ਮ੍ਰਿਤਕਾ ਦੀ ਮਾਤਾ ਵੱਲੋਂ ਕਾਂਗਰਸੀ ਵਿਧਾਇਕ ਪਾਹੜਾ ਦੇ ਪਿਤਾ ਤੇ ਸ਼ਹਿ ਦੇਣ ਦਾ ਲਗਾਇਆ ਦੋਸ਼
ਗੁਰਦਾਸਪੁਰ, 09 ਮਈ 2023 (ਦੀ ਪੰਜਾਬ ਵਾਇਰ)। ਬੀਤੇ ਦਿਨੀ ਪਿੰਡ ਪਾਹੜਾ ਵਿੱਚ 25 ਸਾਲਾਂ ਨੌਜਵਾਨ ਸ਼ੁਭਮ ਦੀ ਖੇਤਾਂ ਵਿੱਚ ਲਾਸ਼ ਦੇ ਮਾਮਲੇ ਵਿੱਚ ਥਾਣਾ ਤਿੱਬੜ ਦੀ ਪੁਲਿਸ ਵੱਲੋਂ ਕਤਲ ਦਾ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਇਹ ਮਾਮਲਾ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਕੁੱਲ ਛੇ ਖਿਲਾਫ਼ ਦਰਜ਼ ਕੀਤਾ ਗਿਆ ਹੈ। ਸ਼ਿਕਾਇਤਕਰਤਾ ਵੱਲੋਂ ਦੋਸ਼ੀਆ ਵਿੱਚ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਿਤਾ ਗੁਰਮੀਤ ਸਿੰਘ ਪਾਹੜਾ ਦਾ ਨਾਮ ਵੀ ਸ਼ਾਮਿਲ ਕਰਵਾਇਆ ਗਿਆ ਹੈ। ਜਿਨ੍ਹਾਂ ਤੇ ਸ਼ਹਿ ਦੇਣ ਦੇ ਦੋਸ਼ ਲਗਾਏ ਗਏ ਹਨ। ਦੱਸਣਯੋਗ ਹੈ ਕਿ ਪੁਲਿਸ ਵੱਲੋਂ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮ੍ਰਿਤਕ ਦੇ ਲਾਸ਼ ਦਾ ਪੋਸਟਮਾਰਟਮ ਕਰ ਰਿਪੋਰਟਾਂ ਲਈ ਭੇੋਜ ਦਿੱਤਾ ਗਿਆ ਹੈ।
ਇਸ ਸਬੰਧੀ ਥਾਣਾ ਤਿੱਬੜ ਵਿੱਚ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਵੀਨਾ ਪੱਤਨੀ ਸੁਭਾਸ਼ ਵਾਸੀ ਬਾਜੀਗਰ ਕਾਲੋਨੀ ਪਿੰਡ ਪਾਹੜਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਘਰੇਲੂ ਕੰਮ ਕਰਦੀ ਹੈ ਅਤੇ ਉਸ ਦੇ ਚਾਰ ਬੱਚੇ ਹਨ। ਉਸ ਦਾ ਸੱਭ ਤੋਂ ਛੋਟਾ ਲੜਕਾ ਸ਼ੁਭਮ ਉਰਫ਼ ਮੋਟੂ ਹੈ ਜੋ ਲੱਕੜ ਦਾ ਕੰਮ ਕਰਦਾ ਸੀ। 7 ਮਈ 2023 ਨੂੰ ਉਹ ਆਪਣੇ ਲੜਕੇ ਸ਼ੁਭਮ ਨਾਲ ਮੌਜੂਦ ਸੀ ਕਿ ਵਕਤ 8 ਵਜ਼ੇ ਸ਼ਾਮ ਨੂੰ ਉਸਦੇ ਪਿੰਡ ਦਾ ਬੌਬੀ ਪੁੱਤਰ ਸ਼ਿੰਦਾ ਰਾਮ ਉਰਫ਼ ਗੱਬਰ ਉਸਦੇ ਘਰ ਆਇਆ ਅਤੇ ਆਪਣੇ ਨਾਲ ਲੈ ਗਿਆ। ਜੱਦ ਰਾਤ ਸ਼ੁਭਮ ਘਰ ਨਾ ਆਇਆ ਤਾਂ ਉਸ ਨੇ ਕਈ ਵਾਰ ਆਪਣੇ ਫੋਨ ਤੋਂ ਉਸ ਨੂੰ ਫੋਨ ਕੀਤਾ ਪਰ ਸ਼ੁਭਮ ਨੇ ਫੋਨ ਨਹੀਂ ਚੁੱਕਿਆ। ਅੰਤ ਧੱਕ ਹਾਰ ਕੇ ਉਹ ਸੌਂ ਗਈ ਅਤੇ ਅਗਲੇ ਦਿੰਨ ਸਵੇਰੇ 6.30 ਵਜੇ ਉਸਦੇ ਪਿੰਡ ਦੇ ਪੀਟਰ ਤੇ ਉਸਦਾ ਲੜਕਾ ਅਮਨ ਉਸਦੇ ਘਰ ਆਏ ਅਤੇ ਕਹਿਣ ਲੱਗੇ ਕਿ ਸ਼ੁਭਮ ਦੀ ਲਾਸ਼ ਅਮਨਦੀਪ ਸਿੰਘ ਪੁੱਤਰ ਤਰਜਿੰਦਰ ਸਿੰਘ ਦੇ ਖੇਤ ਵਿੱਚ ਪਈ ਹੈ ਤਾਂ ਉਹ ਸਮੇਤ ਅਸ਼ੋਕ ਕੁਮਾਰ ਜੋਗਿੰਦਪਾਲ ਤੇ ਮੰਗਤ ਰਾਮ ਸਮੇਤ ਕਰੀਬ ਸੱਤ ਵਜੇ ਖੇਤਾਂ ਵਿੱਚ ਪੁੱਜੀ ਤਾਂ ਦੇਖਿਆ ਕਿ ਉਸਦੇ ਲੜਕੇ ਦੀ ਲਾਸ਼ ਪਈ ਸੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਪੁੱਤਰ ਦੇ ਪਿੰਡ ਦੀ ਇੱਕ ਵਿਆਹੁਤਾ ਨਾਲ ਸਨ। ਜਿਸ ਰੰਜਿਸ਼ ਵਿੱਚ ਸ਼ੁਭਮ ਨੂੰ ਰਾਜੂ ਪੁੱਤਰ ਹਜਾਰਾ ਲਾਲ, ਕੁਲਵਿੰਦਰ ਪਤਨੀ ਰਾਜੂ , ਲਾਵਾ ਪੁੱਤਰ ਹਜਾਰਾ ਲਾਲ, ਬੋਬੀ ਪੁੱਤਰ ਸ਼ਿੰਦਾ ਪੁੱਤਰ ਬਚਨ ਲਾਲ ਵਾਸੀ ਪਾਹੜਾ ਨੇ ਉਸਦੇ ਲੜਕੇ ਨਾਲ ਕੁੱਟ ਮਾਰ ਕਰਕੇ ਜਾਨੋ ਮਾਰ ਦਿੱਤਾ। ਸਿਕਾਇਤਕਰਤਾ ਨੇ ਦੱਸਿਆ ਕਿ ਇਸ ਵਿੱਚ ਗੁਰਮੀਤ ਸਿੰਘ ਪੁੱਤਰ ਕਰਤਾਰ ਸਿੰਘ ਦੀ ਸ਼ਹਿ ਹੈ ਜੋ ਪਹਿਲ੍ਹਾ ਵੀ ਮੇਰੇ ਲੜਕੇ ਨੂੰ ਮਾਰ ਦੇਣ ਦੀਆ ਧਮਕੀਆ ਦਿੰਦੇ ਸਨ।
ਉੱਧਰ ਇਸ ਸਬੰਧੀ ਤਫ਼ਤੀਸ਼ੀ ਅਫ਼ਸਰ ਅਮਨਦੀਪ ਕੌਰ ਨੇ ਦੱਸਿਆ ਕਿ ਇਸ ਸਬੰਧੀ ਸਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਉੱਕਤ ਛੇ ਦੇ ਖਿਲਾਫ਼ ਧਾਰਾ 302,148,149 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਸਬੰਧੀ ਢੂੰਗਾਈ ਨਾਲ ਜਾਂਚ ਅਰੰਭ ਦਿੱਤੀ ਗਈ ਹੈ।