ਗੁਰਦਾਸਪੁਰ, 10 ਮਾਰਚ (ਮੰਨਣ ਸੈਣੀ )। ਜ਼ਿਲ੍ਹਾ ਸਿੱਖਿਆ ਅਫਸਰ (ਸਕੈਡੰਰੀ), ਗੁਰਦਾਸਪੁਰ ਨੇ ਪੱਤਰ ਰਾਹੀਂ ਸੂਚਿਤ ਕੀਤਾ ਹੈ ਕਿ ਪੰਜਾਬ ਰਾਜ ਵਿਦਿਅਕ ਖੋਜ਼ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵਲੋ ਪੰਜਾਬ ਰਾਜ ਅਧਿਆਪਕਾ ਯੋਗਤਾ ਟੈਸਟ (ਪੀ.ਐੱਸ.ਟੀ.ਈ.ਟੀ.) ਦੀ ਪ੍ਰੀਖਿਆ ਮਿਤੀ 12.3.2023 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਸੈਂਟਰਾਂ ਵਿਖੇ ਸਵੇਰੇ 10.00 ਵਜੇ ਤੋਂ 12.30 ਵਜੇ ਤੱਕ ਅਤੇ ਦੁਪਿਹਰ 02.00 ਵਜੇ ਤੋਂ 04.30 ਵਜੇ ਤੱਕ ਕਰਵਾਈ ਜਾ ਰਹੀ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਪ੍ਰੀਖਿਆ ਕੇਂਦਰਾਂ ਦੇ ਆਲੇ ਦੁਆਲੇ ਵਿਘਨ ਪਾਉਣ ਵਾਲੇ ਅਨਸਰ ਇਕੱਠੇ ਹੋ ਜਾਂਦੇ ਹਨ। ਇਸ ਲਈ ਪ੍ਰੀਖਿਆ ਵਿੱਚ ਵਿਘਨ ਪਾਉਣ ਵਾਲੇ ਅਨਸਰਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਟਰੈਫਿਕ ਦੀ ਵਿਵਸਥਾ ਨੂੰ ਸੁਚਾਰੂ ਬਣਾਈ ਰੱਖਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੇ ਲਈ ਇਹਨਾਂ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੀ ਲੋੜ ਹੈ ਅਤੇ ਸਾਰੇ ਪ੍ਰੀਖਿਆ ਕੇਂਦਰਾਂ ਦੇ ਆਲੇ ਦੁਆਲੇ ਦੇ 100 ਮੀਟਰ ਦੇ ਘੇਰੇ ਅੰਦਰ ਆਮ ਪਬਲਿਕ ਦੇ ਇਕੱਠੇ ਹੋਣ ਦੀ ਮਨਾਹੀ ਕਰਨਾ ਅਤਿ ਜ਼ਰੂਰੀ ਹੈ, ਤਾਂ ਕਿ ਅਜਿਹੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਉਪਰੋਕਤ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸ੍ਰੀਮਤੀ ਅਮਨਦੀਪ ਕੌਰ, ਪੀ.ਸੀ.ਐਸ., ਵਧੀਕ ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਸਥਾਪਿਤ ਕੀਤੇ ਗਏ ਪ੍ਰੀਖਿਆਵਾਂ ਕੇਂਦਰਾਂ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ ਵਿੱਚ ਲੋਕਾਂ ਦੇ ਇਕੱਠੇ ਹੋਣ ’ਤੇ ਮਿਤੀ 12.3.2023 ਨੂੰ ਪਾਬੰਦੀ ਲਗਾ ਦਿੱਤੀ ਹੈ, ਪਰ ਇਹ ਹੁਕਮ ਉਹਨਾਂ ਵਿਅਕਤੀਆਂ ’ਤੇ ਲਾਗੂ ਨਹੀਂ ਹੋਵੇਗਾ ਜੋ ਇਹਨਾਂ ਪ੍ਰੀਖਿਆਵਾਂ ਵਿਚ ਡਿਊਟੀ ’ਤੇ ਹੋਣਗੇ।