ਆਰਥਿਕਤਾ ਪੰਜਾਬ ਮੁੱਖ ਖ਼ਬਰ

ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਦੇ ਭਾਈਵਾਲ ਬਣੋ; ਮੁੱਖ ਮੰਤਰੀ ਦੀ ਸਨਅਤਕਾਰਾਂ ਨੂੰ ਅਪੀਲ

ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਦੇ ਭਾਈਵਾਲ ਬਣੋ; ਮੁੱਖ ਮੰਤਰੀ ਦੀ ਸਨਅਤਕਾਰਾਂ ਨੂੰ ਅਪੀਲ
  • PublishedFebruary 23, 2023

ਉਦਯੋਗਪਤੀਆਂ ਦਾ ਸਵਾਗਤ ਕਰਦਿਆਂ ਸਭ ਤੋਂ ਬਿਹਤਰੀਨ ਥਾਂ ਉਤੇ ਨਿਵੇਸ਼ ਕਰਨ ਲਈ ਆਖਿਆ

ਪੰਜਾਬ ਨੂੰ ਦੇਸ਼ ਦਾ ਉਦਯੋਗਿਕ ਹੱਬ ਬਣਾਉਣ ਦੀ ਵਚਨਬੱਧਤਾ ਦੁਹਰਾਈ

ਆਉਣ ਵਾਲੇ ਪ੍ਰਾਜੈਕਟਾਂ ਵਿੱਚ ਸਥਾਨਕ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਕੀਤੀ ਵਕਾਲਤ

ਦੋ ਦਿਨਾਂ ਪ੍ਰੋਗਰੈਸਿਵ ਪੰਜਾਬ ਸੰਮੇਲਨ ਦਾ ਪੰਜਵਾਂ ਐਡੀਸ਼ਨ ਧੂਮ-ਧਮਾਕੇ ਨਾਲ ਸ਼ੁਰੂ

ਐਸ.ਏ.ਐਸ.ਨਗਰ (ਮੁਹਾਲੀ), 23 ਫਰਵਰੀ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੰਨ ਕਰੋੜ ਪੰਜਾਬੀਆਂ ਦੇ ਪਰਿਵਾਰ ਵਿੱਚ ਸ਼ਾਮਲ ਹੋਣ ਲਈ ਕਾਰੋਬਾਰੀਆਂ ਦਾ ਸਵਾਗਤ ਹੋਏ ਉਨ੍ਹਾਂ ਨੂੰ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਭਾਈਵਾਲ ਬਣਨ ਦਾ ਸੱਦਾ ਦਿੱਤਾ।

ਮੁੱਖ ਮੰਤਰੀ ਨੇ ਅੱਜ ਇੱਥੇ ਪੰਜਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਉਦਘਾਟਨੀ ਸੈਸ਼ਨ ਦੌਰਾਨ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾ ਸੰਤਾਂ, ਪੀਰਾਂ-ਫ਼ਕੀਰਾਂ ਅਤੇ ਸ਼ਹੀਦਾਂ ਦੀ ਧਰਤੀ ‘ਤੇ ਸਵਾਗਤ ਕਰਦਿਆਂ ਕਿਹਾ ਕਿ ਉਹ ਅੱਜ ਆਪਣੇ ਦਰਮਿਆਨ ਕਾਰੋਬਾਰੀ ਖੇਤਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਦੇਖ ਕੇ ਖ਼ੁਸ਼ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਭਰ ਵਿੱਚ ਨਿਵੇਸ਼ ਲਈ ਸਭ ਤੋਂ ਅਨੁਕੂਲ ਸਥਾਨ ਹੈ ਅਤੇ ਕਾਰੋਬਾਰੀਆਂ ਦੀ ਸਹੂਲਤ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਪੰਜਾਬ ਨੂੰ ਦੇਸ਼ ਦਾ ਉਦਯੋਗਿਕ ਹੱਬ ਬਣਾਉਣ ਲਈ ਸੂਬਾ ਸਰਕਾਰ ਅਤੇ ਉਦਯੋਗਪਤੀਆਂ ਦਰਮਿਆਨ ਮਜ਼ਬੂਤ ​​ਸਾਂਝ ਦੀ ਉਮੀਦ ਜ਼ਾਹਰ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਨਿਵੇਸ਼ਕਾਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਦੀ ਸਹੂਲਤ ਦੇਣ ਲਈ ਸਰਕਾਰ ਛੇਤੀ ਹੀ ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ (ਸੀ.ਐਲ.ਯੂ.) ਅਤੇ ਐਨ.ਓ.ਸੀ. ਨੂੰ ਖ਼ਤਮ ਕਰ ਦੇਵੇਗੀ, ਜੋ ਉਦਯੋਗਾਂ ਲਈ ਪ੍ਰੇਸ਼ਾਨੀ ਦਾ ਸਬੱਬ ਹਨ। ਉਦਯੋਗਪਤੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਜੋਂ ਜ਼ਿੰਮੇਵਾਰੀ ਸੰਭਾਲਣ ਦੇ ਸਿਰਫ਼ ਇੱਕ ਸਾਲ ਦੇ ਅੰਦਰ ਹੀ ਉਨ੍ਹਾਂ ਦਾ ਸਭ ਤੋਂ ਪਹਿਲਾ ਅਤੇ ਮੁੱਖ ਕੰਮ ਲੋਕਾਂ ਦੀਆਂ ਮੁਸ਼ਕਲਾਂ, ਗੁੰਝਲਾਂ ਬਾਰੇ ਜਾਣੂੰ ਕਰਵਾਉਣਾ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਉਦੇਸ਼ ਬਦਲਦੀਆਂ ਉਮੀਦਾਂ ਅਤੇ ਨਵੀਆਂ ਚੁਣੌਤੀਆਂ ਨਾਲ ਤਾਲਮੇਲ ਰੱਖਣ ਲਈ ਵਿਕਾਸ ਜਾਰੀ ਰੱਖਣਾ ਹੈ।

ਮੁੱਖ ਮੰਤਰੀ ਨੇ ਉੱਦਮੀਆਂ ਨਾਲ ਭਾਵੁਕ ਸਾਂਝ ਪਾਉਂਦਿਆਂ ਕਿਹਾ ਕਿ ਉਹ ਮੌਕਿਆਂ ਦਾ ਭੰਡਾਰ ਹਨ, ਜਿਨ੍ਹਾਂ ਦਾ ਪੰਜਾਬ ਅਤੇ ਭਾਰਤ ਦੇ ਨੌਜਵਾਨ ਲਾਭ ਉਠਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਜਨਤਕ, ਨਿੱਜੀ ਜਾਂ ਗੈਰ-ਲਾਭਕਾਰੀ ਖੇਤਰਾਂ ਵਿੱਚ ਕੰਮ ਕਰ ਰਹੇ ਹਾਂ, ਸਾਡੇ ਵਿੱਚੋਂ ਹਰੇਕ ਦੀ ਇਕ ਭੂਮਿਕਾ ਹੈ, ਜੇਕਰ ਅਸੀਂ ਆਪਣੀਆਂ ਉਮੀਦਾਂ ਨੂੰ ਪੂਰਾ ਕਰਨਾ ਹੈ ਅਤੇ ਆਪਣੇ ਦੇਸ਼, ਆਪਣੇ ਸਮਾਜ, ਆਪਣੇ ਪਰਿਵਾਰ ਪ੍ਰਤੀ ਆਪਣੀਆਂ ਇੱਛਾਵਾਂ ਅਤੇ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਸੰਮੇਲਨ ਕਾਰੋਬਾਰੀ ਸਮਝੌਤਿਆਂ ਬਾਰੇ ਨਹੀਂ ਹੈ, ਸਗੋਂ ਗਿਆਨ ਦੀ ਵੰਡ, ਵਿਚਾਰ-ਵਟਾਂਦਰੇ ਅਤੇ ਇੱਕ-ਦੂਜੇ ਤੋਂ ਸਿੱਖਣ ਬਾਰੇ ਹੈ।

ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੇ ਪੜਾਅਵਾਰ ਆਰਥਿਕ ਵਿਕਾਸ ਨੂੰ ਤੇਜ਼ ਕਰ ਕੇ ਦੇਸ਼ ਦੇ ਭਵਿੱਖ ਨੂੰ ਉੱਜਵਲ ਬਣਾਉਣ ਦਾ ਰਾਹ ਚੁਣਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਦੇਖਿਆ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਜ਼ਿੰਦਗੀ ਵਿੱਚ ਕੁੱਝ ਵੱਡਾ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਪੂਰਾ ਯਕੀਨ ਹੈ ਕਿ ਪਰਮਾਤਮਾ ਨੇ ਉਨ੍ਹਾਂ ਨੂੰ ਲੋਕਾਂ ਦੇ ਜੀਵਨ ਵਿੱਚ ਗੁਣਾਤਮਕ ਤਬਦੀਲੀਆਂ ਲਿਆਉਣ ਲਈ ਪੰਜਾਬ ਦੀ ਅਗਵਾਈ ਕਰਨ ਦਾ ਮੌਕਾ ਦਿੱਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਲੋਕਾਂ ਦੇ ਸਰਗਰਮ ਸਹਿਯੋਗ ਅਤੇ ਤਾਲਮੇਲ ਤੋਂ ਬਿਨਾਂ ਇਸ ਜ਼ਿੰਮੇਵਾਰੀ ਨੂੰ ਨਹੀਂ ਨਿਭਾ ਸਕਦੇ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਕੋਲ ਇਕ ਸਮਰਪਿਤ ਟੀਮ ਹੈ, ਜੋ ਲੋਕਾਂ ਦੇ ਸਹਿਯੋਗ ਨਾਲ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਾਰੋਬਾਰਾਂ ਅਤੇ ਨਿਵੇਸ਼ਕਾਂ ਦੀ ਸਹਾਇਤਾ ਲਈ ਕਈ ਨੀਤੀਆਂ ਅਤੇ ਪਹਿਲਕਦਮੀਆਂ ਪੇਸ਼ ਕੀਤੀਆਂ ਹਨ।

ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਅੱਜ ਪੇਸ਼ ਕੀਤੀ ਗਈ ਨਵੀਂ ਉਦਯੋਗਿਕ ਅਤੇ ਕਾਰੋਬਾਰੀ ਵਿਕਾਸ ਨੀਤੀ-2022 ਲੋੜੀਂਦੇ ਆਰਥਿਕ ਵਿਕਾਸ ਨੂੰ ਗਤੀ ਦੇਵੇਗੀ। ਭਗਵੰਤ ਮਾਨ ਨੇ ਕਿਹਾ ਕਿ ਨੀਤੀ ਦਾ ਉਦੇਸ਼ ਆਉਣ ਵਾਲੇ ਪੰਜ ਸਾਲਾਂ ਵਿੱਚ ਵੱਡੇ ਨਿਵੇਸ਼ ਨੂੰ ਆਕਰਸ਼ਿਤ ਕਰਨਾ ਅਤੇ ਵੱਧ ਤੋਂ ਵੱਧ ਰੋਜ਼ਗਾਰ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਨੀਤੀ ਮੁਕਾਬਲੇ ਨੂੰ ਉਤਸ਼ਾਹਤ ਕਰਦੀ ਹੈ, ਜਿਸ ਵਿੱਚ ਵਿਸਤਾਰ ਤੇ ਨਵੇਂ ਐਮ.ਐਸ.ਐਮ.ਈ., ਵੱਡੀਆਂ ਇਕਾਈਆਂ, ਬਰਾਮਦ ਨੂੰ ਉਤਸ਼ਾਹ, ਸੇਵਾ ਖੇਤਰ ਦੇ ਸਟਾਰਟ-ਅੱਪ ਅਤੇ ਮੈਨੂਫੈਕਚਰਿੰਗ ਦੋਵੇਂ ਸ਼ਾਮਲ ਹਨ।

ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਨੀਤੀ ਉਦਯੋਗਿਕ ਪਾਰਕਾਂ, ਹਵਾਈ ਅੱਡਿਆਂ ਅਤੇ ਬੰਦਰਗਾਹਾਂ ਵਰਗੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਰੂਪ-ਰੇਖਾ ਪ੍ਰਦਾਨ ਕਰੇਗੀ, ਜਿਸ ਨਾਲ ਵਸਤੂਆਂ ਦੀ ਢੋਆ-ਢੁਆਈ ਅਤੇ ਲੋਕਾਂ ਦੀ ਆਵਾਜਾਈ ਵਿੱਚ ਹੋਰ ਸਹੂਲਤ ਮਿਲੇਗੀ ਅਤੇ ਸੂਬੇ ਦਾ ਵਿਸ਼ਵ ਮੰਡੀਆਂ ਨਾਲ ਸੰਪਰਕ ਵਧੇਗਾ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਏਕੀਕ੍ਰਿਤ ਉਦਯੋਗਿਕ ਟਾਊਨਸ਼ਿਪ ਵਿਕਸਤ ਕਰ ਰਹੀ ਹੈ ਅਤੇ 20 ਪੇਂਡੂ ਉਦਯੋਗਿਕ ਕਲੱਸਟਰ ਅਤੇ 15 ਉਦਯੋਗਿਕ ਪਾਰਕ ਬਣਾਉਣ ਦਾ ਵੱਡਾ ਫੈਸਲਾ ਲਿਆ ਹੈ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸਥਿਰਤਾ ਵੱਲ ਇਕ ਵੱਡੇ ਕਦਮ ਵਜੋਂ ਅੱਜ ਪੰਜਾਬ ਦੀ ਇਲੈਕਟ੍ਰਾਨਿਕ ਵਾਹਨ ਨੀਤੀ ਵੀ ਪੇਸ਼ ਕੀਤੀ ਗਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਹੁਣ ਨਵੀਨਤਾ ਅਤੇ ਤਕਨਾਲੋਜੀ ਰਾਹੀਂ ਉੱਦਮ ਦੇ ਨਵੇਂ ਸੱਭਿਆਚਾਰ ਵਿੱਚ ਬਦਲਣ ਦੀ ਦਹਿਲੀਜ਼ ਉਤੇ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਨੌਜਵਾਨ ਨਵੀਆਂ ਕਾਢਾਂ ਕੱਢ ਰਹੇ ਹਨ ਅਤੇ ਸਾਨੂੰ ਉਨ੍ਹਾਂ ਦਾ ਸਾਥ ਦੇਣ ਦੀ ਲੋੜ ਹੈ। ਭਗਵੰਤ ਮਾਨ ਨੇ ਕਿਹਾ ਕਿ ਬਿਹਤਰੀਨ ਬੁਨਿਆਦੀ ਢਾਂਚਾ, ਵਧੀਆ ਸੰਪਰਕ, ਮਿਆਰੀ ਵਿੱਦਿਅਕ ਸੰਸਥਾਵਾਂ ਦੇ ਨਾਲ-ਨਾਲ ਸਰਕਾਰ ਦੀਆਂ ਅਨੁਕੂਲ ਨੀਤੀਆਂ ਸੂਬੇ ਦੀ ਕਾਰਜ ਕੁਸ਼ਲਤਾ ਨੂੰ ਵਧਾਉਂਦੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਨਿਵੇਸ਼ ਦੀ ਉਡੀਕ ਕਰਨ ਦੀ ਬਜਾਏ ਉਨ੍ਹਾਂ ਨੇ ਸੂਬੇ ਵਿੱਚ ਨਿਵੇਸ਼ ਕਰਨ ਲਈ ਉੱਦਮੀਆਂ ਤੱਕ ਪਹੁੰਚ ਕਰਨ ਲਈ ਘਰ-ਘਰ ਜਾਣ ਦੀ ਨੀਤੀ ਅਪਣਾਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਵਿੱਚ ਮਾਰਚ 2022 ਤੋਂ ਹੁਣ ਤੱਕ 40,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਆਇਆ ਹੈ ਜਿਸ ਨਾਲ ਸੂਬੇ ਵਿੱਚ ਲਗਭਗ 2.50 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ, ਜਿਨ੍ਹਾਂ ਵਿੱਚ ਟਾਟਾ ਸਟੀਲ, ਨੈਸਲੇ, ਫਰੂਡੇਨਬਰਗ, ਕਾਰਗਿਲ, ਹਿੰਦੁਸਤਾਨ ਯੂਨੀਲੀਵਰ, ਸਨਾਥਨ ਟੈਕਸਟਾਈਲ ਵਰਗੀਆਂ ਵੱਡੀਆਂ ਕੰਪਨੀਆਂ ਸੂਬੇ ਵਿੱਚ ਆਈਆਂ ਹਨ।

ਸੂਬੇ ਦੀ ਵਿਕਾਸ ਗਾਥਾ ਦਾ ਹਿੱਸਾ ਬਣਨ ਲਈ ਵੱਡੇ ਉਦਯੋਗਪਤੀਆਂ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਸੂਬੇ ਨੂੰ ਵਿਸ਼ਵ ਦੇ ਇੱਕ ਵੱਡੇ ਉਦਯੋਗਿਕ ਅਤੇ ਨਿਰਯਾਤ ਕੇਂਦਰ ਵਜੋਂ ਬਦਲਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ। ਸੂਬੇ ਦੀਆਂ ਇਤਿਹਾਸਕ ਪ੍ਰਾਪਤੀਆਂ ਗਿਣਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਾਰੋਬਾਰ ਕਰਨ ਲਈ ਆਸਾਨ ਤੇ ਢੁਕਵੀਂ ਥਾਂ ਦੀ ਦਰਜਾਬੰਦੀ ਵਿੱਚ ਪੰਜਾਬ ਸਭ ਤੋਂ ਵੱਧ ਪ੍ਰਾਪਤੀਆਂ ਵਾਲੇ ਰਾਜਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਈ ਏਕੀਕ੍ਰਿਤ ਮੰਚ “ਇਨਵੈਸਟ ਪੰਜਾਬ” ਨੂੰ ਭਾਰਤ ਸਰਕਾਰ ਵੱਲੋਂ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀ ਨਿਵੇਸ਼ ਪ੍ਰਮੋਸ਼ਨ ਏਜੰਸੀ ਮੰਨਿਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਨੂੰ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਵੱਲੋਂ ਡਿਜੀਟਲ ਇੰਡੀਆ ਐਵਾਰਡ ਮਿਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਲੌਜਿਸਟਿਕਸ ਵਿੱਚ, ਪੰਜਾਬ ਹਾਲ ਹੀ ਦੇ ਲੀਡਜ਼ ਇੰਡੈਕਸ ਵਿੱਚ ਚੋਟੀ ਦੇ 5 ਰਾਜਾਂ ਵਿੱਚ ਸ਼ੁਮਾਰ ਹੈ ਜਿਸ ਨਾਲ ਪੰਜਾਬ ਇੱਕ “ਅਚੀਵਰ” ਸੂਬਾ ਬਣ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇੰਡੀਆ ਇਨੋਵੇਸ਼ਨ ਇੰਡੈਕਸ 2022 ਵਿੱਚ ਪੰਜਾਬ ਚੋਟੀ ਦੇ 10 ਵਧੀਆ ਪ੍ਰਦਰਸ਼ਨ ਕਰਨ ਵਾਲੇ ਸੂਬਿਆਂ ਵਿੱਚ ਸ਼ਾਮਲ ਹੈ।

ਪੰਜਾਬ ਦੀਆਂ ਅਥਾਹ ਸਮਰੱਥਾਵਾਂ ਦੀ ਝਲਕਾਰਾ ਦਿਖਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇਸ਼ ਦਾ ਸਭ ਤੋਂ ਵੱਡਾ ਟਰੈਕਟਰ ਨਿਰਮਾਤਾ ਹੈ ਅਤੇ ਭਾਰਤ ਦੇ ਕੁੱਲ ਉਤਪਾਦਨ ਵਿੱਚ 29 ਫ਼ੀਸਦੀ ਯੋਗਦਾਨ ਪਾਉਂਦਾ ਹੈ। ਇਸੇ ਤਰ੍ਹਾਂ, ਟਰੈਕਟਰ ਨਿਰਯਾਤ ਵਿੱਚ ਪੰਜਾਬ 22 ਫ਼ੀਸਦੀ ਹਿੱਸੇਦਾਰੀ ਨਾਲ ਦੂਜੇ ਸਥਾਨ ‘ਤੇ ਹੈ ਅਤੇ ਭਾਰਤ ਵਿੱਚ ਸਾਈਕਲ ਨਿਰਮਾਣ ਵਿੱਚ 80 ਫ਼ੀਸਦੀ ਹਿੱਸਾ ਪਾਉਂਦਾ ਹੈ ਅਤੇ ਭਾਰਤ ਵਿੱਚ ਸਾਈਕਲ ਦੇ ਪੁਰਜ਼ਿਆਂ ਦੇ ਨਿਰਮਾਣ ਵਿੱਚ 92% ਯੋਗਦਾਨ ਪਾਉਂਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਖੇਡਾਂ ਦੇ ਸਾਮਾਨ ਦੇ ਨਿਰਮਾਣ ਵਿੱਚ ਪੰਜਾਬ ਭਾਰਤ ਵਿੱਚ 75 ਫ਼ੀਸਦੀ ਦਾ ਹਿੱਸਾ ਪਾਉਂਦਾ ਹੈ ਅਤੇ ਭਾਰਤ ਵਿੱਚ ਮਸ਼ੀਨ ਟੂਲ ਅਤੇ ਹੈਂਡ ਟੂਲ ਦੇ ਉਤਪਾਦਨ ਵਿੱਚ ਪਹਿਲੇ ਸਥਾਨ ‘ਤੇ ਹੈ ਅਤੇ ਇਹ ਖੇਤਰ ਭਾਰਤ ਦੀ ਬਰਾਮਦ ਦਾ 20 ਫ਼ੀਸਦੀ ਹਿੱਸਾ ਪਾਉਂਦਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਦੀ ਮੁਕੰਮਲ ਆਰਥਿਕ ਅਤੇ ਵਿੱਤੀ ਸਫ਼ਲਤਾ ਚਾਹੁੰਦੀ ਹੈ ਅਤੇ ਉਨ੍ਹਾਂ ਦਾ ਇਹ ਵਿਸ਼ਵਾਸ਼ ਹੈ ਕਿ ਸਾਡੇ ਵਿਕਾਸ ਦੇ ਮੁੱਖ ਥੰਮ੍ਹ ਵਧੀਆ ਤੇ ਸੁਚੱਜਾ ਸ਼ਾਸਨ, ਡਿਜੀਟਾਈਜ਼ੇਸ਼ਨ, ਫ਼ੈਸਲਾ ਲੈਣ ਦੀ ਸਮਰੱਥਾ, ਪਾਰਦਰਸ਼ਤਾ ਅਤੇ ਸੰਵੇਦਨਸ਼ੀਲਤਾ ਹਨ। ਉਨ੍ਹਾਂ ਕਿਹਾ ਕਿ ਇਹ ਸਭ ਸਾਡੇ ਅਮੀਰ ਵਿਰਸੇ, ਪ੍ਰੰਪਰਾ ਅਤੇ ਸੱਭਿਆਚਾਰ ਨਾਲ ਮਿਲ ਕੇ ਵਿਸ਼ਵ ਭਰ ਦੇ ਲੋਕਾਂ ਲਈ ਇੱਥੇ ਤੇਜ਼ੀ ਨਾਲ ਵਧਣ ਲਈ ਅਨੁਕੂਲ ਮਾਹੌਲ ਪੈਦਾ ਕਰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਵੱਲੋਂ ਦੁਨੀਆ ਨੂੰ ਮਿਆਰੀ ਉਤਪਾਦ ਅਤੇ ਵਧੀਆ ਸਪਲਾਈ ਚੇਨ ਨੂੰ ਮਜ਼ਬੂਤ ​​ਕਰਨ ਲਈ ਪਾਏ ਜਾਂਦੇ ਯੋਗਦਾਨ ਵਿੱਚ ਪੰਜਾਬ ਆਪਣੇ ਨਿਰਮਾਣ ਅਤੇ ਬੁਨਿਆਦੀ ਢਾਂਚੇ ਰਾਹੀਂ ਅਹਿਮ ਭੂਮਿਕਾ ਨਿਭਾਉਣ ਵਿੱਚ ਮਾਣ ਮਹਿਸੂਸ ਕਰਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਗੀ ਵਿਸ਼ਵ ਪੱਧਰ ‘ਤੇ ਹੈ ਅਤੇ ਜਾਪਾਨ, ਯੂ.ਕੇ., ਯੂ.ਏ.ਈ., ਅਮਰੀਕਾ, ਜਰਮਨੀ, ਦੱਖਣੀ ਕੋਰੀਆ, ਸਿੰਗਾਪੁਰ, ਸਪੇਨ, ਫਰਾਂਸ, ਇਟਲੀ ਅਤੇ ਹੋਰ ਦੇਸ਼ਾਂ ਤੋਂ ਨਿਵੇਸ਼ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹਰ ਦਿਸ਼ਾ ਵਿੱਚ ਠੋਸ ਉਪਰਾਲੇ ਕਰਕੇ ਸੂਬੇ ਨੂੰ ਅੱਗੇ ਲਿਜਾਣ ਲਈ ਯਤਨਸ਼ੀਲ ਹੈ। ਭਗਵੰਤ ਮਾਨ ਨੇ ਪੰਜਾਬ ਨੂੰ ਭਾਰਤ ਵਿੱਚ ਨਿਵੇਸ਼ ਦੇ ਸਭ ਤੋਂ ਪਸੰਦੀਦਾ ਸਥਾਨ ਵਜੋਂ ਪ੍ਰਫੁੱਲਤ ਕਰਨ ਲਈ ਅੱਜ ਸੂਬਾ ਸਰਕਾਰ ਦੇ ਸੱਦੇ ਉੱਤੇ ਸ਼ਿਰਕਤ ਕਰਨ ਆਏ ਸਤਿਕਾਰਤ ਬੁਲਾਰਿਆਂ ਅਤੇ ਹਾਜ਼ਰ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਨਿਵੇਸ਼ ਕਰਨ ਲਈ ਪੰਜਾਬ ਨੂੰ ਬੇਸ਼ੁਮਾਰ ਮੌਕਿਆਂ ਦੀ ਧਰਤੀ ਦੱਸਦੇ ਹੋਏ ਉਦਯੋਗ ਜਗਤ ਦੇ ਦਿੱਗਜ਼ਾਂ ਦਾ ਸੁਆਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੁਨੀਆਂ ਬਹੁਤ ਹੀ ਪਰਖ ਦੀ ਘੜੀ ਵਿੱਚੋਂ ਲੰਘ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਵਿੱਚ ਇਹ ਸਮਰੱਥਾ ਹੈ ਕਿ ਸਾਡੇ ਵਿੱਚੋਂ ਹਰ ਕੋਈ ਮਦਦ ਕਰਨ ਲਈ ਬਹੁਤ ਕੁਝ ਕਰ ਸਕਦਾ ਹੈ, ਜੋ ਕਿ ਇਸ ਸੰਮੇਲਨ ਦਾ ਉਦੇਸ਼ ਵੀ ਹੈ। ਭਗਵੰਤ ਮਾਨ ਨੇ ਕਿਹਾ ਕਿ ਭਵਿੱਖ ਦੇ ਇਸ ਸਫ਼ਰ ਵਿੱਚ ਸਾਡੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਪੰਜਾਬ ਹੀ ਇੱਕ ਅਜਿਹਾ ਸੂਬਾ ਹੈ ਜਿਸ ਦੀ ਪੂਰੀ ਦੁਨੀਆ ਵਿੱਚ ਆਪਣੀ ਫ੍ਰੈਂਚਾਇਜ਼ੀ ਹੈ ਕਿਉਂਕਿ ਹਰ ਦੂਜੇ ਦੇਸ਼ ਵਿੱਚ ਪੰਜਾਬੀਆਂ ਦਾ ਦਬਦਬਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਵਿਚ ਸਖ਼ਤ ਮਿਹਨਤ ਅਤੇ ਕਾਬਲੀਅਤ ਦਾ ਅਦੁੱਤੀ ਜਜ਼ਬਾ ਹੈ, ਜਿਸ ਦੀ ਬਦੌਲਤ ਉਨ੍ਹਾਂ ਨੇ ਵਿਸ਼ਵ ਵਿੱਚ ਆਪਣਾ ਮੁਕਾਮ ਬਣਾਇਆ ਹੈ। ਭਗਵੰਤ ਮਾਨ ਨੇ ਜਲੰਧਰ ਵਿੱਚ ਖੇਡ ਉਦਯੋਗ ਨੂੰ ਵੱਡਾ ਹੁਲਾਰਾ ਦੇਣ ਦਾ ਵੀ ਐਲਾਨ ਕੀਤਾ ਜੋ ਦੇਸ਼ ਵਿੱਚ ਖੇਡਾਂ ਦਾ 75 ਫੀਸਦੀ ਸਾਮਾਨ ਬਣਾਉਂਦਾ ਹੈ।

ਆਪਣੇ ਸੰਬੋਧਨ ਵਿੱਚ ਇਨਵੈਸਟਮੈਂਟ ਪ੍ਰਮੋਸ਼ਨ ਮੰਤਰੀ ਅਨਮੋਲ ਗਗਨ ਮਾਨ ਨੇ ਸੂਬਾ ਸਰਕਾਰ ਵੱਲੋਂ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਕੀਤੀਆਂ ਪਹਿਲਕਦਮੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਉਦਯੋਗ ਨੂੰ ਹੋਰ ਪ੍ਰਫੁੱਲਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਅਨਮੋਲ ਗਗਨ ਮਾਨ ਨੇ ਪੰਜਾਬ ਨੂੰ ਨਿਵੇਸ਼ ਲਈ ਸਿਖਰਲੇ ਸਥਾਨ ਵਜੋਂ ਉਭਰਨ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ।

ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਸਾਰੇ ਪਤਵੰਤਿਆਂ ਨੂੰ ਜੀ ਆਇਆਂ ਆਖਿਆ। ਇਨਵੈਸਟਮੈਂਟ ਪ੍ਰਮੋਸ਼ਨ ਦੇ ਸੀ.ਈ.ਓ. ਕੇ.ਕੇ. ਯਾਦਵ ਨੇ ਇਸ ਮੌਕੇ ਸਭ ਦਾ ਧੰਨਵਾਦ ਕੀਤਾ।

ਇਸ ਮੌਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ, ਵਿਧਾਇਕ ਅਤੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

Written By
The Punjab Wire