ਗੁਰਦਾਸਪੁਰ

ਗੁਰਦਾਸਪੁਰ ਇੰਡਸਟਰੀਅਲ ਅਸਟੇਟ ਵਿੱਚ ਬਿਜਲੀ ਸਮੱਸਿਆ ਦੇ ਹੱਲ ਲਈ ਡਿਪਟੀ ਕਮਿਸ਼ਨਰ ਵੱਲੋਂ ਉਦਯੋਗ ਵਿਭਾਗ, ਪਾਵਰਕਾਮ ਅਤੇ ਸਨਅਤਕਾਰਾਂ ਦੀ ਸਾਂਝੀ ਕਮੇਟੀ ਦਾ ਗਠਨ

ਗੁਰਦਾਸਪੁਰ ਇੰਡਸਟਰੀਅਲ ਅਸਟੇਟ ਵਿੱਚ ਬਿਜਲੀ ਸਮੱਸਿਆ ਦੇ ਹੱਲ ਲਈ ਡਿਪਟੀ ਕਮਿਸ਼ਨਰ ਵੱਲੋਂ ਉਦਯੋਗ ਵਿਭਾਗ, ਪਾਵਰਕਾਮ ਅਤੇ ਸਨਅਤਕਾਰਾਂ ਦੀ ਸਾਂਝੀ ਕਮੇਟੀ ਦਾ ਗਠਨ
  • PublishedFebruary 23, 2023

ਸਾਂਝੀ ਕਮੇਟੀ ਵੱਲੋਂ ਮੌਕੇ ਦਾ ਜਾਇਜਾ ਲੈ ਕੇ ਸਮੱਸਿਆ ਦਾ ਠੋਸ ਹੱਲ ਲੱਭਿਆ ਜਾਵੇਗਾ

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ 3 ਮਾਰਚ ਨੂੰ ਬਟਾਲਾ ਸ਼ਹਿਰ ਵਿਖੇ ਸਨਅਤਕਾਰਾਂ ਦੀਆਂ ਮੁਸ਼ਕਲਾਂ ਸੁਣਨਗੇ

ਗੁਰਦਾਸਪੁਰ, 23 ਫਰਵਰੀ (ਮੰਨਣ ਸੈਣੀ) । ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਉਦਯੋਗ ਵਿਭਾਗ, ਪਾਵਰਕਾਮ ਅਤੇ ਗੁਰਦਾਸਪੁਰ ਸ਼ਹਿਰ ਦੇ ਸਨਅਤਕਾਰਾਂ ਦੀ ਸਾਂਝੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਇੰਡਸਟਰੀਅਲ ਅਸਟੇਟ ਗੁਰਦਾਸਪੁਰ ਵਿਖੇ ਬਿਜ਼ਲੀ ਫੀਡਰ ਦੀ ਸਮੱਸਿਆ ਦਾ ਪੱਕਾ ਹੱਲ ਲੱਭੇਗੀ। ਡਿਪਟੀ ਕਮਿਸ਼ਨਰ ਬੀਤੀ ਸ਼ਾਮ ਸਥਾਨਕ ਪੰਚਾਇਤ ਭਵਨ ਵਿਖੇ ਗੁਰਦਾਸਪੁਰ ਸ਼ਹਿਰ ਦੇ ਇੰਡਸਟਰੀਅਲ ਅਸਟੇਟ ਵਿਖੇ ਵੱਖ-ਵੱਖ ਸਨਅਤਾਂ ਚਲਾ ਰਹੇ ਸਨਅਤਕਾਰਾਂ ਦੀਆਂ ਮੁਸ਼ਕਲਾਂ ਸੁਣ ਰਹੇ ਸਨ ਜਿਸ ਦੌਰਾਨ ਸਨਅਤਕਾਰਾਂ ਨੇ ਅਣ-ਐਲਾਨੇ ਬਿਜਲੀ ਕੱਟਾਂ ਦਾ ਮੁੱਦਾ ਉਠਾਉਂਦਿਆਂ ਮੰਗ ਕੀਤੀ ਕਿ ਇੰਡਸਟਰੀਅਲ ਅਸਟੇਟ ਗੁਰਦਾਸਪੁਰ ਨੂੰ ਉਦਯੋਗਿਕ ਫੀਡਰ ਰਾਹੀਂ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ। ਸਨਅਤਕਾਰਾਂ ਨੇ ਕਿਹਾ ਕਿ ਮੌਜੂਦਾ ਸਮੇਂ ਪਾਵਰਕਾਮ ਵੱਲੋਂ ਮੌਸਮ ਦੀ ਖਰਾਬੀ ਜਾਂ ਕਿਸੇ ਹੋਰ ਕਾਰਨ ਕਰਕੇ ਬਿਨ੍ਹਾਂ ਕੋਈ ਅਗਾਊਂ ਸੂਚਨਾ ਦਿੱਤੇ ਬਿਜਲੀ ਕੱਟ ਲਗਾ ਦਿੱਤਾ ਜਾਂਦਾ ਹੈ ਜਿਸ ਕਾਰਨ ਸਨਅਤਾਂ ਨੂੰ ਘਾਟਾ ਝੱਲਣਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇੰਡਸਟਰੀਅਲ ਅਸਟੇਟ ਗੁਰਦਾਸਪੁਰ ਨੂੰ ਵੱਖਰੇ ਫੀਡਰ ਰਾਹੀਂ ਬਿਜਲੀ ਸਪਲਾਈ ਦਿੱਤੀ ਜਾਵੇ।

ਸਨਅਤਕਾਰਾਂ ਦੀ ਇਸ ਮੰਗ ਨੂੰ ਸੁਣਨ ਤੋਂ ਬਾਅਦ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਉਦਯੋਗ ਵਿਭਾਗ, ਪਾਵਰਕਾਮ ਅਤੇ ਗੁਰਦਾਸਪੁਰ ਸ਼ਹਿਰ ਦੇ ਸਨਅਤਕਾਰਾਂ ਦੀ ਸਾਂਝੀ ਕਮੇਟੀ ਦਾ ਗਠਨ ਕੀਤਾ ਹੈ ਜੋ 28 ਫਰਵਰੀ ਤੱਕ ਮੌਕੇ ’ਤੇ ਜਾ ਕੇ ਸਮੱਸਿਆ ਨੂੰ ਦੇਖੇਗੀ ਅਤੇ ਇਸਦੇ ਠੋਸ ਅਤੇ ਪੱਕੇ ਹੱਲ ਲਈ ਆਪਣੇ ਸੁਝਾਅ ਦੇਵੇਗੀ। ਉਨ੍ਹਾਂ ਕਿਹਾ ਕਿ ਸਨਅਤਕਾਰਾਂ ਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਉਦਯੋਗਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਵਚਨਬੱਧ ਹੈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਉਹ 3 ਮਾਰਚ ਨੂੰ ਬਟਾਲਾ ਸ਼ਹਿਰ ਦੇ ਸਨਅਤਕਾਰਾਂ ਦੀਆਂ ਮੁਸ਼ਕਲਾਂ ਨੂੰ ਸੁਣਨ ਲਈ ਬਟਾਲਾ ਸ਼ਹਿਰ ਵਿਖੇ ਸਨਅਤਕਾਰਾਂ ਨਾਲ ਵਿਸ਼ੇਸ਼ ਮੀਟਿੰਗ ਕਰਨਗੇ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿੱਚ ਬਟਾਲਾ ਤੋਂ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਕਲਸੀ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮੀਟਿੰਗ ਦੌਰਾਨ ਬਟਾਲਾ ਦੇ ਸਨਅਤਕਾਰਾਂ ਦੀਆਂ ਮੁਸ਼ਕਲਾਂ ਤੇ ਮੰਗਾਂ ਨੂੰ ਸੁਣਿਆ ਜਾਵੇਗਾ ਅਤੇ ਜੋ ਮੰਗਾਂ ਜਾਂ ਸਮੱਸਿਆਵਾਂ ਜ਼ਿਲ੍ਹਾ ਪੱਧਰ ’ਤੇ ਹੱਲ ਹੋਣ ਵਾਲੀਆਂ ਹੋਣਗੀਆਂ ਉਨ੍ਹਾਂ ਹੱਲ ਕੀਤਾ ਜਾਵੇਗਾ ਅਤੇ ਜਿਹੜੇ ਮਸਲੇ ਰਾਜ ਪੱਧਰ ਦੇ ਹੋਣਗੇ ਉਨ੍ਹਾਂ ਦੇ ਹੱਲ ਲਈ ਵੀ ਪੂਰੀ ਤਰ੍ਹਾਂ ਪੈਰਵੀ ਕੀਤੀ ਜਾਵੇਗੀ।

Written By
The Punjab Wire