ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਤੇ ਚੇਅਰਮੈਨ ਰਮਨ ਬਹਿਲ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਕਲੀਨਿਕ ਦਾ ਉਦਘਾਟਨ
ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਦਾਨੀ ਸ. ਇੰਦਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਪਰਿਵਾਰ ਦਾ ਸਨਮਾਨ
ਗੁਰਦਾਸਪੁਰ, 6 ਮਾਰਚ ( ਮੰਨਣ ਸੈਣੀ) । ਪਿੰਡ ਬਰਿਆਰ ਦੇ ਵਸਨੀਕ ਸ. ਇੰਦਰਜੀਤ ਸਿੰਘ ਬੈਂਸ (ਰਿਟਾਇਡ ਇੰਸਪੈਕਟਰ ਪੰਜਾਬ ਰੋਡਵੇਜ਼) ਵੱਲੋਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਨੂੰ ਦਾਨ ਵਿੱਚ ਦਿੱਤੀ ਇਮਾਰਤ ਵਿੱਚ ਬਣਾਈ ਗਈ ਡਿਸਪੈਂਸਰੀ ਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਮੌਕੇ ਇਮਾਰਤ ਦਾਨ ਕਰਨ ਵਾਲੇ ਦਾਨੀ ਸ. ਇੰਦਰਜੀਤ ਸਿੰਘ ਬੈਂਸ, ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਬਲਬੀਰ ਕੌਰ, ਉੱਘੇ ਜਨਤਕ ਆਗੂ ਸ੍ਰੀ ਸ਼ਮਸ਼ੇਰ ਸਿੰਘ, ਐੱਸ.ਡੀ.ਐੱਮ. ਦੀਨਾਨਗਰ ਸ. ਪਰਮਪ੍ਰੀਤ ਸਿੰਘ ਗੁਰਾਇਆ, ਸ੍ਰੀ ਰਾਜੀਵ ਸਿੰਘ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ, ਐੱਚ.ਡੀ.ਐੱਫ.ਸੀ. ਬੈਂਕ ਦੇ ਮੈਨੇਜਰ ਸ. ਹਰਜਿੰਦਰ ਸਿੰਘ ਅਤੇ ਇਲਾਕੇ ਦੇ ਹੋਰ ਵੀ ਮੋਹਤਬਰ ਹਾਜ਼ਰ ਸਨ। ਇਸ ਡਿਸਪੈਂਸਰੀ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਕਲੀਨਿਕ ਰੱਖਿਆ ਗਿਆ ਹੈ।
ਇਸ ਮੌਕੇ ਸ. ਇੰਦਰਜੀਤ ਸਿੰਘ ਬੈਂਸ ਵੱਲੋਂ ਜ਼ਿਲ੍ਹਾ ਰੈੱਡ ਕਰਾਸੁਾਇਟੀ ਗੁਰਦਾਸਪੁਰ ਦੇ ਪ੍ਰਧਾਨ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੂੰ ਇਮਾਰਤ ਦੀ ਰਜ਼ਿਸਟਰੀ ਦੇ ਕਾਗਜ਼ਾਤ ਸੌਂਪੇ ਗਏ। ਇਸ ਮੌਕੇ ਸ. ਇੰਦਰਜੀਤ ਸਿੰਘ ਬੈਂਸ ਨੇ ਕਿਹਾ ਕਿ ਇਹ ਇਮਾਰਤ ਉਨ੍ਹਾਂ ਨੇ ਆਪਣੇ ਦਾਦਾ ਸਰਦਾਰ ਬਹਾਦਰ ਡਾ. ਸੇਵਾ ਸਿੰਘ ਦੀ ਯਾਦ ਵਿੱਚ ਤਿਆਰ ਕੀਤੀ ਸੀ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀਆਂ ਸਿਹਤ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੇ ਇਹ ਇਮਾਰਤ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੂੰ ਡਿਸਪੈਂਸਰੀ ਲਈ ਦਾਨ ਦਿੱਤੀ ਹੈ ਅਤੇ ਉਨ੍ਹਾਂ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਇਥੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਕਲੀਨਿਕ ਦੀ ਸ਼ੁਰੂਆਤ ਕਰ ਦਿੱਤੀ ਹੈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦਾਨੀ ਸ. ਇੰਦਰਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀ ਬਲਬੀਰ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਿਸਪੈਂਸਰੀ ਲਈ ਇਮਾਰਤ ਦਾਨ ਕਰਨ ਲਈ ਰੈੱਡ ਕਰਾਸ ਸੁਸਾਇਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦਾ ਬਹੁਤ ਧੰਨਵਾਦੀ ਹੈ। ਉਨ੍ਹਾਂ ਕਿਹਾ ਕਿ ਰੈੱਡ ਕਰਾਸ ਸੁਸਾਇਟੀ ਵੱਲੋਂ ਇਥੇ ਸਾਰਾ ਬੁਨਿਆਦੀ ਢਾਂਚਾ ਮੁਹੱਈਆ ਕਰਵਾ ਕੇ ਡਾਕਟਰ ਅਤੇ ਦਵਾਈਆਂ ਦਾ ਪ੍ਰਬੰਧ ਕਰ ਲਿਆ ਹੈ ਅਤੇ ਅੱਜ ਤੋਂ ਹੀ ਇਸ ਡਿਸਪੈਂਸਰੀ ਨੇ ਪਿੰਡ ਬਰਿਆਰ ਸਮੇਤ ਪੂਰੇ ਇਲਾਕੇ ਨੂੰ ਸਿਹਤ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਡਿਸਪੈਂਸਰੀ ਦੇ ਸ਼ੁਰੁ ਹੋਣ ਨਾਲ ਰੈੱਡ ਕਰਾਸ ਸੁਸਾਇਟੀ ਦਾ ਸੇਵਾ ਘੇਰਾ ਹੋਰ ਵਿਸ਼ਾਲ ਹੋਇਆ ਹੈ।
ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਵੀ ਸ. ਇੰਦਰਜੀਤ ਸਿੰਘ ਬੈਂਸ ਦੀ ਇਸ ਸੇਵਾ ਭਾਵਨਾ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇਹ ਡਿਸਪੈਂਸਰੀ ਮੀਲ-ਪੱਥਰ ਸਾਬਤ ਹੋਵੇਗੀ। ਇਸ ਮੌਕੇ ਉੱਘੇ ਜਨਤਕ ਆਗੂ ਸ੍ਰੀ ਸ਼ਮਸ਼ੇਰ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਦਾਨੀ ਸ. ਇੰਦਰਜੀਤ ਸਿੰਘ ਬੈਂਸ, ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਬਲਬੀਰ ਕੌਰ ਅਤੇ ਐੱਸ.ਡੀ.ਐੱਫ.ਸੀ. ਦੇ ਮੈਨੇਜਰ ਸ. ਹਰਜਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।