Close

Recent Posts

ਪੰਜਾਬ ਮੁੱਖ ਖ਼ਬਰ

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ‘ਚ ਵਿਜੀਲੈਂਸ ਵੱਲੋਂ ਪਟਵਾਰੀ ਗ੍ਰਿਫਤਾਰ

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ‘ਚ ਵਿਜੀਲੈਂਸ ਵੱਲੋਂ ਪਟਵਾਰੀ ਗ੍ਰਿਫਤਾਰ
  • PublishedApril 10, 2023

ਚੰਡੀਗੜ, 10 ਅਪਰੈਲ 2023 (ਦੀ ਪੰਜਾਬ ਵਾਇਰ)। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਅੱਜ ਐਸ.ਏ.ਐਸ. ਨਗਰ ਜ਼ਿਲ੍ਹੇ ਦੇ ਬਲਾਕ ਮਾਜਰੀ ਵਿੱਚ ਤਾਇਨਾਤ ਇੱਕ ਮਾਲ ਪਟਵਾਰੀ ਚਮਕੌਰ ਲਾਲ, ਵਾਸੀ ਫੇਸ 3ਬੀ-1, ਮੁਹਾਲੀ ਨੂੰ ਉਸਦੀ ਆਮਦਨ ਦੇ ਜਾਣੂ ਸਰੋਤਾਂ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਰਾਹੀਂ ਚੱਲ-ਅਚੱਲ ਜਾਇਦਾਦਾਂ ਖ੍ਰੀਦ ਕੇ ਵਿੱਤ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਸਬੰਧੀ ਵਿਜੀਲੈਂਸ ਦੀ ਜਾਂਚ ਤੋਂ ਬਾਅਦ ਉਕਤ ਪਟਵਾਰੀ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਹੈ।

ਹੋਰ ਵੇਰਵੇ ਦਿੰਦਿਆਂ ਉਸਨੇ ਦੱਸਿਆ ਕਿ ਜਾਂਚ ਦੌਰਾਨ ਪਾਇਆ ਗਿਆ ਕਿ ਉਸਨੇ ਆਪਣੀ ਆਮਦਨ ਦੇ ਕੁੱਲ ਸਰੋਤਾਂ ਨਾਲੋਂ 76 ਪ੍ਰਤੀਸ਼ਤ ਵੱਧ ਖਰਚੇ ਕੀਤੇ ਹਨ। ਭ੍ਰਿਸ਼ਟਾਚਾਰ ਰਾਹੀਂ ਇਕੱਠੀ ਕੀਤੇ ਨਜਾਇਜ਼ ਧਨ ਨੂੰ ਐਡਜਸਟ ਕਰਨ ਲਈ ਉਸ ਨੇ ਵੱਖ-ਵੱਖ ਵਿਅਕਤੀਆਂ ਰਾਹੀਂ ਆਪਣੇ ਪੁੱਤਰ ਅਤੇ ਪਤਨੀ ਦੇ ਬੈਂਕ ਖਾਤਿਆਂ ਵਿੱਚ ਚੈੱਕਾਂ ਜਾਂ ਸਿੱਧੇ ਟਰਾਂਸਫਰ ਕਰਵਾਕੇ ਭਾਰੀ ਰਕਮਾਂ ਜਮ੍ਹਾਂ ਕਰਵਾਈਆਂ ਹਨ।

ਪੜਤਾਲ ਵਿੱਚ ਪਤਾ ਲੱਗਾ ਹੈ ਕਿ ਉਕਤ ਮੁਲਜ਼ਮ ਨੇ ਮੁਹਾਲੀ ਦੇ ਫੇਜ਼ 3ਬੀ-1 ਵਿੱਚ ਕਰੋੜਾਂ ਰੁਪਏ ਖਰਚ ਕੇ ਇੱਕ ਆਲੀਸ਼ਾਨ ਮਕਾਨ ਬਣਾਇਆ ਹੈ। ਇਸ ਤੋਂ ਇਲਾਵਾ ਉਸ ਕੋਲ ਮਹਿੰਗੀਆਂ ਗੱਡੀਆਂ ਵੀ ਹਨ।
ਉਨਾਂ ਦੱਸਿਆ ਕਿ ਉਕਤ ਦੋਸ਼ੀ ਪਟਵਾਰੀ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਉਡਣ ਦਸਤਾ, ਪੰਜਾਬ, ਐਸ.ਏ.ਐਸ. ਨਗਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਸ ਨੂੰ ਭਲਕੇ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Written By
The Punjab Wire