Close

Recent Posts

ਗੁਰਦਾਸਪੁਰ

ਚੇਅਰਮੈਨ ਰਮਨ ਬਹਿਲ ਨੇ ‘ਸਕੂਲ ਆਫ ਐਮੀਨੈਂਸ’ ਗੁਰਦਾਸਪੁਰ ਵਿੱਚ ਨਵੇਂ ਸੈਸ਼ਨ ਦੇ ਦਾਖਲੇ ਦੀ ਸ਼ੁਰੂਆਤ ਕੀਤੀ

ਚੇਅਰਮੈਨ ਰਮਨ ਬਹਿਲ ਨੇ ‘ਸਕੂਲ ਆਫ ਐਮੀਨੈਂਸ’ ਗੁਰਦਾਸਪੁਰ ਵਿੱਚ ਨਵੇਂ ਸੈਸ਼ਨ ਦੇ ਦਾਖਲੇ ਦੀ ਸ਼ੁਰੂਆਤ ਕੀਤੀ
  • PublishedMarch 6, 2023

9ਵੀਂ ਤੇ 11ਵੀਂ ਜਮਾਤ ਦੇ ਵਿਦਿਆਰਥੀ ਦਾਖਲ ਹੋਣਗੇ ਸਕੂਲ ਆਫ ਐਮੀਨੈਂਸ ਵਿੱਚ

ਚੇਅਰਮੈਨ ਰਮਨ ਬਹਿਲ ਵੱਲੋਂ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਆਫ ਐਮੀਨੈਂਸ ਵਿੱਚ ਦਾਖਲ ਕਰਵਾਉਣ ਦੀ ਅਪੀਲ

ਗੁਰਦਾਸਪੁਰ, 6 ਮਾਰਚ 2023 (ਮੰਨਣ ਸੈਣੀ) । ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਸ਼ਹਿਰ ਵਿਖੇ ਸ਼ੁਰੂ ਕੀਤੇ ਸਕੂਲ ਆਫ ਐਮੀਨੈਂਸ (ਕੋ-ਐਜੂਕੇਸ਼ਨ) ਵਿਖੇ ਦਾਖਲਾ ਮੁਹਿੰਮ ਦੀ ਸ਼ੁਰੂਆਤ ਅੱਜ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਦਾਖਲਾ ਪੋਸਟਰ ਜਾਰੀ ਕਰਕੇ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਅਮਰਜੀਤ ਸਿੰਘ ਭਾਟੀਆ, ਡਿਪਟੀ ਡੀ.ਈ.ਓ. ਬਲਬੀਰ ਸਿੰਘ ਘੁੰਮਣ, ਪ੍ਰਿੰਸੀਪਲ ਸ੍ਰੀ ਰਮੇਸ਼ ਠਾਕੁਰ, ਲੈਕਚਰਾਰ ਅਮਰਜੀਤ ਸਿੰਘ ਪੁਰੇਵਾਲ ਅਤੇ ਸਮੂਹ ਸਟਾਫ ਹਾਜ਼ਰ ਸੀ।

ਇਸ ਮੌਕੇ ਗੱਲ ਕਰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਇਸ ਉਪਰਾਲੇ ਦਾ ਮੰਤਵ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੇ ਦਾਖ਼ਲਿਆਂ ਨੂੰ ਬੜਾਵਾ ਦੇਣਾ ਹੈ। ਉਨਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਗੁਰਦਾਸਪੁਰ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਸ੍ਰੀ ਹਰਗੋਬਿੰਦਪੁਰ ਸਾਹਿਬ ਅਤੇ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਧਰਮਪੁਰਾ ਕਲੋਨੀ ਬਟਾਲਾ ਨੂੰ ਸਕੂਲ ਆਫ਼ ਐਮੀਨੈਂਸ ਬਣਾਇਆ ਗਿਆ ਹੈ ਅਤੇ ਇਨ੍ਹਾਂ ਸਕੂਲ ਆਫ ਐਮੀਨੈਂਸ ਵਿੱਚ ਨੌਵੀਂ ਤੋਂ ਬਾਰਵੀਂ ਤੱਕ ਦੇ ਦਾਖਲਿਆਂ ਲਈ ਪੰਜਾਬ ਸਰਕਾਰ ਵੱਲੋਂ ਆਨ ਲਾਈਨ ਪੋਰਟਲ ਵੀ ਖੋਲ੍ਹ ਦਿੱਤਾ ਗਿਆ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ 9ਵੀਂ ਅਤੇ 11ਵੀਂ ਜਮਾਤ ਦੇ ਦਾਖਲੇ ਲਈ ਸਕੂਲ ਆਫ ਐਮੀਨੈਂਸ ਵਿੱਚ ਦਾਖਲ ਕਰਵਾਉਣ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਸਕੂਲ ਆਫ਼ ਐਮੀਨੈਂਸ ਰਾਹੀਂ ਸਿੱਖਿਆ ਖੇਤਰ ਵਿੱਚ ਜੋ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਜਾ ਰਹੀ ਹੈ ਇਹ ਸਵਾਗਤਯੋਗ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਤੇ ਸਿਹਤ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਤਰਜੀਹੀ ਖੇਤਰ ਹਨ ਅਤੇ ਇਨ੍ਹਾਂ ਦੋਵਾਂ ਖੇਤਰਾਂ ਦੀ ਬਿਹਤਰੀ ਲਈ ਯਤਨ ਜਾਰੀ ਹਨ।

ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਅਮਰਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਇਸ ਵਿਦਿਅਕ ਸੈਸ਼ਨ ਦੌਰਾਨ ਸਕੂਲ ਆਫ਼ ਐਮੀਨੈਂਸ ਵਿੱਚ ਨੌਵੀਂ ਅਤੇ 11ਵੀਂ ਜਮਾਤ ਦਾ ਦਾਖਲਾ ਹੋਵੇਗਾ ਅਤੇ ਸਾਇੰਸ (ਮੈਡੀਕਲ, ਨਾਨ ਮੈਡੀਕਲ) ਕਾਮਰਸ, ਆਰਟਸ ਅਤੇ ਵੋਕੇਸ਼ਨਲ ਗਰੁੱਪਾਂ ਦੀ ਪੜ੍ਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਬਿਲਕੁਲ ਮੁਫ਼ਤ ਕਰਵਾਈ ਜਾਵੇਗੀ ਅਤੇ ਵਿਦਿਆਰਥੀਆਂ ਨੂੰ 40 ਕਿਲੋਮੀਟਰ ਤੱਕ ਮੁਫ਼ਤ ਟਰਾਂਸਪੋਰਟ ਦੀ ਸਹੂਲਤ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਕੂਲ ਆਫ਼ ਐਮੀਨੈਂਸ ਵਿੱਚ ਦਾਖਲੇ ਲਈ 19 ਮਾਰਚ ਨੂੰ ਦਾਖਲਾ ਟੈਸਟ ਹੋਵੇਗਾ ਅਤੇ ਮੈਰਿਟ ਦੇ ਅਧਾਰ ’ਤੇ ਵਿਦਿਆਰਥੀਆਂ ਨੂੰ ਦਾਖਲਾ ਮਿਲੇਗਾ। ਉਨ੍ਹਾਂ ਕਿਹਾ ਕਿ 75 ਫੀਸਦੀ ਸੀਟਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਜਦਕਿ 25 ਫੀਸਦੀ ਸੀਟਾਂ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਲਈ ਰਾਖਵੀਆਂ ਹੋਣਗੀਆਂ।

Written By
The Punjab Wire