ਗੁਰਦਾਸਪੁਰ ਪੰਜਾਬ

ਰਾਸ਼ਟਰਪਤੀ ਐਵਾਰਡ ਜੇਤੂ ਪਿੰਡ ਪੇਰੋਸ਼ਾਹ ਦੀ ਪੰਚਾਇਤ ਨੂੰ ਡਿਪਟੀ ਕਮਿਸ਼ਨਰ ਵੱਲੋਂ ਵਧਾਈ

ਰਾਸ਼ਟਰਪਤੀ ਐਵਾਰਡ ਜੇਤੂ ਪਿੰਡ ਪੇਰੋਸ਼ਾਹ ਦੀ ਪੰਚਾਇਤ ਨੂੰ ਡਿਪਟੀ ਕਮਿਸ਼ਨਰ ਵੱਲੋਂ ਵਧਾਈ
  • PublishedMarch 6, 2023

ਗੁਰਦਾਸਪੁਰ, 6 ਮਾਰਚ (ਮੰਨਣ ਸੈਣੀ) । ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪੈਰੋਸ਼ਾਹ ਨੂੰ ਰਾਸ਼ਟਰਪਤੀ ਜੀ ਵੱਲੋਂ ‘ਸਵੱਛ ਸੁਜਲ ਸ਼ਕਤੀ ਸਨਮਾਨ-2023’ ਮਿਲਣ ’ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਆਪਣੇ ਦਫ਼ਤਰ ਵਿਖੇ ਪਿੰਡ ਪੇਰੋਸ਼ਾਹ ਦੀ ਸਰਪੰਚ ਸ੍ਰੀਮਤੀ ਹਰਜਿੰਦਰ ਕੌਰ ਦੀ ਅਗਵਾਈ ਹੇਠ ਸਮੁੱਚੀ ਪੰਚਾਇਤ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੱਤੀ ਹੈ।

ਪਿੰਡ ਪੇਰੋਸ਼ਾਹ ਦੀ ਪੰਚਾਇਤ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਪਿੰਡ ਪੇਰੋਸ਼ਾਹ ਨੂੰ ਕੌਮੀ ਪੱਧਰ ’ਤੇ ਸਨਮਾਨ ਮਿਲਣ ਨਾਲ ਜ਼ਿਲ੍ਹੇ ਤੇ ਸੂਬੇ ਦੇ ਹੋਰ ਪਿੰਡ ਵੀ ਗੰਦੇ ਪਾਣੀ ਅਤੇ ਕੂੜਾ ਕਰਕਟ ਦੇ ਸੁਚੱਜੇ ਪ੍ਰਬੰਧਨ ਲਈ ਪ੍ਰੇਰਿਤ ਹੋਣਗੇ। ਉਨ੍ਹਾਂ ਕਿਹਾ ਕਿ ਪੇਰੋਸ਼ਾਹ ਪਿੰਡ ਨੇ ਪੂਰੇ ਦੇਸ਼ ਵਿੱਚ ਜ਼ਿਲ੍ਹਾ ਗੁਰਦਾਸਪੁਰ ਦਾ ਨਾਮ ਰੌਸ਼ਨ ਕੀਤਾ ਹੈ ਜਿਸ ਲਈ ਉਹ ਪਿੰਡ ਦੀ ਸਰਪੰਚ ਸ੍ਰੀਮਤੀ ਹਰਜਿੰਦਰ ਕੌਰ ਅਤੇ ਸਮੁੱਚੀ ਪੰਚਾਇਤ ਨੂੰ ਵਧਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਪੇਰੋਸ਼ਾਹ ਦੇ ਵਿਕਾਸ ਕਾਰਜਾਂ ਲਈ ਭਵਿੱਖ ਵਿੱਚ ਵੀ ਪੂਰਾ ਸਹਿਯੋਗ ਦਿੱਤਾ ਜਾਵੇਗਾ।

ਪਿੰਡ ਦੀ ਸਰਪੰਚ ਸ੍ਰੀਮਤੀ ਹਰਜਿੰਦਰ ਕੌਰ ਨੇ ਰਾਸ਼ਟਰਪਤੀ ਜੀ ਵੱਲੋਂ ਮਿਲੇ ‘ਸਵੱਛ ਸੁਜਲ ਸ਼ਕਤੀ ਸਨਮਾਨ-2023’ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਵੱਲੋਂ ਗੰਦੇ ਪਾਣੀ ਨੂੰ ਥਾਪਰ ਤਕਨੀਕ ਦੀ ਵਰਤੋਂ ਕਰਕੇ ਸਾਫ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਵਰਤੋਂ ਸਿੰਚਾਈ ਲਈ ਕੀਤੀ ਜਾ ਰਹੀ ਹੈ। ਔਖੇ ਸਮੇਂ ਵਿਚ ਇਹ ਪਾਣੀ ਪਿੰਡ ਵਾਸੀਆਂ ਦੀਆਂ ਹੋਰਨਾਂ ਜ਼ਰੂਰਤਾਂ ਲਈ ਵੀ ਵਰਤਿਆਂ ਜਾਂਦਾ ਹੈ। ਇਸ ਤੋਂ ਇਲਾਵਾ ਪਿੰਡ ਵਿਚ ਹੀ ਕੂੜੇ ਤੋਂ ਖਾਦ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਨਾਲ ਪਿੰਡ ਵਿੱਚ ਵਿਕਾਸ ਕਾਰਜ ਜਾਰੀ ਰਹਿਣਗੇ।

ਇਸ ਮੌਕੇ ਡੀ.ਡੀ.ਪੀ.ਓ. ਸ੍ਰੀ ਸਤੀਸ਼ ਕੁਮਾਰ, ਬੀ.ਡੀ.ਪੀ.ਓ ਗੁਰਜੀਤ ਸਿੰਘ, ਦਲਜੀਤ ਸਿੰਘ ਗ੍ਰਾਮ ਰੋਜ਼ਗਾਰ ਸੇਵਕ, ਸ੍ਰੀਮਤੀ ਨਰਿੰਦਰ ਕੌਰ ਮੈਂਬਰ, ਦਵਿੰਦਰ ਕੌਰ ਮੈਂਬਰ, ਸੁਖਰਾਜ ਸਿੰਘ ਕਾਹਲੋਂ, ਸਾਬਕਾ ਸਰਪੰਚ ਪਰਮਜੀਤ ਸਿੰਘ ਵੀ ਹਾਜ਼ਰ ਸਨ।    

Written By
The Punjab Wire