Close

Recent Posts

ਗੁਰਦਾਸਪੁਰ ਪੰਜਾਬ

ਪੰਜਾਬ ਸਰਕਾਰ ਪੈਰਾ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ: ਮੀਤ ਹੇਅਰ

ਪੰਜਾਬ ਸਰਕਾਰ ਪੈਰਾ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ: ਮੀਤ ਹੇਅਰ
  • PublishedApril 10, 2023

ਖੇਡ ਮੰਤਰੀ ਨੇ ਕੌਮੀ ਪੱਧਰ ਉਤੇ ਮੱਲਾਂ ਮਾਰਨ ਵਾਲੇ ਪੈਰਾ ਖਿਡਾਰੀਆਂ ਨੂੰ ਦਿੱਤੀ ਮੁਬਾਰਕਬਾਦ

ਚੰਡੀਗੜ੍ਹ, 10 ਅਪ੍ਰੈਲ 2023 (ਦੀ ਪੰਜਾਬ ਵਾਇਰ)। ਖੇਡਾਂ ਦੇ ਖੇਤਰ ਵਿੱਚ ਪੰਜਾਬ ਦੀ ਗੁਆਚੀ ਸ਼ਾਨ ਬਹਾਲ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦਿਸ਼ਾ ਵਿੱਚ ਨਵੀਂ ਖੇਡ ਨੀਤੀ ਬਣਾਈ ਜਾ ਰਹੀ ਹੈ ਜਿਸ ਵਿੱਚ ਸਾਰੀਆਂ ਖੇਡਾਂ ਨੂੰ ਪ੍ਰਮੁੱਖਤਾ ਦੇਣ ਦੇ ਨਾਲ ਪੈਰਾ ਸਪੋਰਟਸ ਨੂੰ ਵੀ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। ਇਹ ਗੱਲ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕਹੀ।

ਖੇਡ ਮੰਤਰੀ ਨੇ ਅੱਗੇ ਕਿਹਾ ਕਿ ਪੈਰਾ ਖਿਡਾਰੀਆਂ ਨੇ ਸੂਬੇ ਦੇ ਕੌਮੀ ਤੇ ਕੌਮਾਂਤਰੀ ਪੱਧਰ ਉਤੇ ਨਾਮ ਰੌਸ਼ਨ ਕੀਤਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਿਛਲੇ ਥੋੜੇਂ ਅਰਸੇ ਵਿੱਚ ਪੰਜਾਬ ਦੇ ਪੈਰਾ ਖਿਡਾਰੀਆਂ ਨੇ ਪੈਰਾ ਪਾਵਰਲਿਫਟਿੰਗ, ਪੈਰਾ ਅਥਲੈਟਿਕਸ ਤੇ ਪੈਰਾ ਬੈਡਮਿੰਟਨ ਦੇ ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਪੰਜਾਬ ਦੇ ਖਿਡਾਰੀਆਂ ਨੇ ਕੁੱਲ ਅੱਠ ਸੋਨੇ, ਪੰਜ ਚਾਂਦੀ ਤੇ 15 ਕਾਂਸੀ ਦੇ ਤਮਗ਼ਿਆਂ ਸਮੇਤ ਕੁੱਲ 28 ਤਮਗ਼ੇ ਜਿੱਤੇ। ਉਨ੍ਹਾਂ ਸਾਰੇ ਤਮਗ਼ਾ ਜੇਤੂਆਂ ਨੇ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਨਵੀਂ ਖੇਡ ਨੀਤੀ ਵਿੱਚ ਪੈਰਾ ਖਿਡਾਰੀਆਂ ਨੂੰ ਵਿਸ਼ੇਸ਼ ਤਰਜੀਹ ਦੇ ਰਹੀ ਹੈ ਅਤੇ ਖਿਡਾਰੀਆਂ ਦੀ ਫੀਡਬੈਕ ਅਨੁਸਾਰ ਨੀਤੀ ਬਣਾਈ ਜਾ ਰਹੀ ਹੈ।

ਮੀਤ ਹੇਅਰ ਨੇ ਅੱਗੇ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਲਖਨਊ ਵਿਖੇ ਹੋਈ ਨੈਸ਼ਨਲ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਸੰਜੀਵ ਕੁਮਾਰ ਨੇ ਇਕ-ਇਕ ਸੋਨੇ, ਚਾਂਦੀ ਤੇ ਕਾਂਸੀ, ਰਾਜ ਕੁਮਾਰ ਨੇ ਦੋ ਕਾਂਸੀ ਅਤੇ ਸ਼ਬਾਨਾ ਨੇ ਦੋ ਕਾਂਸੀ ਦੇ ਤਮਗ਼ੇ ਜਿੱਤੇ। ਇਸੇ ਤਰ੍ਹਾਂ ਗੁਜਰਾਤ ਵਿਖੇ ਹੋਈ ਜੂਨੀਅਰ ਤੇ ਸਬ ਜੂਨੀਅਰ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਨਿਸ਼ਾ ਨੇ ਇਕ ਚਾਂਦੀ ਤੇ ਦੋ ਕਾਂਸੀ, ਪਰਵੀਨ ਕੁਮਾਰ ਨੇ ਇਕ ਚਾਂਦੀ ਤੇ ਇਕ ਕਾਂਸੀ ਅਤੇ ਗੁਰਹਰਮਨਦੀਪ ਸਿੰਘ ਨੇ ਦੋ ਕਾਂਸੀ ਦੇ ਤਮਗ਼ੇ ਜਿੱਤੇ। ਪੁਣੇ ਵਿਖੇ ਨੈਸ਼ਨਲ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਿਥਨ ਨੇ ਇਕ ਸੋਨੇ, ਕਰਨਦੀਪ ਕੁਮਾਰ ਨੇ ਇਕ ਚਾਂਦੀ ਤੇ ਇਕ ਕਾਂਸੀ, ਗੁਰਵੀਰ ਸਿੰਘ ਨੇ ਦੋ ਕਾਂਸੀ, ਮੁਹੰਮਦ ਯਸੀਰ ਨੇ ਇਕ ਚਾਂਦੀ ਅਤੇ ਅਨਾਇਆ ਬਾਂਸਲ ਨੇ ਇਕ ਕਾਂਸੀ ਦਾ ਤਮਗ਼ਾ ਜਿੱਤਿਆ। ਨਵੀਂ ਦਿੱਲੀ ਵਿਖੇ ਹੋਈ ਸੀਨੀਅਰ ਤੇ ਜੂਨੀਅਰ ਨੈਸ਼ਨਲ ਪੈਰਾ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿੱਚ ਪਰਮਜੀਤ ਕੁਮਾਰ, ਗੁਰਸੇਵਕ ਸਿੰਘ, ਵਰਿੰਦਰ ਸਿੰਘ, ਮੁਹੰਮਦ ਨਦੀਮ, ਜਸਪ੍ਰੀਤ ਕੌਰ ਤੇ ਸੀਮਾ ਰਾਣੀ ਨੇ ਸੋਨੇ ਅਤੇ ਕੁਲਦੀਪ ਸਿੰਘ ਤੇ ਸੁਮਨਦੀਪ ਨੇ ਕਾਂਸੀ ਦੇ ਤਮਗ਼ੇ ਜਿੱਤੇ।

Written By
The Punjab Wire