ਪੰਜਾਬ ਮੁੱਖ ਖ਼ਬਰ

ਸਰਕਾਰੀ ਸਕੂਲਾਂ ਦੀਆਂ ਜ਼ਮੀਨੀ ਹਕੀਕਤਾਂ ਸਮਝਣ ਵਾਸਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਪੰਜਾਬ ਦੌਰੇ ਦੀ ਸ਼ੁਰੂਆਤ

ਸਰਕਾਰੀ ਸਕੂਲਾਂ ਦੀਆਂ ਜ਼ਮੀਨੀ ਹਕੀਕਤਾਂ ਸਮਝਣ ਵਾਸਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਪੰਜਾਬ ਦੌਰੇ ਦੀ ਸ਼ੁਰੂਆਤ
  • PublishedApril 4, 2023

ਅਪ੍ਰੈਲ ਮਹੀਨੇ ਵਿਚ ਕਰਨਗੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦਾ ਦੌਰਾ

ਸਰਹੱਦੀ ਜ਼ਿਲ੍ਹੇ ਫਾਜਿਲਕਾ ਤੋਂ ਦੌਰੇ ਦੀ ਸ਼ੁਰੂਆਤ

ਸਕੂਲ ਨੀਤੀ ਨੂੰ ਹੋਰ ਵਧੀਆ  ਬਨਾਉਣ ਲਈ ਜ਼ਮੀਨੀ ਲੋੜਾਂ ਨੂੰ ਚੰਗੀ ਤਰ੍ਹਾਂ ਵਾਚਣਾ ਜ਼ਰੂਰੀ  : ਹਰਜੋਤ ਸਿੰਘ ਬੈਂਸ

 ਚੰਡੀਗੜ੍ਹ, 4 ਅਪ੍ਰੈਲ2023 ( ਦੀ ਪੰਜਾਬ ਵਾਇਰ)। ਸੂਬੇ ਦੇ ਸਰਕਾਰੀ ਸਕੂਲਾਂ ਦੀ ਜ਼ਮੀਨੀ ਹਕੀਕਤ ਤੋਂ ਚੰਗੀ ਤਰ੍ਹਾਂ ਵਾਕਿਫ਼ ਹੋਣ ਦੇ ਮੰਤਵ ਨਾਲ  ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦਾ ਦੌਰਾ ਸ਼ੁਰੂ ਕੀਤਾ ਹੈ।

ਇਸ ਦੌਰੇ ਦੀ ਸ਼ੁਰੂਆਤ ਅੱਜ ਫਾਜ਼ਿਲਕਾ ਜ਼ਿਲ੍ਹੇ ਤੋਂ ਕੀਤੀ ਜਾ ਰਹੀ ਅਤੇ ਇਹ ਪੂਰੇ ਅਪ੍ਰੈਲ ਮਹੀਨੇ  ਦੌਰਾਨ ਜਾਰੀ ਰਹੇਗਾ।

ਸ. ਬੈਂਸ ਆਪਣੇ ਇਸ ਦੌਰੇ ਦੀ ਸ਼ੁਰੂਆਤ  4 ਅਪ੍ਰੈਲ 2023 ਨੂੰ ਫਾਜਿਲਕਾ ਤੋਂ ਕਰ ਰਹੇ ਹਨ ਅਤੇ 5 ਅਪ੍ਰੈਲ ਨੂੰ ਫਿਰੋਜਪੁਰ, 6 ਅਪ੍ਰੈਲ ਨੂੰ ਰੋਪੜ ਤੇ ਮੋਹਾਲੀ, 7 ਅਤੇ 8 ਅਪ੍ਰੈਲ ਨੂੰ ਅੰਮ੍ਰਿਤਸਰ, 12 ਅਤੇ 13 ਅਪ੍ਰੈਲ ਨੂੰ ਤਰਨਤਾਰਨ, ਕਪੂਰਥਲਾ, ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ, 17 ਅਪ੍ਰੈਲ ਨੂੰ ਜਲੰਧਰ, 18 ਅਪ੍ਰੈਲ ਨੂੰ ਫ਼ਤਹਿਗੜ੍ਹ ਸਾਹਿਬ, 20, 21 ਅਤੇ 22 ਅਪ੍ਰੈਲ ਨੂੰ ਪਟਿਆਲਾ, ਲੁਧਿਆਣਾ, ਮਲੇਰਕੋਟਲਾ, ਫਰੀਦਕੋਟ, ਮੋਗਾ ਅਤੇ ਬਰਨਾਲਾ, 24 ਅਪ੍ਰੈਲ ਨੂੰ ਸੰਗਰੂਰ ਅਤੇ ਮਾਨਸਾ, 27, 28 ਅਤੇ 29 ਅਪ੍ਰੈਲ ਨੂੰ ਹੁਸ਼ਿਆਰਪੁਰ, ਨਵਾਂਸ਼ਹਿਰ, ਪਠਾਨਕੋਟ ਅਤੇ ਗੁਰਦਾਸਪੁਰ ਜਿਲੇ ਦੇ ਸਕੂਲਾਂ ਦਾ ਨਿਰੀਖਣ ਕਰਨਗੇ।

 ਇਸ  ਦੌਰੇ ਦੌਰਾਨ ਸ. ਹਰਜੋਤ ਸਿੰਘ ਬੈਂਸ ਨਵੇਂ ਦਾਖਲੇ, ਕਿਤਾਬਾਂ, ਵਰਦੀਆਂ, ਸਕੂਲਾਂ ਦੇ ਮੁਢਲੇ ਢਾਂਚੇ ਬਾਰੇ ਜਾਣਕਾਰੀ ਹਾਸਿਲ ਕਰਨਗੇ।

ਆਪਣੇ ਇਸ ਦੌਰੇ ਬਾਰੇ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ  ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ  ਦੇ ਨਿਰਦੇਸ਼ਾਂ ਅਨੁਸਾਰ ਸਕੂਲ ਸਿੱਖਿਆ ਵਿਭਾਗ ਦੀਆਂ ਨੀਤੀ ਨੂੰ ਹੋਰ ਵਧੀਆ  ਬਨਾਉਣ ਲਈ ਜ਼ਮੀਨੀ ਲੋੜਾਂ ਨੂੰ ਸਮਝ ਕੇ ਬਣਾਇਆ ਜਾ ਸਕਦਾ ਹੈ ਜਿਸ ਲਈ ਚੰਡੀਗੜ੍ਹ ਦੇ ਦਫ਼ਤਰਾਂ ਵਿਚ ਬੈਠਣ  ਦੀ ਥਾਂ ਇਹ ਦੌਰਾ ਬਹੁਤ ਜ਼ਰੂਰੀ ਹੈ।

ਉਹਨਾਂ ਕਿਹਾ ਕਿ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਉੱਚ ਮਿਆਰਾਂ ਵਾਲੀ ਸਿੱਖਿਆ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਹੈ ਜਿਸਦੀ ਪੂਰਤੀ ਵਾਸਤੇ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ।

Written By
The Punjab Wire