ਹੁਸ਼ਿਆਰਪੁਰ ਤੋਂ ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰਵੇਸ ਮਾਰਗ ਤੇ ਪੈਂਦੇ ਦਾਉਵਾਲ ਨਾਕੇ ਅਤੇ ਇਸ ਦੇ ਨਾਲ ਕਈ ਜਿਲ੍ਹੇ ਨੂੰ ਆਉਣ ਵਾਲੇ ਕਈ ਸੰਭਾਵਿਤ ਰਸਤਿਆਂ ਦੀ ਐਸਐਸਪੀ ਨੇ ਖੁੱਦ ਕੀਤੀ ਚੈਕਿੰਗ
ਐਸਐਸਪੀ ਦਾ ਕਹਿਣਾ ਹੈ ਕਿ ਜ਼ਿਲ੍ਹੇ ਵਿੱਚ ਹਰ ਕੀਮਤ ’ਤੇ ਬਹਾਲ ਰਹੇਗੀ ਅਮਨ ਸ਼ਾਂਤੀ ਅਤੇ ਆਪਸੀ ਭਾਈਚਾਰਾ
ਗੁਰਦਾਸਪੁਰ, 10 ਅਪ੍ਰੈਲ 2023 (ਮੰਨਣ ਸੈਣੀ)। ਵਿਸਾਖੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਪੂਰੇ ਪੰਜਾਬ ਵਿੱਚ ਜਾਰੀ ਅਲਰਟ ਦੇ ਮੱਦੇਨਜ਼ਰ ਗੁਰਦਾਸਪੁਰ ਜ਼ਿਲ੍ਹੇ ਵਿੱਚ ਵੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਪੁਲਿਸ ਜਿਲ੍ਹਾ ਗੁਰਦਾਸਪੁਰ ਅੰਦਰ ਚੱਪੇ ਚੱਪੇ ਤੇ ਨਜ਼ਰ ਰੱਖੀ ਜਾ ਰਹੀ ਹੈ। ਸੁਰੱਖਿਆ ਨੂੰ ਮੁੱਖ ਰੱਖਦਿਆਂ ਹੋਏ ਅਤੇ ਜਮੀਨੀ ਹਕੀਕਤ ਜਾਨਣ ਦੇ ਨਾਲ ਨਾਲ, ਪੁਲਿਸ ਕਰਮਚਾਰੀਆਂ ਦਾ ਮਨੋਬਲ ਵਧਾਉਣ ਲਈ ਐਸਐਸਪੀ ਹਰੀਸ਼ ਦਿਆਮਾ ਖੁਦ ਫਰੰਟ ਤੇ ਜਾਕੇ ਕਮਾਨ ਸੰਭਾਲਦੇ ਦਿੱਖ ਰਹੇ ਹਨ। ਜਿਸ ਦੇ ਚੱਲਦਿਆਂ ਐਸ.ਐਸ.ਪੀ ਹਰੀਸ਼ ਦੀ ਤਰਫੋਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕਰਕੇ ਰਾਤ ਸਮੇਂ ਵੀ ਨਾਕੇਬੰਦੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕਰਕੇ ਉਨ੍ਹਾਂ ਦਾ ਮਨੋਬਲ ਵਧਾਇਆ ਜਾ ਰਿਹਾ ਹੈ।
ਇਸੇ ਕੜੀ ਤਹਿਤ ਸੋਮਵਾਰ ਨੂੰ ਐਸਐਸਪੀ ਹਰੀਸ਼ ਨੇ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਨਾਕਾ ਦਾਉਵਾਲ ਦੀ ਚੈਕਿੰਗ ਕੀਤੀ ਅਤੇ ਕਈ ਸੰਭਾਵਿਤ ਰਸਤਿਆਂ ਦੀ ਵੀ ਨਿਸ਼ਾਨਦੇਹੀ ਕੀਤੀ ਜਿਨ੍ਹਾਂ ਰਾਹੀਂ ਜ਼ਿਲ੍ਹੇ ਅੰਦਰ ਘੁਸਪੈਠ ਕੀਤੀ ਜਾ ਸਕਦੀ ਹੈ। ਇਹ ਹੁਸ਼ਿਆਰਪੁਰ ਤੋਂ ਗੁਰਦਾਸਪੁਰ ਤੱਕ ਦਾ ਐਂਟਰੀ ਪੁਆਇੰਟ ਹੈ ਅਤੇ ਉਨ੍ਹਾਂ ਵੱਲੋਂ ਇਸ ਪਾਸੇ ਕਾਫੀ ਧਿਆਨ ਦਿੱਤਾ ਗਿਆ ਹੈ। ਇਸ ਨਾਕੇ ਤੋਂ ਬਾਅਦ ਜ਼ਿਲ੍ਹਾ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਨੂੰ ਜੋੜਨ ਵਾਲਾ ਪੁਲ ਵੀ ਹੈ। ਜਿਸ ਕਾਰਨ ਹਰ ਪੁਆਇੰਟ ਦੀ ਆਪ ਜਾਂਚ ਕੀਤੀ ਗਈ ਹੈ।
ਇਸ ਚੌਕਸੀ ਦਾ ਕਾਰਨ ਇਕ ਪਾਸੇ ਵਿਸਾਖੀ ਦਾ ਤਿਉਹਾਰ ਹੈ, ਦੂਜੇ ਪਾਸੇ ਹੁਸ਼ਿਆਰਪੁਰ ‘ਚ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਹੋਣ ਦੀ ਕਾਫੀ ਚਰਚਾ ਰਹੀ ਹੈ। ਜਿਸ ਤੋਂ ਬਾਅਦ ਤਤੱਕਾਲ ਕੁਝ ਦਿਨ ਪਹਿਲ੍ਹਾਂ ਹੀ ਗੁਰਦਾਸਪੁਰ ਪੁਲਿਸ ਵੱਲੋਂ ਗੁਰਦਾਸਪੁਰ ਦੇ ਸਾਰੇ ਐਂਟਰੀ ਪੁਆਇੰਟਾਂ ਨੂੰ ਸੀਲ ਕਰ ਦਿੱਤਾ ਗਿਆ ਅਤੇ ਇਸ ਪੁਆਇੰਟ ‘ਤੇ ਪੂਰੀ ਚੌਕਸੀ ਵਰਤੀ ਜਾ ਰਹੀ ਸੀ। ਹੁਣ ਅਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਹੋਰ ਮੁਸਤੈਦ ਹੋ ਗਈ ਹੈ ਅਤੇ ਪੂਰੀ ਚੌਕਸੀ ਵਰਤ ਰਹੀ ਹੈ। ਇਸੇ ਤਹਿਤ ਖੁੱਦ ਐਸਐਸਪੀ ਹਰੀਸ਼ ਵੱਲੋਂ ਆਪ ਜਾ ਕੇ ਵਿਸ਼ੇਸ ਨਿਰਦੇਸ਼ ਦਿੱਤੇ ਜਾ ਰਹੇ ਹਨ ਅਤੇ ਖੁੱਦ ਜਮੀਨੀ ਹਕੀਕਤ ਜਾਨਣ ਸਬੰਧੀ ਮੁਆਇਨਾ ਕੀਤਾ ਜਦਾ ਰਿਹਾ ਹੈ।
ਉਥੇ ਹੀ ਦੂਜੇ ਪਾਸੇ ਸਬੰਧਿਤ ਪੁਲਿਸ ਮੁਲਾਜ਼ਮਾਂ ਨੇ ਵੀ ਐਸਐਸਪੀ ਹਰੀਸ਼ ਵੱਲੋਂ ਕੀਤੀ ਜਾ ਰਹੀ ਚੈਕਿੰਗ ਮੁਹਿੰਮ ਅਤੇ ਉਨ੍ਹਾਂ ਦੀ ਹੌਸ਼ਲਾ ਅਫ਼ਜਾਈ ਕਰਨ ਲਈ ਐਸਐਸਪੀ ਹਰੀਸ਼ ਦੀ ਸ਼ਲਾਘਾ ਕੀਤੀ |
ਇਸ ਸਬੰਧੀ ਐਸਐਸਪੀ ਹਰੀਸ਼ ਦਿਆਮਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਹਰ ਹਾਲਤ ਵਿੱਚ ਅਮਨ-ਕਾਨੂੰਨ ਨੂੰ ਬਰਕਰਾਰ ਰੱਖਿਆ ਜਾਵੇਗਾ। ਜਿਸ ਲਈ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਬਾਰੀਕੀ ਨਾਲ ਚੈਕਿੰਗ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਸ਼ੱਕੀ ਵਸਤੂ ਜਾਂ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।