ਸਮਾਜਿਕ ਸੁਰੱਖਿਆ ਅਤੇ ਨਿਆਂ ਲਈ 7172 ਕਰੋੜ ਰੁਪਏ ਦਾ ਬਜਟ ਰੱਖਣ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਕੀਤਾ ਧੰਨਵਾਦ: ਡਾ. ਬਲਜੀਤ ਕੌਰ
33.26 ਲੱਖ ਬਜ਼ੁਰਗਾਂ, ਵਿਧਵਾਵਾਂ, ਦਿਵਿਆਂਗ ਵਿਅਕਤੀਆਂ ਅਤੇ ਬੇਸਹਾਰਾ ਬੱਚਿਆਂ ਤੇ ਔਰਤਾਂ ਲਈ 5650 ਕਰੋੜ ਰੁਪਏ ਰੱਖੇ
ਚੰਡੀਗੜ੍ਹ, 10 ਮਾਰਚ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਪੇਸ਼ ਕੀਤੇ ਸਾਲ 2023-24 ਦੇ ਬਜਟ ਵਿੱਚ ਸਮਾਜਿਕ ਸੁਰੱਖਿਆ ਅਤੇ ਨਿਆਂ ਨੂੰ ਤਰਜੀਹ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਉਨ੍ਹਾਂ ਦੱਸਿਆ ਕਿ ਅੱਜ ਪੇਸ਼ ਬਜਟ ਦੌਰਾਨ 33.26 ਲੱਖ ਬਜ਼ੁਰਗਾਂ, ਵਿਧਵਾਵਾਂ, ਦਿਵਿਆਂਗ ਵਿਅਕਤੀਆਂ ਅਤੇ ਬੇਸਹਾਰਾ ਬੱਚਿਆਂ ਤੇ ਔਰਤਾਂ ਲਈ 5650 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ, ਪੋਸ਼ਣ ਅਭਿਆਨ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਪਹੁੰਚਯੋਗ ਭਾਰਤ ਮੁਹਿੰਮ ਆਦਿ ਵੱਖ-ਵੱਖ ਭਲਾਈ ਸਕੀਮਾਂ ਲਈ 175 ਕਰੋੜ ਰੁਪਏ, ਜਦਕਿ ਔਰਤਾਂ ਦੀ ਮੁਫ਼ਤ ਬੱਸ ਸਹੂਲਤ ਲਈ 497 ਕਰੋੜ ਰੁਪਏ ਅਤੇ ਪੋਸਟ ਮੈਟ੍ਰਿਕ ਵਜ਼ੀਫਾ ਯੋਜਨਾ, ਅਸ਼ੀਰਵਾਦ ਯੋਜਨਾ ਅਤੇ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਲਈ 850 ਕਰੋੜ ਰੁਪਏ ਰੱਖੇ ਗਏ ਹਨ।
ਕੈਬਨਿਟ ਮੰਤਰੀ ਨੇ ਕਿਹਾ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦੂਸਰੇ ਬਜਟ ਵਿੱਚ ਬਜ਼ੁਰਗਾਂ, ਵਿਧਵਾਵਾਂ, ਦਿਵਿਆਂਗ ਵਿਅਕਤੀਆਂ, ਬੇਸਹਾਰਾ ਬੱਚਿਆਂ ਤੇ ਔਰਤਾਂ ਅਤੇ ਅਨੁਸੂਚਿਤ ਜਾਤੀ ਵਰਗ ਨੂੰ ਤਰਜੀਹ ਦਿੱਤੀ ਹੈ ਜਿਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿਚ ਬਜ਼ੁਰਗਾਂ, ਵਿਧਵਾਵਾਂ, ਦਿਵਿਆਂਗ ਵਿਅਕਤੀਆਂ, ਬੇਸਹਾਰਾ ਬੱਚਿਆਂ ਤੇ ਔਰਤਾਂ ਅਤੇ ਅਨੁਸੂਚਿਤ ਜਾਤੀ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕਾਰਜਸ਼ੀਲ ਹੈ।