ਗੁਰਦਾਸਪੁਰ, 4 ਅਪਰੈਲ 2023 (ਮੰਨਣ ਸੈਣੀ)। ਮੰਗਲਵਾਰ ਨੂੰ ਤਿੱਬੜ ਥਾਣਾ ਅਧੀਨ ਪੈਂਦੇ ਪਿੰਡ ਭੂੰਬਲੀ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ। ਜਿੱਥੇ ਏ.ਐੱਸ.ਆਈ.ਦੇ ਔਹਦੇ’ਤੇ ਤਾਇਨਾਤ ਪੁਲਸ ਮੁਲਾਜ਼ਮ ਨੇ ਘਰੇਲੂ ਝਗੜੇ ਕਾਰਨ ਪਹਿਲਾਂ ਆਪਣੇ 19 ਸਾਲਾ ਬੇਟੇ ‘ਤੇ ਗੋਲੀਆਂ ਚਲਾਈਆਂ ਅਤੇ ਬਾਅਦ ‘ਚ ਆਪਣੇ ਬੇਟੇ ਨੂੰ ਬਚਾਉਣ ਆਈ ਮਾਂ ਨੂੰ ਨਿਸ਼ਾਨਾ ਬਣਾ ਦਿੱਤਾ। ਇੰਨਾ ਹੀ ਨਹੀਂ ਬੇਰਹਿਮੀ ਦਿਖਾਉਂਦੇ ਹੋਏ ਕਾਤਲ ਨੇ ਭੌਂਕਣ ਨਾਲ ਰੋਲਾ ਪਾ ਰਹੇ ਪਾਲਤੂ ਕੁੱਤੇ ਨੂੰ ਵੀ ਨਹੀਂ ਬਖਸ਼ਿਆ ਅਤੇ ਉਸ ਨੂੰ ਵੀ ਮਾਰ ਦਿੱਤਾ। ਤਿੰਨ ਕਤਲ ਕਰਨ ਤੋਂ ਬਾਅਦ ਗੁੱਸੇ ਵਿੱਚ ਆਇਆ ਕਾਤਲ ਆਪਣੀ ਇੱਕ ਗੁਆਂਢੀ ਔਰਤ ਨੂੰ ਬੰਧਕ ਬਣਾ ਕੇ ਫਰਾਰ ਹੋ ਗਿਆ। ਜਿਸ ਨੂੰ ਪੁਲਿਸ ਨੇ ਜਲਦੀ ਹੀ ਟਰੇਸ ਕਰਕੇ ਘੇਰ ਲਿਆ। ਪੁਲਿਸ ਵੱਲੋਂ ਉਸ ਨੂੰ ਮਨਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਅਤੇ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ। ਪਰ ਕਾਤਲ ਆਤਮ ਸਮਰਪਣ ਲਈ ਨਹੀਂ ਮੰਨਿਆ ਅਤੇ ਖੁੱਦ ਤੇ ਵੀ ਗੋਲੀਆਂ ਚਲਾ ਕੇ ਆਤਮਹਤਿਆ ਕਰ ਲਈ। ਹਾਲਾਕਿ ਇਸ ਤੋਂ ਪਹਿਲ੍ਹਾਂ ਪੁਲਿਸ ਕਾਤਲ ਨੂੰ ਸਮਝਾ ਬੁਝਾ ਕੇ ਬੰਧਕ ਔਰਤ ਨੂੰ ਛੁਡਾਉਣ ਵਿੱਚ ਸਫ਼ਲ ਜਰੂਰ ਰਹੀ ਜਿਸ ਨਾਲ ਇੱਕ ਹੋਰ ਜਾਨੀ ਨੁਕਸਾਨ ਹੋਨੋ ਬੱਚ ਗਿਆ।
ਕਾਤਲ ਏਐਸਆਈ ਦੀ ਪਛਾਣ ਭੁਪਿੰਦਰ ਸਿੰਘ ਵਜੋਂ ਹੋਈ ਹੈ, ਜੋ ਡੀਆਈਜੀ ਅੰਮ੍ਰਿਤਸਰ ਦਫ਼ਤਰ ਵਿੱਚ ਤਾਇਨਾਤ ਸੀ। ਇਹ ਘਟਨਾ ਸਵੇਰੇ 9.30 ਤੋਂ 10 ਵਜੇ ਦਰਮਿਆਨ ਵਾਪਰੀ। ਕਾਤਲ ਨੇ ਕਤਲ ਲਈ ਸਰਵਿਸ ਹਥਿਆਰ ਦੀ ਵਰਤੋਂ ਕੀਤੀ ਜੋ ਕਿ ਕਾਰਬਾਈਨ ਸੀ। ਜਦੋਂਕਿ ਮ੍ਰਿਤਕ ਦੀ ਪਛਾਣ ਬਲਜੀਤ ਕੌਰ ਅਤੇ ਲੜਕੇ ਦੀ ਪਛਾਣ ਬਲਪ੍ਰੀਤ ਸਿੰਘ (19) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕੁਝ ਦਿਨਾਂ ‘ਚ ਵਿਦੇਸ਼ ਜਾਣ ਵਾਲਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਸਾਢੇ 9 ਵਜੇ ਕਾਤਲ ਭੁਪਿੰਦਰ ਸਿੰਘ ਦਾ ਆਪਣੇ ਲੜਕੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਉਸ ਨੇ ਉਸ ’ਤੇ ਗੋਲੀ ਚਲਾ ਦਿੱਤੀ। ਗੋਲੀ ਦੀ ਆਵਾਜ਼ ਸੁਣ ਕੇ ਆਪਣੇ ਬੇਟੇ ਨੂੰ ਬਚਾਉਣ ਆਈ ਮਾਂ ਬਲਜੀਤ ਕੌਰ ਨੂੰ ਵੀ ਭੁਪਿੰਦਰ ਸਿੰਘ ਨੇ ਨਹੀਂ ਬਖਸ਼ਿਆ ਅਤੇ ਕਾਰਬਾਈਨ ਨਾਲ ਫਾਇਰ ਕਰ ਦਿੱਤਾ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਘਰ ‘ਚ ਬੰਨ੍ਹੇ ਪਾਲਤੂ ਕੁੱਤੇ ਦੇ ਭੌਂਕਣ ‘ਤੇ ਉਸ ਨੂੰ ਵੀ ਗੋਲੀ ਨਾਲ ਚੁੱਪ ਕਰਵਾ ਦਿੱਤਾ ਗਿਆ। ਜਿਸ ਤੋਂ ਬਾਅਦ ਉਕਤ ਕਾਤਲ ਆਪਣੀ ਸੈਂਟਰੋ ਕਾਰ ‘ਚ ਭੱਜਣ ਲੱਗਾ, ਇਸ ਦੌਰਾਨ ਗੁਆਂਢੀ ਔਰਤ ਮਨਜੀਤ ਕੌਰ ਜੋਕਿ ਪਹਿਲ੍ਹਾ ਗੋਲਿਆਂ ਦੀ ਆਵਾਜ ਸੁਣ ਕੇ ਘਰ ਦੇ ਅੰਦਰ ਗਈ ਅਤੇ ਫੇਰ ਆਪਣੀ ਮਾਂ ਨੂੰ ਦੱਸਣ ਲਈ ਆਪਣੇ ਘਰ ਗਈ। ਜਿਸ ਤੋਂ ਬਾਅਦ ਬਾਹਰ ਆਕਰ ਜੱਦ ਉਸਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਕਾਤਲ ਭੁਪਿੰਦਰ ਸਿੰਘ ਨੇ ਉਸ ਨੂੰ ਆਪਣੇ ਨਾਲ ਬੰਧਕ ਬਣਾ ਲਿਆ ਅਤੇ ਪਿੰਡ ਛੱਡ ਫਰਾਰ ਹੋ ਗਿਆ।
ਇਸੇ ਦੌਰਾਨ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਵੱਲੋਂ ਪੁਲੀਸ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਗੁਰਦਾਸਪੁਰ ਦੇ ਐਸਐਸਪੀ ਹਰੀਸ਼ ਦਿਆਮਾ ਨੇ ਖੁਦ ਜਾ ਕੇ ਮੌਕੇ ਦਾ ਮੁਆਇਨਾ ਕੀਤਾ। ਉਹਨਾਂ ਦੇ ਆਦੇਸ਼ਾ ਤੋਂ ਬਾਅਦ ਤੁਰੰਤ ਕੰਟਰੋਲ ਰੂਮ ਤੋਂ ਸੰਦੇਸ਼ ਜਾਰੀ ਕਰਕੇ ਪੁਲਿਸ ਵੱਲੋਂ ਹਰਕਤ ਵਿੱਚ ਆਉਂਦੇ ਹੋਏ ਸੰਤਰੋ ਦੀ ਕਾਰ ਦਾ ਨੰਬਰ ਫਲੈਸ਼ ਕਰਕੇ ਉਸ ਦਾ ਪਿੱਛਾ ਕਰ ਭਾਲ ਕੀਤੀ ਗਈ। ਅਤੇ ਜਲਦੀ ਹੀ ਕਾਤਲ ਦੀ ਲੋਕੇਸ਼ਨ ਦਾ ਪਤਾ ਲੱਗ ਗਿਆ ਅਤੇ ਉਹ ਬਟਾਲਾ ਦੇ ਸਿਵਲ ਲਾਈਨ ਥਾਣੇ ਅਧੀਨ ਪੈਂਦੇ ਨਵਾਂ ਪਿੰਡ ਵਿਖੇ ਕਿਸੇ ਰਿਸ਼ਤੇਦਾਰ ਦੇ ਘਰ ਪਾਈ ਗਈ। ਪੁਲਿਸ ਨੇ ਤੁਰੰਤ ਮੌਕੇ ਤੇ ਪੁਹੰਚ ਕੀਤੀ ਸੀਸੀਟੀਵੀ ਫੁਟੇਜ ਵੀ ਹਾਸਲ ਕੀਤੀ।
ਖੇਤਰ ਬਟਾਲਾ ਪੁਲਿਸ ਦੇ ਅਧੀਨ ਆਉਣ ਕਾਰਨ ਗੁਰਦਾਸਪੁਰ ਅਤੇ ਬਟਾਲਾ ਪੁਲਿਸ ਟੀਮ ਵੱਲੋਂ ਮਿਲ ਕੇ ਕਾਫੀ ਮੁਸ਼ੱਕਤ ਕੀਤੀ ਗਈ ਅਤੇ ਕਾਤਲ ਨੂੰ ਆਤਮ ਸਮਰਪਣ ਕਰਨ ਲਈ ਪ੍ਰੇਰਿਆ ਗਿਆ। ਪਰ ਪੁਲਿਸ ਦੇ ਸਮਝਾਉਣ ਤੇ ਉਕਤ ਕਾਤਲ ਨੇ ਅਗਵਾ ਕੀਤੀ ਗਈ ਔਰਤ ਨੂੰ ਤਾਂ ਜਰੂਰ ਛੁਡ ਦਿੱਤਾ ਪਰ ਸ਼ਾਮ 6 ਵਜੇ ਦੇ ਕਰੀਬ ਆਪਣੀ ਸਰਵਿਸ ਕਾਰਬਾਈਨ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ | ਪੁਲੀਸ ਵੱਲੋਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਭੇਜਿਆ ਗਿਆ ਪਰ ਉਹ ਬਚ ਨਾ ਸਕਿਆ।
ਇਸ ਸਬੰਧੀ ਐਸਐਸਪੀ ਹਰੀਸ਼ ਦਿਆਮਾ ਨੇ ਦੱਸਿਆ ਕਿ ਕਾਤਲ ਨੇ ਪੁਲੀਸ ਨੂੰ ਗੱਲਬਾਤ ਦੌਰਾਨ ਦੱਸਿਆ ਕਿ ਉਹ ਬਟਾਲਾ ਸ਼ਿਫਟ ਹੋਣਾ ਚਾਹੁੰਦਾ ਸੀ ਪਰ ਘਰ ਵਾਲੇ ਨਹੀਂ ਸਨ ਚਾਹੁੰਦੇ। ਬਾਕੀ ਹੋਰ ਹਾਲੇ ਜਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਐਸਐਸਪੀ ਹਰੀਸ਼ ਨੇ ਦੱਸਿਆ ਕਿ ਕਾਤਲ ਡਰਿਆ ਹੋਇਆ ਸੀ, ਜਿਸ ਕਾਰਨ ਪੁਲੀਸ ਨੇ ਮਨਜੀਤ ਕੌਰ ਨੂੰ ਬੜੀ ਮੁਸ਼ੱਕਤ ਨਾਲ ਛੁਡਵਾਇਆ। ਪਰ ਅੰਤ ਵਿੱਚ ਉਸਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਐਸਐਸਪੀ ਨੇ ਦੱਸਿਆ ਕਿ ਪੁਲੀਸ ਨੇ ਗੁਰਦਾਸਪੁਰ ਦੇ ਤਿੱਬੜ ਥਾਣੇ ਵਿੱਚ ਕਤਲ ਅਤੇ ਅਗਵਾ ਦਾ ਕੇਸ ਦਰਜ ਕੀਤਾ ਸੀ ਅਤੇ ਹੁਣ ਬਟਾਲਾ ਪੁਲੀਸ ਖੁਦਕੁਸ਼ੀ ਦਾ ਕੇਸ ਦਰਜ ਕਰੇਗੀ।