ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਪੁਲਿਸ ਮੁਲਾਜ਼ਮਾਂ ਦੀ ਤਿਆਰੀ ਦੀ ਜਾਂਚ ਕਰਨ ਲਈ ਮੌਕ ਡਰਿੱਲ ਅਭਿਆਸ ਕਰਵਾਏ ਗਏ: ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ
ਚੰਡੀਗੜ੍ਹ, 22 ਮਈ 2023 (ਦੀ ਪੰਜਾਬ ਵਾਇਰ)। ਪੰਜਾਬ ਪੁਲਿਸ ਨੇ ਅੱਜ ਕਿਸੇ ਵੀ ਕਿਸਮ ਦੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਪੁਲਿਸ ਮੁਲਾਜ਼ਮਾਂ ਦੀ ਤਿਆਰੀ ਅਤੇ ਚੌਕਸੀ ਨੂੰ ਵੇਖਣ ਲਈ ਸੂਬੇ ਭਰ ਵਿੱਚ ਰਾਈਟ ਕੰਟਰੋਲ ਲਈ ਮੌਕ ਡਰਿੱਲ ਅਭਿਆਸ ਕੀਤੇ।
ਇਹ ਅਭਿਆਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਦੇ ਨਿਰਦੇਸ਼ਾਂ ‘ਤੇ ਕਰਵਾਏ ਗਏ।
ਵਿਸ਼ੇਸ਼ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਹ ਮੌਕ ਡਰਿੱਲ ਅਭਿਆਸ ਸੂਬੇ ਭਰ ਦੇ 28 ਪੁਲਿਸ ਜ਼ਿਲ੍ਹਿਆਂ ਦੀਆਂ ਸਾਰੀਆਂ ਪੁਲਿਸ ਲਾਈਨਾਂ ਵਿਖੇ ਸੀਪੀਜ਼/ਐਸਐਸਪੀਜ਼ ਦੀ ਨਿਗਰਾਨੀ ਹੇਠ ਕਰਵਾਏ ਗਏ। ਉਨ੍ਹਾਂ ਸੀਪੀਜ਼/ਐਸਐਸਪੀਜ਼ ਨੂੰ ਵੀ ਮੌਕ ਡਰਿੱਲ ਅਭਿਆਸ ਦੌਰਾਨ ਆਪਣੀ ਨਿਗਰਾਨੀ ਹੇਠ ਵਜਰਾ ਅਤੇ ਵਾਟਰ ਕੈਨਨਸ ਦੀ ਟੈਸਟਿੰਗ ਅਭਿਆਸ ਕਰਨ ਲਈ ਕਿਹਾ ਸੀ।
ਉਨ੍ਹਾਂ ਕਿਹਾ ਕਿ ਮੌਕ ਡਰਿੱਲ ਦੌਰਾਨ ਲੋਕਾਂ ਨੂੰ ਪ੍ਰਦਰਸ਼ਨਕਾਰੀਆਂ ਅਤੇ ਦੰਗਾਕਾਰੀਆਂ ਵਜੋਂ ਭੂਮਿਕਾ ਨਿਭਾਉਣ ਲਈ ਬੁਲਾਇਆ ਗਿਆ ਅਤੇ ਪੁਲਿਸ ਮੁਲਾਜ਼ਮਾਂ ਨੇ ਭੀੜ ਨੂੰ ਕਾਬੂ ਕਰਨ ਲਈ ਆਪਣੇ ਪੇਸ਼ੇਵਰ ਹੁਨਰ ਦਾ ਪ੍ਰਦਰਸ਼ਨ ਕੀਤਾ।
ਸਪੈਸ਼ਲ ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਵਿਚ ਅਮਨ ਅਤੇ ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।