ਗੁਰਦਾਸਪੁਰ ਪੰਜਾਬ ਮੁੱਖ ਖ਼ਬਰ ਵਿਸ਼ੇਸ਼

ਸ਼ਿਵ ਕੁਮਾਰ ਬਟਾਲਵੀ ਦੀ 50ਵੀਂ ਬਰਸੀ ’ਤੇ ਵਿਸ਼ੇਸ਼

ਸ਼ਿਵ ਕੁਮਾਰ ਬਟਾਲਵੀ ਦੀ 50ਵੀਂ ਬਰਸੀ ’ਤੇ ਵਿਸ਼ੇਸ਼
  • PublishedMay 6, 2023

ਪੰਜਾਬੀ ਮਾਂ ਬੋਲੀ ਦਾ ਲਾਡਲਾ ਸ਼ਾਇਰ ‘ਸ਼ਿਵ ਕੁਮਾਰ ਬਟਾਲਵੀ’

ਅੱਜ 6 ਮਈ ਨੂੰ ਪੰਜਾਬੀ ਮਾਂ ਬੋਲੀ ਦੇ ਲਾਡਲੇ ਸ਼ਾਇਰ ਤੇ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ 50ਵੀਂ ਬਰਸੀ ਹੈ। ਸੰਨ 1973 ਵਿੱਚ ਅੱਜ ਦੇ ਦਿਨ ਹੀ ਇਹ ਲਾਡਲਾ ਸ਼ਾਇਰ ਆਪਣੇ ਕਹੇ ਬੋਲਾਂ ਨੂੰ ਸੱਚ ਕਰਦਿਆਂ ਜੋਬਨ ਰੁੱਤੇ ਤੁਰ ਗਿਆ ਸੀ। ਸ਼ਿਵ ਬਟਾਲਵੀ ਦਾ ਜੋਬਨ ਰੁੱਤੇ ਤੁਰ ਜਾਣਾ ਪੰਜਾਬੀ ਜ਼ੁਬਾਨ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਸੀ ਅਤੇ ਉਸ ਘਾਟੇ ਦੀ ਭਰਪਾਈ ਅੱਜ ਤੱਕ ਵੀ ਨਹੀਂ ਹੋ ਸਕੀ।

ਸ਼ਿਵ ਦਾ ਜਨਮ ਭਾਂਵੇ ਬਟਾਲੇ ਨਹੀਂ ਹੋਇਆ ਸੀ ਪਰ ਉਸਦਾ ਬਟਾਲੇ ਨਾਲ ਸਬੰਧ ਕੁਝ ਅਜਿਹਾ ਬਣਿਆ ਜਿਵੇਂ ਇਹ ਸੁਮੇਲ ਜਨਮਾਂ-ਜਮਾਂਤਰਾਂ ਦਾ ਹੋਵੇ। ‘ਬੜਾ ਪਿੰਡ ਲੋਟੀਆਂ’ ਦਾ ਇਹ ਮੁੰਡਾ ਕਿਸੇ ਦਿਨ ਸ਼ਿਵ ਬਟਾਲਵੀ ਬਣ ਕੇ ਪੂਰੀ ਦੁਨੀਆਂ ਵਿੱਚ ਆਪਣਾ ਅਤੇ ਮਾਂ ਬੋਲੀ ਪੰਜਾਬੀ ਦਾ ਕੱਦ ਏਨਾ ਉੱਚਾ ਕਰੇਗਾ ਇਹ ਉਸ ਸਮੇਂ ਕਿਸੇ ਸੋਚਿਆ ਵੀ ਨਹੀਂ ਹੋਣਾ।

ਸ਼ਿਵ ਕੁਮਾਰ ਬਟਾਲਵੀ ਪੰਜਾਬੀ ਸ਼ਾਇਰੀ ਦਾ ਉਹ ਉੱਚ ਦੁਮਾਲੜਾ ਨਿਸ਼ਾਨ ਹੈ ਜਿਸ ਨੇ ਬਹੁਤ ਥੋੜੇ ਸਾਲਾਂ ਦੀ ਜ਼ਿੰਦਗੀ ਅਤੇ ਸਾਹਿਤ ਵਿਚ ਉਹ ਕੁਝ ਕਰ ਵਿਖਾਇਆ ਜੋ ਵਿਰਲਿਆਂ ਨੂੰ ਨਸੀਬ ਹੁੰਦਾ ਹੈ। ਉਮਰ ਦੇ ਕੁਲ 37 ਬਸੰਤਰ ਹੰਢਾ ਕੇ ਸ਼ਿਵ ਨੇ ਪੰਜਾਬੀ ਸ਼ਾਇਰੀ ਵਿਚ ਉਹ ਖੂਬਸੂਰਤੀਆਂ ਸਿਰਜ ਦਿੱਤੀਆਂ ਜਿਨਾਂ ਨੂੰ ਉਸ ਤੋਂ ਸੈਂਕੜੇ ਵਰ੍ਹੇ ਪਹਿਲਾਂ ਹੋਏ ਕਿੱਸਾ ਕਵੀਆਂ ਜਾਂ ਸੂਫੀ ਸ਼ਾਇਰਾਂ ਦੀ ਸ਼ਾਇਰੀ ਵਿਚੋਂ ਲੱਭਣਾ ਪੈਂਦਾ ਸੀ।

ਸ਼ਿਵ ਕੁਮਾਰ ਬਟਾਲਵੀ ਦਾ ਜਨਮ 23 ਜੁਲਾਈ 1936 ਨੂੰ ਭਾਰਤ-ਪਾਕਿ ਵੰਡ ਤੋਂ ਪਹਿਲਾਂ ਦੇ ਸਾਂਝੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਸ਼ਕਰਗੜ੍ਹ ਦੇ ਪਿੰਡ ‘ਬੜਾ ਪਿੰਡ ਲੋਟੀਆਂ’ (ਹੁਣ ਪਾਕਿਸਤਾਨ) ਵਿਖੇ ਪਿਤਾ ਪੰਡਤ ਕ੍ਰਿਸ਼ਨ ਗੋਪਾਲ ਦੇ ਘਰ ਮਾਤਾ ਸ਼ਾਂਤੀ ਦੇਵੀ ਦੀ ਕੁਖੋਂ ਹੋਇਆ। ਸ਼ਿਵ ਕੁਮਾਰ ਰਾਵੀ ਕੰਢੇ ਜੰਮਿਆਂ, ਬਟਾਲੇ ਵੱਡਾ ਹੋਇਆ, ਕਾਦੀਆਂ ਅਤੇ ਨਾਭਾ ਵਿਚ ਕੁਝ ਅਰਸਾ ਪੜ੍ਹਿਆ। ਅਰਲੀ ਭੰਨ (ਗੁਰਦਾਸਪੁਰ) ਵਿਖੇ ਪਟਵਾਰ, ਪ੍ਰੇਮ ਨਗਰ ਬਟਾਲਾ ਅਤੇ ਚੰਡੀਗੜ ਦੀ ਸਟੇਟ ਬੈਂਕ ਆਫ ਇੰਡੀਆ ਬਰਾਂਚ ਦੀ ਕਲਰਕੀ ਉਸ ਦਾ ਜੀਵਨ ਵਿਹਾਰ ਕਦੇ ਨਾ ਬਣ ਸਕੀ। ਉਹ ਅਜਿਹਾ ਅਣ ਐਲਾਨਿਆ ਸ਼ਹਿਨਸ਼ਾਹ ਸੀ ਜਿਸ ਦੀ ਸਲਤਨਤ ਉਸ ਦੇ ਜਿਉਂਦੇ ਜੀਅ ਤਾਂ ਅੰਤਰ ਰਾਸ਼ਟਰੀ ਸੀਮਾਵਾਂ ਤੋਂ ਪਾਰ ਹੈ ਹੀ ਸੀ ਪਰ ਮੌਤ ਮਗਰੋਂ ਹੋਰ ਵੀ ਫੈਲ ਗਈ। ਧਰਤੀ ਦਾ ਕੋਈ ਵੀ ਬੰਧੇਜ ਉਸ ਦੇ ਪੈਰਾਂ ਨੂੰ ਆਪਣੀ ਬੇੜੀ ਵਿਚ ਨਾ ਨੂੜ ਸਕਿਆ। ਉਹ ਰਿਸ਼ਤਿਆਂ ਨਾਤਿਆਂ ਅਤੇ ਸੰਬੰਧਾਂ ਦੀ ਪਾਕੀਜ਼ਗੀ ਤੋਂ ਵਾਕਿਫ ਹੁੰਦਾ ਹੋਇਆ ਵੀ ਸਾਰੇ ਬੰਧਨ ਤੋੜ ਦਿੰਦਾ। ਰਾਵੀ ਦਾ ਪੁੱਤਰ ਸੀ ਨਾ, ਉਸ ਨੂੰ ਦਰਿਆ ਦੇ ਅੱਥਰੇ ਵੇਗ ਦੀ ਗੁੜਤੀ ਸੀ।

ਕਹਿੰਦੇ ਹਨ ਕਿ ਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਕਿਸੇ ਵੀ ਕਿਤਾਬ ਤੇ ਆਪਣੇ ਆਪ ਨੂੰ ਬਟਾਲਵੀ ਨਹੀਂ ਲਿਖਿਆ। ਦੋ ਤਿੰਨ ਹੱਥ ਲਿਖਤ ਕਵਿਤਾਵਾਂ ਤੋਂ ਹੀ ਸ਼ਿਵ ਬਟਾਲਵੀ ਦੇ ਰੂਪ `ਚ ਦਸਤਖਤ ਮਿਲਦੇ ਹਨ। ਪਰ ਹਾਲਾਤ ਦੀ ਸਿਤਮਜ਼ਰੀਫੀ ਵੇਖੋ ! ਸ਼ਿਵ ਕੁਮਾਰ ਦੇ ਨਾਂ ਨਾਲ ਬਟਾਲਵੀ ਪੱਕੇ ਤੌਰ ਤੇ ਜੁੜ ਗਿਆ ਹੈ। ਹੁਣ ਤਾਂ ਕੋਈ ਹੋਰ ਵੀ ਸ਼ਿਵ ਕੁਮਾਰ ਹੋਵੇ ਤਾਂ ਲੋਕ ਉਸ ਦੀ ਛੇੜ ਬਟਾਲਵੀ ਪਾ ਲੈਂਦੇ ਹਨ। ਇਹ ਰੁਤਬਾ ਜਣੇ ਖਣੇ ਨੂੰ ਨਸੀਬ ਨਹੀਂ ਹੁੰਦਾ। ਸ਼ਿਵ ਕੁਮਾਰ ਬਟਾਲਵੀ ਰਾਵੀ ਦੇ ਕੰਢੇ ਵਸਦੇ ਸ਼ੱਕਰਗੜ ਤਹਿਸੀਲ ਦੇ ਪਿੰਡ ਬੜਾ ਪਿੰਡ ਲੋਹਟੀਆਂ ਵਿਚ ਜੰਮਿਆ। ਆਜ਼ਾਦੀ ਤੋਂ ਕੁਝ ਵਰੇ ਪਹਿਲਾਂ ਉਹ ਸਿਆਲਕੋਟੀਆ ਰਿਹਾ ਅਤੇ 1947 ਤੋਂ ਬਾਅਦ ਪਰਿਵਾਰ ਦੇ ਬਟਾਲੇ ਆ ਜਾਣ ਕਰਕੇ ਬਾਕੀ ਦੀ ਜ਼ਿੰਦਗੀ ਬਟਾਲਵੀ ਬਣ ਗਿਆ।ਗਾਂਧੀ ਚੌਂਕ ਬਟਾਲੇ ਤੋਂ ਡੇਰਾ ਬਾਬਾ ਨਾਨਕ ਵੱਲ ਜਾਦਿਆਂ ਖੱਬੇ ਪਾਸੇ ਪ੍ਰੇਮ ਨਗਰ ਮੁਹੱਲੇ ਵਿਚ ਉਸ ਦਾ ਨਿਵਾਸ ਅੱਜ ਵੀ ਹਰ ਕਿਸੇ ਨੂੰ ਉਸ ਦੇ ਉਥੇ ਹੋਣ ਦਾ ਭੁਲੇਖਾ ਪਾਉਂਦਾ ਹੈ।

ਆਪਣੇ ਗਿਰਦਾਵਰ ਬਾਪ ਗੋਪਾਲ ਕ੍ਰਿਸ਼ਨ ਦੀਆਂ ਰੀਝਾਂ ਮੁਤਾਬਕ ਸ਼ਿਵ ਕੁਮਾਰ ਬਟਾਲਵੀ ਪਟਵਾਰੀ ਭਰਤੀ ਹੋ ਗਿਆ ਅਤੇ ਉਸਦੀ ਪਹਿਲੀ ਨਿਯੁਕਤੀ ਕਲਾਨੌਰ ਨੇੜੇ ਪਿੰਡ ਅਰਲੀਭੰਨ ਵਿਖੇ ਹੋਈ। ਸ਼ਿਵ ਭਾਂਵੇ ਪਟਵਾਰੀ ਬਣ ਗਿਆ ਸੀ ਪਰ ਉਹ ਕਾਵਿ ਦੇਸ਼ ਦੀਆਂ ਉੱਚੀਆਂ ਬੁਲੰਦੀਆਂ ਦਾ ਪਰਿੰਦਾ ਬਣਨਾ ਲੋਚਦਾ ਸੀ। ਉਸ ਦੀਆਂ ਕੱਚੀ ਉਮਰ ਦੀਆਂ ਦੋਸਤੀਆਂ ਦੇ ਵਾਕਿਫਕਾਰ ਅਤੇ ਹੋਰ ਨਿਕਟਵਰਤੀ ਸੱਜਣ ਪਿਆਰੇ ਦੱਸਦੇ ਹਨ ਕਿ ਉਹ ਹਰ ਕਿਸੇ ਲਈ ਕਲਿਆਣਕਾਰੀ ਵਤੀਰਾ ਧਾਰਦਾ ਸੀ। ਮੋਮਬੱਤੀ ਵਾਂਗ ਆਪਣਾ ਆਪ ਤਾਂ ਪਿਘਲਾ ਦਿੰਦਾ ਪਰ ਕਿਸੇ ਨੂੰ ਹਨੇਰੇ ਰਾਹਾਂ ਵਿਚ ਨਾ ਭਟਕਣ ਦਿੰਦਾ।

ਸ਼ਿਵ ਕੁਮਾਰ ਪੰਜਾਬੀ ਜ਼ੁਬਾਨ ਦਾ ਮਹਿਬੂਬ ਸ਼ਾਇਰ ਸੀ। ਕਿਸੇ ਧੜੇ, ਧਰਮ, ਸਿਆਸਤ ਜਾਂ ਗੁੱਟ ਤੋਂ ਬਹੁਤ ਉਚੇਰਾ ਸੀ। ਉਸ ਦਾ ਪਹਿਲਾ ਕਾਵਿ ਧਰਮ ਸ਼ਾਇਰੀ ਸੀ, ਨਾਅਰਾ ਨਹੀਂ। ਉਹ ਪਾਰਦਰਸ਼ੀ ਹਸਤੀ ਦਾ ਸੁਆਮੀ ਸੀ ਆਪਣੀ ਸ਼ਾਇਰੀ ਵਾਂਗ। ਪਾਰਖੂ ਸੱਜਣ ਪਿਆਰੇ ਉਸ ਨੂੰ ਪਹਿਲੇ ਦਿਨੋਂ ਹੀ ਮੁਹੱਬਤ ਕਰਨ ਲੱਗ ਪਏ। ਸ਼ਿਵ ਯਾਰਾਂ ਦਾ ਯਾਰ ਸੀ। ਕਹਿੰਦੇ ਹਨ ਸ਼ਿਵ ਨੇ ਓਨੀਆਂ ਰਾਤਾਂ ਆਪਣੇ ਘਰ ਨਹੀਂ ਕੱਟੀਆਂ ਹੋਣੀਆਂ ਜਿਨੀਆਂ ਉਸਨੇ ਆਪਣੇ ਮਿੱਤਰ ਪਿਆਰਿਆਂ ਦੇ ਅੰਗ ਸੰਗ ਗੁਜ਼ਾਰੀਆਂ।

ਕਹਿੰਦੇ ਨੇ ਸ਼ਿਵ ਜਦੋਂ ਸਟੇਜ਼ਾਂ ਉੱਪਰ ਆਪਣੀ ਮਿੱਠੀ ਹੂਕ ਨਾਲ ਆਪਣੇ ਬਿਰਹਾ ਦੇ ਗੀਤਾਂ ਨੂੰ ਗਾਉਂਦਾ ਤਾਂ ਉਸਦੀ ਇਹ ਹੇਕ ਕਿਸੇ ਬਬੀਹੇ ਤੋਂ ਘੱਟ ਨਾ ਲੱਗਦੀ। ਉਹ ਆਪਣੀ ਸ਼ਾਇਰੀ ਤੇ ਮਿੱਠੀ ਅਵਾਜ਼ ਨਾਲ ਸਰੋਤਿਆਂ ਨੂੰ ਕੀਲ ਲੈਂਦਾ। ਸ਼ਿਵ ਕੁਮਾਰ ਬਟਾਲਵੀ ਨੂੰ ਲੋਕ ਬਿਰਹਾ ਦਾ ਸ਼ਾਇਰ ਆਖਦੇ ਹਨ ਕਿਉਂਕਿ ਉਸ ਨੇ ਬਿਰਹਾ ਦਾ ਜ਼ਿਕਰ ਵਾਰਵਾਰ ਕੀਤਾ ਹੈ। ਇਹ ਬਿਰਹਾ ਉਸ ਦਾ ਤਨ ਅਤੇ ਮਨ ਤੋਂ ਵਿਛੁੰਨੇ ਵਿਅਕਤੀ ਦਾ ਰੁਦਨਮਈ ਬਿਰਹਾ ਹੈ ਜਿਸ ਨੂੰ ਉਹ ਸੌ ਮੱਕਿਆ ਦੇ ਹੱਜ ਬਰਾਬਰ ਗਿਣਦਾ ਹੈ।

ਸ਼ਿਵ ਕੁਮਾਰ ਨੂੰ 27 ਸਾਲ ਦੀ ਉਮਰ ਵਿਚ ਹੀ ਭਾਰਤੀ ਸਾਹਿਤ ਅਕਾਡਮੀ ਪੁਰਸਕਾਰ ਕਾਵਿ ਨਾਟ ‘ਲੂਣਾ’ ਲਿਖਣ ਬਦਲੇ ਮਿਲਿਆ। ਉਸ ਜਿੰਨੀ ਉਮਰ ਦੇ ਕਿਸੇ ਵੀ ਲਿਖਾਰੀ ਨੂੰ ਹੁਣ ਤੀਕ ਇਹ ਸਨਮਾਨ ਹਾਸਿਲ ਨਹੀਂ ਹੋਇਆ।

ਸਾਂਝੇ ਪੰਜਾਬ ਸਮੇਂ ਜਨਮਿਆਂ ਸ਼ਿਵ ਕੁਮਾਰ ਬਟਾਲਵੀ ਪੰਜਾਬ ਦੀ ਵੰਡ ਤੋਂ ਬਾਅਦ ਵੀ ਦੋਵਾਂ ਪੰਜਾਬਾਂ ਦਾ ਸਾਂਝਾ ਹੀ ਰਿਹਾ। ਉਹ ਪੰਜਾਬੀ ਮਾਂ ਬੋਲੀ ਦਾ ਉਹ ਲਾਡਲਾ ਪੁੱਤਰ ਸੀ ਜਿਸ ਨੇ ਮਾਂ ਬੋਲੀ ਦੇ ਗੁਆਚਦੇ ਜਾ ਰਹੇ ਸ਼ਬਦਾਂ ਨੂੰ ਆਪਣੀ ਸ਼ਾਇਰੀ ਵਿਚ ਸੰਭਾਲਿਆ। ਉਸ ਦੇ ਬੋਲਾਂ ਵਿਚੋਂ ਸਿਰਫ ਪੰਜਾਬ ਨਹੀਂ ਸਗੋਂ ਸਮੁੱਚ ਕਾਇਨਾਤ ਦੇ ਦਰਸ਼ਨ ਹੁੰਦੇ ਹਨ।

ਸ਼ਿਵ ਕੁਮਾਰ ਬਟਾਲਵੀ ਨੂੰ ਜੋ ਰੁਤਬਾ ਤੇ ਪਿਆਰ ਪੂਰੀ ਦੁਨੀਆਂ ਵਿਚੋਂ ਮਿਲਿਆ ਹੈ ਉਹ ਉਸ ਨੂੰ ਆਪਣੇ ਬਟਾਲਾ ਸ਼ਹਿਰ ਵਿਚੋਂ ਨਹੀਂ ਮਿਲ ਸਕਿਆ। ਸ਼ਿਵ ਬਟਾਲਵੀ ਨੇ ਇਹ ਗੱਲ ਆਪਣੇ ਜੀਊਂਦੇ ਜੀਅ ਵੀ ਮਹਿਸੂਸ ਕਰ ਲਈ ਸੀ ਅਤੇ ਉਹ ਬਟਾਲਾ ਦੇ ਲੋਕਾਂ ਨੂੰ ਆਪਣੀ ਕਵਿਤਾ ਵਿੱਚ ਪਿੱਤਲ ਤੇ ਲੋਹੇ ਦੇ ਲੋਕ ਕਹਿੰਦਾ ਲਿਖਦਾ ਹੈ ਕਿ :-

ਲੋਹੇ ਦੇ ਇਸ ਸ਼ਹਿਰ ਵਿੱਚ ਪਿੱਤਲ ਦੇ ਲੋਕ ਰਹਿੰਦੇ ਸਿੱਕੇ ਦੇ ਬੋਲ ਬੋਲਣ ਸ਼ੀਸ਼ੇ ਦਾ ਵੇਸ ਪਾਉਂਦੇ।
ਜਿਸਤੀ ਇਹਦੇ ਗਗਨ ’ਤੇ ਪਿੱਤਲ ਦਾ ਚੜ੍ਹਦਾ ਸੂਰਜ ਤਾਂਬੇ ਦੇ ਰੁੱਖਾਂ ਉਪਰ ਸੋਨੇ ਦੇ ਗਿਰਝ ਬਹਿੰਦੇ।
ਲੋਹੇ ਦੇ ਇਸ ਸ਼ਹਿਰ ਵਿੱਚ ਲੋਹੇ ਦੇ ਲੋਕ ਰਹਿਸਣ ਲੋਹੇ ਦੇ ਗੀਤ ਸੁਣਦੇ ਲੋਹੇ ਦੇ ਗੀਤ ਗਾਉਂਦੇ।

ਸ਼ਿਵ ਦੇ ਬੋਲ ਅਮਰ ਹਨ ਅਤੇ ਉਸਨੇ ਜੋ ਆਪਣੀ ਯਾਦਗਾਰ ਸਬੰਧੀ ਭਵਿੱਖ ਬਾਣੀ ਕੀਤੀ ਸੀ ਉਹ ਉਸਦੇ ਜਾਣ ਤੋਂ ਕਈ ਦਹਾਕਿਆਂ ਬਾਅਦ ਵੀ ਸੱਚੀ ਸਾਬਤ ਹੁੰਦੀ ਰਹੀ। ਸ਼ਿਵ ਕਹਿੰਦਾ ਸੀ :-

ਜਿਥੇ ਭੱਜਿਆ ਵੀ ਨਾ ਮਿਲੂ ਦੀਵਾ,
ਸੋਈਉ ਮੇਰਾ ਮਜ਼ਾਰ ਹੋਵੇਗਾ।

ਵਾਕਿਆ ਹੀ ਲੰਮਾਂ ਸਮਾਂ ਬਟਾਲਾ ਸ਼ਹਿਰ ਵਿਖੇ ਸ਼ਿਵ ਦੀ ਮਜ਼ਾਰ (ਸ਼ਿਵ ਬਟਾਲਵੀ ਆਡੀਟੋਰੀਅਮ) ਉੱਪਰ ਲਗਾਤਾਰ ਦੀਵਾ ਨਹੀਂ ਬਲ ਸਕਿਆ।

-ਇੰਦਰਜੀਤ ਸਿੰਘ ਹਰਪੁਰਾ,
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,
ਗੁਰਦਾਸਪੁਰ।

ਖੌਰੇ ਜਿਵੇਂ ਹੁਣ ਬਟਾਲਾ ਸ਼ਹਿਰ ਵਿੱਚ ਲੋਹੇ ਦੀ ਸਨਅਤ ਦਾ ਕੰਮ ਖਤਮ ਹੋਣ ਨਾਲ ਬਟਾਲੇ ਤੋਂ ਲੋਹੇ ਦੇ ਸ਼ਹਿਰ ਦਾ ਰੁਤਬਾ ਖੁਸਦਾ ਜਾ ਰਿਹਾ ਹੈ, ਹੋ ਸਕਦਾ ਹੈ ਹੁਣ ਇਸ ਸ਼ਹਿਰ ਦੇ ਲੋਕ ਵੀ ਪਿੱਤਲ ਤੇ ਲੋਹੇ ਦੇ ਦਿਲ ਵਾਲੇ ਨਾ ਰਹਿਣ। ਸਮੇਂ ਦੇ ਬਦਲਣ ਨਾਲ ਲੋਕਾਂ ਦੇ ਦਿਲਾਂ ਵਿੱਚ ਆਪਣੇ ਪਿਆਰੇ ਸ਼ਾਇਰ ਸ਼ਿਵ ਕੁਮਾਰ ਲਈ ਮੋਹ ਮੁਹੱਬਤ ਜਾਗਿਆ ਹੈ ਅਤੇ ਸ਼ਿਵ ਸਨੇਹੀ ਸ਼ਿਵ ਬਟਾਲਵੀ ਦੀ ਮਜ਼ਾਰ ਦੀ ਸਾਂਭ ਸੰਭਾਲ ਲਈ ਅੱਗੇ ਆ ਰਹੇ ਹਨ ਅਤੇ ਉਸਦੀ ਮਜ਼ਾਰ ਉਪਰ ਦੀਵੇ ਬਾਲਣ ਦੇ ਯਤਨ ਕਰ ਰਹੇ ਹਨ। ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਸ਼ਿਵ ਬਟਾਲਵੀ ਆਡੀਟੋਰੀਅਮ ਵਿਖੇ ਅੱਜ ਸ਼ਿਵ ਦੀ ਯਾਦ ਵਿੱਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਬਟਾਲਾ ਸਮੇਤ ਦੁਨੀਆਂ ਭਰ ਵਿੱਚ ਰਹਿੰਦੇ ਹਰ ਪੰਜਾਬੀ ਨੂੰ ਆਪਣੇ ਸ਼ਾਇਰ ਸ਼ਿਵ ਕੁਮਾਰ ਬਟਾਵਲੀ ਉੱਪਰ ਹਮੇਸ਼ਾਂ ਮਾਣ ਰਹੇਗਾ।

Written By
The Punjab Wire