ਹਰੀ ਖਾਦ, ਰੂੜੀ ਦੀ ਖਾਦ, ਗੰਡੋਆ ਖਾਦ, ਕੰਪੋਸਟ, ਜੀਵਾਣੂੰ ਖਾਦਾਂ, ਨਾ ਖਾਣ ਯੋਗ ਖ਼ਲਾਂ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ। ਰੂੜੀ ਦੀ ਖਾਦ ਜੈਵਿਕ ਖੇਤ ਦੀ ਹੀ ਹੋਣੀ ਚਾਹੀਦੀ ਹੈ।

ਉਨ੍ਹਾਂ ਦੱਸਿਆ ਕਿ ਨਦੀਨਾਂ ਦੀ ਰੋਕਥਾਮ ਫ਼ਸਲਾਂ ਦੀ ਅਦਲਾ ਬਦਲੀ ਜਾਂ ਫ਼ਸਲ ਪੈਦਾ ਕਰਨ ਦੇ ਕਾਸ਼ਤਕਾਰੀ ਢੰਗਾਂ ਵਿੱਚ ਹੇਰ-ਫ਼ੇਰ ਅਤੇ ਗੋਡੀ ਨਾਲ ਕੀਤੀ ਜਾਂਦੀ ਹੈ। ਫ਼ਸਲਾਂ ਦੇ ਕੀੜਿਆਂ ਦੀ ਰੋਕਥਾਮ ਲਈ ਖੇਤ ਪ੍ਰਬੰਧ ਵਿੱਚ ਬਦਲਾਅ ਕਰਕੇ ਮਿੱਤਰ ਕੀੜਿਆਂ ਅਤੇ ਪੰਛੀਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਂਦਾ ਹੈ। ਨਿੰਮ ਦੀਆਂ ਨਮੋਲੀਆਂ ਦੇ ਅਰਕ ਜਾਂ ਜੈਵਿਕ ਕੀਟਨਾਸ਼ਕਾਂ (ਬੀ.ਟੀ, ਐਨ.ਪੀ.ਵੀ, ਟਰਾਈਕੋਗ੍ਰਾਮਾ ਆਦਿ) ਦੀ ਵਰਤੋਂ ਕੀਤੀ ਜਾ ਸਕਦੀ ਹੈ।

ਕਿਸਾਨ ਗੁਰਮੁੱਖ ਸਿੰਘ ਨੇ ਦੱਸਿਆ ਕਿ ਬਿਮਾਰੀਆਂ ਦੀ ਰੋਕਥਾਮ ਲਈ ਟਰਾਈਕੋਡਰਮਾ ਅਤੇ ਪੀ.ਐਸ.ਐਫ ਆਦਿ ਉੱਲੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਤ ਪਾਣੀ ਜਿਵੇਂ ਕਿ ਸੀਵਰੇਜ਼ ਦੇ ਪਾਣੀ ਆਦਿ ਨਾਲ ਖੇਤ ਦੀ ਸਿੰਚਾਈ ਨਹੀਂ ਕਰਨੀ ਚਾਹੀਦੀ। ਉਨਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਫਸਲ ਦਾ ਕੁਝ ਰਕਬਾ ਜੈਵਿਕ ਖੇਤੀ ਦੇ ਅਧੀਨ ਜਰੂਰ ਲਿਆਉਣਾ ਚਾਹੀਦਾ ਹੈ ਅਤੇ ਤਜ਼ਰਬੇ ਦੀ ਸਫਲਤਾ ਤੋਂ ਬਾਅਦ ਹੌਲੀ-ਹੌਲੀ ਬਾਕੀ ਰਕਬੇ ਵਿੱਚ ਵੀ ਜ਼ਹਿਰਾਂ ਰਹਿਤ ਜੈਵਿਕ ਖੇਤੀ ਕਰਨੀ ਚਾਹੀਦੀ ਹੈ।    

Written By
The Punjab Wire