ਚੰਡੀਗੜ੍ਹ, 28 ਫਰਵਰੀ 2023 (ਦੀ ਪੰਜਾਬ ਵਾਇਰ)। ਸੂਬੇ ਵਿੱਚ ਤਕਨੀਕੀ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ.), ਰੂਪਨਗਰ ਨੇ ਕਲਾਸ ਇੰਡੀਆ ਪ੍ਰਾਈਵੇਟ ਲਿਮਟਿਡ ਨਾਲ ਇੱਕ ਸਮਝੌਤਾ ਸਹੀਬੱਧ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਵਿਭਾਗ ਪੰਜਾਬ ਵਿੱਚ ਤਕਨੀਕੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਹੈ।
ਸ. ਬੈਂਸ ਨੇ ਦੱਸਿਆ ਕਿ ਕਲਾਸ ਇੰਡੀਆ ਪ੍ਰਾਈਵੇਟ ਲਿਮਟਿਡ ਨਾਲ ਸਮਝੌਤਾ ਸਹੀਬੱਧ ਕਰਨ ਨਾਲ ਇਹ ਪਹਿਲਕਦਮੀ ਸਰਕਾਰੀ ਆਈ.ਟੀ.ਆਈ., ਰੂਪਨਗਰ ਵਿੱਚ ਸ਼ੁਰੂ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਰਕਾਰੀ ਆਈ.ਟੀ.ਆਈ. ਰੂਪਨਗਰ ਨੂੰ ਮਜ਼ਬੂਤ ਅਤੇ ਅਪਗ੍ਰੇਡ ਕਰਨ ਲਈ ਪੰਜਾਬ ਸਰਕਾਰ ਦੀ ਤਰਫੋਂ ਸ੍ਰੀਮਤੀ ਸੀਮਾ ਜੈਨ, ਆਈ.ਏ.ਐਸ., ਏ.ਸੀ.ਐਸ., ਟੀ.ਈ. ਐਂਡ ਆਈ.ਟੀ. ਅਤੇ ਸ. ਡੀ.ਪੀ.ਐਸ. ਖਰਬੰਦਾ, ਆਈ.ਏ.ਐਸ., ਡਾਇਰੈਕਟਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਨੇ ਕਲਾਸ ਇੰਡੀਆ ਪ੍ਰਾਈਵੇਟ ਲਿਮਟਿਡ, ਮੋਰਿੰਡਾ ਨਾਲ ਇਹ ਸਮਝੌਤਾ ਸਹੀਬੱਧ ਕੀਤਾ ਹੈ।
ਕਲਾਸ ਇੰਡੀਆ, ਜਰਮਨੀ ਦੇ ਕਲਾਸ ਸਮੂਹ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ ਜਿਸਦਾ ਮੁੱਖ ਦਫਤਰ ਵੈਸਟਫਾਲੀਆ ਸੂਬੇ ਵਿੱਚ ਹਰਸੇਵਿੰਕਲ ਵਿਖੇ ਸਥਿਤ ਹੈ। ਸਾਲ 1991 ਵਿੱਚ ਸ਼ੁਰੂਆਤ ਤੋਂ ਲੈ ਕੇ, ਕਲਾਸ ਇੰਡੀਆ ਵਿਖੇ ਕੰਬਾਈਨ ਹਾਰਵੈਸਟਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜੋ ਵਾਢੀ ਦੀਆਂ ਸਥਾਨਕ ਸਥਿਤੀਆਂ ਲਈ ਢੁਕਵੀਂਆਂ ਹਨ। ਕਲਾਸ ਇੰਡੀਆ ਹਾਰਵੈਸਟਿੰਗ ਕੰਬਾਈਨ ਵਰਕਸ਼ਾਪ, ਉਪਕਰਨ, ਕੰਪਿਊਟਰ ਲੈਬ, ਪਲੇਸਮੈਂਟ ਲੈਬ, ਸਮਾਰਟ ਕਲਾਸਰੂਮ ਸ਼ੁਰੂ ਕਰਨ, ਆਰ.ਓ. ਸਿਸਟਮ ਲਗਾਉਣ, ਸਿਵਲ ਬੁਨਿਆਦੀ ਢਾਂਚੇ ਨੂੰ ਤਿਆਰ ਕਰਨ ਅਤੇ ਹੁਨਰਮੰਦ ਸਿਖਿਆਰਥੀਆਂ ਦੀ ਨਿਯੁਕਤੀ ਲਈ ਪਹਿਲਕਦਮੀਆਂ ਸ਼ੁਰੂ ਕਰੇਗਾ।
ਸ. ਬੈਂਸ ਨੇ ਦੱਸਿਆ ਕਿ ਇਸ ਨਾਲ ਸਰਕਾਰੀ ਆਈ.ਟੀ.ਆਈ., ਰੂਪਨਗਰ ਦੇ ਸਿਖਿਆਰਥੀਆਂ ਨੂੰ ਆਪਣੇ ਹੁਨਰ ਨਿਖਾਰਨ, ਸਵੈ-ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਬਿਹਤਰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਿੱਚ ਸਹਾਇਤਾ ਕਰੇਗਾ। ਇਸ ਸਬੰਧੀ ਦੋਵਾਂ ਧਿਰਾਂ ਨੇ 28.02.2023 ਨੂੰ ਸਮਝੌਤਾ ਸਹੀਬੱਧ ਕੀਤਾ। ਇਸ ਉਪਰੰਤ ਪ੍ਰੋਗਰਾਮ ਨੂੰ ਲਾਗੂ ਕਰਨ ਦੀ ਸ਼ੁਰੂਆਤ ਹੋਵੇਗੀ।