ਗੁਰਦਾਸਪੁਰ ਪੰਜਾਬ

ਮਿਸ਼ਨ ‘ਅਬਾਦ’ ਤਹਿਤ ਪਿੰਡ ਗੁਰਚੱਕ ਵਿਖੇ ਲਗਾਇਆ ਗਿਆ 6ਵਾਂ ਵਿਸ਼ੇਸ਼ ਕੈਂਪ

ਮਿਸ਼ਨ ‘ਅਬਾਦ’ ਤਹਿਤ ਪਿੰਡ ਗੁਰਚੱਕ ਵਿਖੇ ਲਗਾਇਆ ਗਿਆ 6ਵਾਂ ਵਿਸ਼ੇਸ਼ ਕੈਂਪ
  • PublishedFebruary 28, 2023

ਕੈਂਪ ਦੌਰਾਨ ਗੁਰਚੱਕ, ਸ਼ਹਿਜਾਦਾ ਨੰਗਲ, ਸ਼ਹਿਜਾਦਾ ਕਲਾਂ, ਧਰਮਾਬਾਦ, ਮਹਿਤਾ ਤੇ ਗੁਣੀਆਂ ਦੇ 404 ਵਿਅਕਤੀਆਂ ਨੇ ਭਲਾਈ ਯੋਜਨਾਵਾਂ ਦਾ ਲਾਭ ਲਿਆ

ਸਰਹੱਦੀ ਇਲਾਕੇ ਦੇ ਵਸਨੀਕਾਂ ਨੂੰ ਉਨ੍ਹਾਂ ਦੇ ਪਿੰਡਾਂ ਵਿੱਚ ਸਰਕਾਰੀ ਸਹੂਲਤਾਂ ਦੇਣ ਦਾ ਸਬੱਬ ਬਣ ਰਹੇ ਹਨ ਅਬਾਦ ਕੈਂਪ : ਡਿਪਟੀ ਕਮਿਸ਼ਨਰ

ਡੇਰਾ ਬਾਬਾ ਨਾਨਕ/ਗੁਰਦਾਸਪੁਰ, 28 ਫਰਵਰੀ (ਮੰਨਣ ਸੈਣੀ ) । ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸਰਹੱਦੀ ਖੇਤਰ ਦੇ ਵਿਕਾਸ ਲਈ ਚਲਾਏ ਜਾ ਰਹੇ ਮਿਸ਼ਨ ‘ਅਬਾਦ’ (ਐਬਸੀਲਿਊਟ ਬਾਰਡਰ ਏਰੀਆ ਡਿਵੈਲਪਮੈਂਟ) ਤਹਿਤ ਤਹਿਸੀਲ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡ ਗੁਰਚੱਕ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਅੱਜ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਪਿੰਡ ਗੁਰਚੱਕ ਤੋਂ ਇਲਾਵਾ ਸਰਹੱਦੀ ਪਿੰਡ ਸ਼ਹਿਜਾਦਾ ਨੰਗਲ, ਸ਼ਹਿਜਾਦਾ ਕਲਾਂ, ਧਰਮਾਬਾਦ, ਮਹਿਤਾ ਤੇ ਗੁਣੀਆਂ ਦੇ ਵਸਨੀਕਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ, ਜਿਸ ਦੌਰਾਨ 404 ਵਿਅਕਤੀਆਂ ਨੇ ਸਰਕਾਰ ਦੀਆਂ ਵੱਖ-ਵੱਖ ਭਲਾਈ ਯੋਜਨਾਵਾਂ ਦਾ ਲਾਭ ਲਿਆ।

ਪਿੰਡ ਗੁਰਚੱਕ ਵਿਖੇ ਮਿਸ਼ਨ ‘ਅਬਾਦ’ ਤਹਿਤ ਲੱਗੇ ਕੈਂਪ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਮੁੱਖ ਮਕਸਦ ਸਰਹੱਦੀ ਪੱਟੀ ਨਾਲ ਰਹਿੰਦੇ ਲੋਕਾਂ ਨੂੰ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਦੇਣਾ ਹੈ ਅਤੇ ਨਾਲ ਇਨ੍ਹਾਂ ਪਿੰਡਾਂ ਵਿੱਚ ਵਿਕਾਸ ਪੱਖੋਂ ਜੋ ਘਾਟਾਂ ਹਨ ਉਨ੍ਹਾਂ ਨੂੰ ਦੂਰ ਕਰਨਾ ਹੈ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਜਿਥੇ ਵੱਖ-ਵੱਖ ਵਿਭਾਗਾਂ ਵੱਲੋਂ ਸਟਾਲ ਲਗਾ ਕੇ ਲੋਕਾਂ ਨੂੰ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਓਥੇ ਸਿਹਤ ਵਿਭਾਗ ਵੱਲੋਂ ਲਗਾਏ ਜਾਂਦੇ ਕੈਂਪ ਵੀ ਵਰਦਾਨ ਸਾਬਤ ਹੋ ਰਹੇ ਹਨ। ਮੈਡੀਕਲ ਕੈਂਪ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਮੁੱਢਲੀ ਜਾਂਚ ਕਰਕੇ ਮੁਫ਼ਤ ਦਵਾਈ ਦਿੱਤੀ ਜਾਂਦੀ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਗੇ ਦੱਸਿਆ ਕਿ ਆਬਾਦ ਕੈਂਪਾਂ ਦੌਰਾਨ ਭਾਰਤੀ ਫੌਜ, ਬੀ.ਐੱਸ.ਐੱਫ. ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਭਰਤੀ ਸਬੰਧੀ ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ’ਤੇ ਜਾਣਕਾਰੀ ਦਿੱਤੀ ਜਾਂਦੀ ਹੈ।

ਅੱਜ ਦੇ ਅਬਾਦ ਕੈਂਪ ਦੌਰਾਨ ਸੇਵਾ ਕੇਂਦਰ ਨੇ 17 ਅਧਾਰ ਕਾਰਡ ਅਤੇ ਈ. ਸੇਵਾ ਵਿੱਚ ਜਾਤੀ ਸਰਟੀਫਿਕੇਟ, ਆਮਦਨ, ਰੂਰਲ, ਰੈਜੀਡੈਂਸ ਅਤੇ ਬਾਰਡਰ ਏਰੀਏ ਦੇ 16 ਸਰਟੀਫਿਕੇਟ ਮੌਕੇ ’ਤੇ ਜਾਰੀ ਕੀਤੇ। ਇਸ ਮੌਕੇ ਸਿਹਤ ਵਿਭਾਗ ਵੱਲੋਂ ਲਗਾਏ ਸਟਾਲ ’ਤੇ ਮਾਹਿਰ ਡਾਕਟਰਾਂ ਵੱਲੋਂ 103 ਮਰੀਜਾਂ ਦੀ ਮੁੱਢਲੀ ਜਾਂਚ ਕਰਕੇ ਉਨਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਅਤੇ ਕੋਡਿਵ ਦੀਆਂ 10 ਡੋਜ਼ ਲਗਾਈਆਂ ਗਈਆਂ। ਸਰਹੱਦੀ ਪਿੰਡਾਂ ਦੇ ਵਸਨੀਕ ਜ਼ਿਲਾ ਪ੍ਰਸ਼ਾਸਨ ਵੱਲੋਂ ਲਗਾਏ ਗਏ ਇਸ ਕੈਂਪ ਤੋਂ ਬਹੁਤ ਖੁਸ਼ ਸਨ ਅਤੇ ਉਨਾਂ ਨੇ ਇਸ ਉਪਰਾਲੇ ਲਈ ਜ਼ਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।

ਅਬਾਦ ਕੈਂਪ ਦੌਰਾਨ ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਸ. ਬਲਵਿੰਦਰ ਸਿੰਘ, ਸਹਾਇਕ ਕਮਿਸ਼ਨਰ (ਜ) ਸ੍ਰੀ ਸਚਿਨ ਪਾਠਕ, ਡੀ.ਡੀ.ਪੀ.ਓ. ਸ੍ਰੀ ਸਤੀਸ਼ ਕੁਮਾਰ, ਨਾਇਬ ਤਹਿਸੀਲਦਾਰ ਸੰਦੀਪ ਕੁਮਾਰ, ਬੀ.ਡੀ.ਪੀ.ਓ. ਡੇਰਾ ਬਾਬਾ ਨਾਨਕ ਸ੍ਰੀਮਤੀ ਪਰਮਜੀਤ ਕੌਰ, ਐਕਸੀਅਨ ਮੰਡੀ ਬੋਰਡ ਸ. ਬਲਦੇਵ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਡਾ. ਕ੍ਰਿਪਾਲ ਸਿੰਘ ਢਿਲੋਂ, ਸਕੱਤਰ ਰੈੱਡ ਕਰਾਸ ਸੁਸਾਇਟੀ ਸ੍ਰੀ ਰਾਜੀਵ ਸਿੰਘ, ਰੋਜ਼ਗਾਰ ਦਫ਼ਤਰ ਤੋਂ ਸ੍ਰੀ ਚਾਂਦ ਠਾਕੁਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ। ਦੱਸਣਯੋਗ ਹੈ ਕਿ ਪਿੰਡ ਗੁਰਚੱਕ ਵਿਖੇ ਅੱਜ ਇਹ 6ਵਾਂ ਕੈਂਪ ਸੀ ਜਦਕਿ ਇਸਤੋਂ ਪਹਿਲਾਂ ਝਬਕਰਾ, ਡੇਰਾ ਬਾਬਾ ਨਾਨਕ, ਸ਼ਹੂਰਕਲਾਂ, ਠੇਠਰਕੇ ਅਤੇ ਇਸਲਾਮਪੁਰ ਵਿਖੇ ਵੀ ਅਬਾਦ ਕੈਂਪ ਲਗਾਏ ਜਾ ਚੁੱਕੇ ਹਨ।

Written By
The Punjab Wire