ਚੰਡੀਗੜ੍ਹ, 30 ਮਾਰਚ (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ‘ਤੇ ਲਗਾਤਾਰ ਸ਼ਿਕੰਜਾ ਕੱਸ ਰਹੀ ਹੈ। ਦੂਜੇ ਪਾਸੇ ਵਿਦੇਸ਼ਾਂ ਵਿੱਚ ਖਾਲਿਸਤਾਨ ਦੇ ਸਮਰਥਕ ਭਾਰਤ ਖਿਲਾਫ਼ ਕਈ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਹਨ। ਇਸ ਦੇ ਨਾਲ ਹੀ ਪੰਜਾਬ ਸਰਕਾਰ ‘ਤੇ ਦਬਾਅ ਬਣਾਉਣ ਲਈ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ‘ਤੇ ਨਿਸ਼ਾਨਾ ਸਾਧਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸੀਐਮ ਮਾਨ ਦੀ ਧੀ ਸੀਰਤ ਕੌਰ ਮਾਨ ਨੂੰ ਧਮਕੀਆਂ ਦੇਣ ਅਤੇ ਗਾਲ੍ਹਾਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਖਾਲਿਸਤਾਨ ਸਮਰਥਕ ਸੀਐਮ ਮਾਨ ਦੇ ਬੱਚਿਆਂ ਨੂੰ ਅਮਰੀਕਾ ਵਿੱਚ ਘੇਰਨ ਦੀ ਵੀ ਯੋਜਨਾ ਬਣਾ ਰਹੇ ਹਨ।
ਦਰਅਸਲ, ਇਸ ਗੱਲ ਦਾ ਖੁਲਾਸਾ ਇੱਕ ਫੇਸਬੁੱਕ ਪੋਸਟ ਰਾਹੀਂ ਹੋਇਆ ਹੈ, ਜਿਸ ਨੂੰ ਪਟਿਆਲਾ ਦੇ ਇੱਕ ਵਕੀਲ ਨੇ ਸਾਂਝਾ ਕੀਤਾ ਹੈ। ਇਸ ਵਿੱਚ ਮੁੱਖ ਮੰਤਰੀ ਮਾਨ ਦੀ ਧੀ ਸੀਰਤ ਕੌਰ ਨੂੰ ਖਾਲਿਸਤਾਨ ਸਮਰਥਕਾਂ ਵੱਲੋਂ ਧਮਕੀਆਂ ਅਤੇ ਦੁਰਵਿਵਹਾਰ ਕਰਨ ਬਾਰੇ ਇੱਕ ਪੋਸਟ ਸ਼ੇਅਰ ਕੀਤੀ ਗਈ ਸੀ।
ਮਾਨ ਦੀ ਸਾਬਕਾ ਪਤਨੀ ਇੰਦਰਪ੍ਰੀਤ ਕੌਰ ਗਰੇਵਾਲ ਨੇ ਵਕੀਲ ਹਰਮੀਤ ਬਰਾੜ ਦੀ ਇੱਕ ਫੇਸਬੁੱਕ ਪੋਸਟ ਸ਼ੇਅਰ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਇਸ ਵਿੱਚ ਉਸ ਨੇ ਲਿਖਿਆ ਕਿ ਬੱਚਿਆਂ ਨੂੰ ਧਮਕੀਆਂ ਦੇ ਕੇ ਅਤੇ ਗਾਲ੍ਹਾਂ ਕੱਢਣ ਨਾਲ ਕੀ ਤੁਸੀਂ ਖਾਲਿਸਤਾਨ ਦੀ ਪ੍ਰਾਪਤੀ ਕਰ ਸਕੋਗੇ ? ਇੰਦਰਪ੍ਰੀਤ ਦੋ ਬੱਚਿਆਂ ਨਾਲ ਅਮਰੀਕਾ ਵਿੱਚ ਰਹਿੰਦੀ ਹੈ।
ਗੌਰਤਲਬ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਇੰਦਰਪ੍ਰੀਤ ਨੇ 2015 ਵਿੱਚ ਅਲੱਗ ਰਹਿਣਾ ਸ਼ੁਰੂ ਕਰ ਦਿੱਤਾ ਸੀ ਅਤੇ ਬਾਅਦ ਵਿੱਚ ਉਹਨਾਂ ਦਾ ਤਲਾਕ ਹੋ ਗਿਆ ਸੀ। ਹੁਣ ਭਗਵੰਤ ਮਾਨ ਦਾ ਵਿਆਹ ਡਾਕਟਰ ਗੁਰਪ੍ਰੀਤ ਕੌਰ ਮਾਨ ਨਾਲ ਹੋਇਆ ਹੈ। ਦੱਸ ਦੇਈਏ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਿਛਲੇ ਸਾਲ 16 ਮਾਰਚ ਨੂੰ ਦੋਵੇਂ ਬੱਚੇ ਸੀਰਤ ਅਤੇ ਦਿਲਸ਼ਾਨ ਆਪਣੇ ਪਿਤਾ ਭਗਵੰਤ ਮਾਨ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਭਾਰਤ ਆਏ ਸਨ।