Close

Recent Posts

ਪੰਜਾਬ ਮੁੱਖ ਖ਼ਬਰ

ਡੀਸੀ ਦੀ ਪਤਨੀ ਖਿਲਾਫ ਮਾਮਲਾ ਦਰਜ: ਵਿਜੀਲੈਂਸ ਕਰ ਰਹੀ ਭਾਲ, ਜਾਲਸਾਜ਼ੀ ਕਰਕੇ ਸਰਕਾਰ ਤੋਂ 1.17 ਕਰੋੜ ਦਾ ਮੁਆਵਜ਼ਾ ਲੈਣ ਦੇ ਦੋਸ਼, ਮਾਮਲਾ ਦਰਜ

ਡੀਸੀ ਦੀ ਪਤਨੀ ਖਿਲਾਫ ਮਾਮਲਾ ਦਰਜ: ਵਿਜੀਲੈਂਸ ਕਰ ਰਹੀ ਭਾਲ, ਜਾਲਸਾਜ਼ੀ ਕਰਕੇ ਸਰਕਾਰ ਤੋਂ 1.17 ਕਰੋੜ ਦਾ ਮੁਆਵਜ਼ਾ ਲੈਣ ਦੇ ਦੋਸ਼, ਮਾਮਲਾ ਦਰਜ
  • PublishedMay 6, 2023

ਚੰਡੀਗੜ੍ਹ, 6 ਮਈ 2023 (ਦੀ ਪੰਜਾਬ ਵਾਇਰ) ਵਿਜੀਲੈਂਸ ਨੇ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਡੀਸੀ ਰਾਜੇਸ਼ ਧੀਮਾਨ ਦੀ ਪਤਨੀ ਜੈਸਮੀਨ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਉਸ ‘ਤੇ ਜਾਅਲਸਾਜ਼ੀ ਕਰਕੇ ਸਰਕਾਰ ਤੋਂ 1.17 ਕਰੋੜ 56 ਲੱਖ ਰੁਪਏ ਦਾ ਮੁਆਵਜ਼ਾ ਲੈਣ ਦੇ ਗੰਭੀਰ ਦੋਸ਼ ਹਨ। ਵਿਜੀਲੈਂਸ ਨੇ ਜੈਸਮੀਨ ਨੂੰ ਨਾਮਜ਼ਦ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਟੀਮਾਂ ਦਾ ਗਠਨ ਕੀਤਾ ਹੈ। ਮਾਮਲੇ ‘ਚ ਕਈ ਹੋੋਰ ਲੋਕ ਦੋਸ਼ੀ ਹਨ, ਜਿਨ੍ਹਾਂ ‘ਚੋਂ ਕੁਝ ਗਿਰਫ਼ਤਾਰ ਹੋ ਚੁੱਕੇ ਹਨ ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਜਾਅਲਸਾਜ਼ੀ ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਭਾਵ ਗਮਾਡਾ ਵਿੱਚ ਤਾਇਨਾਤੀ ਦੌਰਾਨ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਬਾਕਰਪੁਰ ਵਿਖੇ ਜੈਸਮੀਨ ਦੇ ਨਾਂ ‘ਤੇ 2 ਏਕੜ ਜ਼ਮੀਨ ਦਿਖਾਈ ਗਈ ਸੀ ਅਤੇ 2016 ਤੋਂ 2020 ਦਰਮਿਆਨ ਗਮਾਡਾ ਨੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਜ਼ਮੀਨ ਐਕਵਾਇਰ ਕੀਤੀ ਸੀ।

ਗਮਾਡਾ ਦੇ ਅਧਿਕਾਰੀਆਂ ਨੂੰ ਪਤਾ ਸੀ ਕਿ ਕਦੋਂ ਅਤੇ ਕਿਹੜੀ ਜ਼ਮੀਨ ਐਕੁਆਇਰ ਕੀਤੀ ਜਾਣੀ ਹੈ। ਅਜਿਹੇ ‘ਚ ਪਹਿਲਾਂ ਪਤਨੀਆਂ ਦੇ ਨਾਂ ‘ਤੇ ਜ਼ਮੀਨ ਖਰੀਦੀ ਗਈ ਅਤੇ ਉਥੇ ਰਿਕਾਰਡ ‘ਚ ਅਮਰੂਦ ਦੇ ਬਾਗ ਦਿਖਾਏ ਗਏ। ਜਿਸ ਸਮੇਂ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਹੋਈ, ਉਸ ਸਮੇਂ ਰਾਜੇਸ਼ ਧੀਮਾਨ ਗਮਾਡਾ ਵਿੱਚ ਉੱਚ ਅਹੁਦੇ ’ਤੇ ਤਾਇਨਾਤ ਸੀ। ਦੱਸਿਆ ਜਾ ਰਿਹਾ ਹੈ ਕਿ ਅਮਰੂਦ ਦਾ ਪਲਾਂਟ ਜਲਦੀ ਤਿਆਰ ਹੋ ਜਾਂਦਾ ਹੈ, ਅਜਿਹੇ ‘ਚ ਫਰਜ਼ੀ ਤਰੀਕੇ ਨਾਲ 20 ਸਾਲ ਦਾ ਕਰੋੜਾਂ ਦਾ ਮੁਆਵਜ਼ਾ ਲਿਆ ਗਿਆ।

ਐਫਆਈਆਰ ਮੁਤਾਬਕ ਰਾਜੇਸ਼ ਧੀਮਾਨ ਦੀ ਪਤਨੀ ਜੈਸਮੀਨ ਦੇ ਨਾਂ ‘ਤੇ 1.17 ਕਰੋੜ ਰੁਪਏ ਦਾ ਮੁਆਵਜ਼ਾ ਲਿਆ ਗਿਆ ਸੀ। ਜਾਅਲੀ ਮੁਆਵਜ਼ਾ ਲੈਣ ਵਾਲਿਆਂ ਵਿੱਚ ਸੀਏ, ਪ੍ਰਾਪਰਟੀ ਡੀਲਰ, ਗਮਾਡਾ ਅਧਿਕਾਰੀ ਆਦਿ ਸ਼ਾਮਲ ਹਨ। ਵਿਜੀਲੈਂਸ ਨੇ ਮੁਲਜ਼ਮਾਂ ਨੂੰ ਫੜਨ ਲਈ 6 ਟੀਮਾਂ ਦਾ ਗਠਨ ਕੀਤਾ ਹੈ। ਟੀਮਾਂ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਵੀ ਸ਼ੁਰੂ ਕਰ ਦਿੱਤੀ ਹੈ। 6 ਦੇ ਕਰੀਬ ਮੁਲਜ਼ਮ ਵੀ ਵਿਜੀਲੈਂਸ ਦੀ ਹਿਰਾਸਤ ਵਿੱਚ ਹਨ।

Written By
The Punjab Wire