ਡਾਇਰੈਕਟੋਰੇਟ ਮੈਡੀਕਲ ਸਿੱਖਿਆ ਅਤੇ ਖੋਜ ਵੱਲੋਂ ਸੂਬੇ ਭਰ ਵਿੱਚ ਹਸਪਤਾਲ ਪ੍ਰਬੰਧਨ ਸੂਚਨਾ ਪ੍ਰਣਾਲੀ ਜਲਦ ਕੀਤੀ ਜਾਵੇਗੀ ਸ਼ੁਰੂ
ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਵਿੱਚ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ
ਐਚ.ਐਮ.ਆਈ.ਐਸ. ਸੂਬੇ ਵਿੱਚ ਸਿਹਤ ਸੰਭਾਲ ਸੇਵਾਵਾਂ ਦੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਨਿਭਾਏਗੀ ਮਹੱਤਵਪੂਰਨ ਭੂਮਿਕਾ ; ਪਾਰਦਰਸ਼ਤਾ ਅਤੇ ਜਵਾਬਦੇਹੀ ਵਧੇਗੀ
ਚੰਡੀਗੜ੍ਹ, 14 ਫਰਵਰੀ (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਭਗਵੰਤ ਮਾਨ ਅਤੇ ਮੈਡੀਕਲ ਸਿੱਖਿਆ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਦੂਰਅੰਦੇਸ਼ੀ ਅਨੁਸਾਰ ਵਿਸ਼ਵ ਪੱਧਰੀ ਸਿਹਤ ਢਾਂਚੇ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਚੁੱਕਦਿਆਂ ਡਾਇਰੈਕਟੋਰੇਟ ਮੈਡੀਕਲ ਸਿੱਖਿਆ ਅਤੇ ਖੋਜ (ਐਮ.ਈ.ਆਰ.) ਹਸਪਤਾਲ ਪ੍ਰਬੰਧਨ ਸੂਚਨਾ ਪ੍ਰਣਾਲੀ (ਐਚ.ਐਮ.ਆਈ.ਐਸ.) ਨੂੰ ਲਾਗੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਦੇ ਨਾਲ ਹੀ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਟੈਲੀ-ਕੰਸਲਟੇਸ਼ਨ ਸੇਵਾਵਾਂ ਤੱਕ ਪਹੁੰਚ ਦਾ ਦਾਇਰਾ ਵੀ ਵਧਾਇਆ ਜਾ ਰਿਹਾ ਹੈ। ਇਸ ਵਿੱਚ ਇਨਵੈਂਟਰੀ ਅਤੇ ਪੇਸ਼ੈਂਟ ਡੈਸ਼ਬੋਰਡ ਹੋਵਗਾ ਜਿਸ ਤੱਕ ਸਕੱਤਰ ਦੀ ਪਹੁੰਚ ਹੋਵੇਗੀ ਜਦੋਂ ਕਿ ਮੰਤਰੀ ਵੱਲੋਂ ਇਸਦੀ ਨਿਗਰਾਨੀ ਕੀਤੀ ਜਾਵੇਗੀ।
ਇਸ ਫਲੈਗਸ਼ਿਪ ਪ੍ਰੋਜੈਕਟ ਨੂੰ ਅਮਲੀ ਜਾਮਾ ਪਹਿਨਾਉਣ ਲਈ ਐਮ.ਈ.ਆਰ. ਦੇ ਸਕੱਤਰ ਅਲਕਨੰਦਾ ਦਿਆਲ ਨੇ ਅੱਜ ਸਾਰੇ ਸਰਕਾਰੀ ਮੈਡੀਕਲ ਕਾਲਜਾਂ ਅਤੇ ਸਬੰਧਤ ਹਸਪਤਾਲਾਂ ਦੇ ਪ੍ਰਤੀਨਿਧਾਂ ਅਤੇ ਐਨ.ਆਈ.ਸੀ. ਦੇ ਪ੍ਰਤੀਨਿਧੀਆਂ ਨਾਲ ਈ-ਹਸਪਤਾਲ ਅਤੇ ਹਸਪਤਾਲ ਪ੍ਰਬੰਧਨ ਸੂਚਨਾ ਪ੍ਰਣਾਲੀਆਂ ਨੂੰ ਲਾਗੂ ਕਰਨ ਸਬੰਧੀ ਵਿਚਾਰਚਰਚਾ ਕਰਨ ਲਈ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ ਸੂਬੇ ਦੇ ਹਸਪਤਾਲਾਂ ਵਿੱਚ ਮੈਡੀਸਨ ਅਤੇ ਇਨਵੈਂਟਰੀ ਮੈਨੇਜਮੈਂਟ ਵਰਗੀਆਂ ਸੇਵਾਵਾਂ ਵਿੱਚ ਸੁਧਾਰ ਬਾਰੇ ਵੀ ਚਰਚਾ ਕੀਤੀ ਗਈ।
ਹੋਰ ਜਾਣਕਾਰੀ ਦਿੰਦਿਆਂ ਸਕੱਤਰ ਨੇ ਦੱਸਿਆ ਕਿ ਐਚ.ਐਮ.ਆਈ.ਐਸ. ਸੂਬੇ ਦੇ ਸਿਹਤ ਖੇਤਰ ਵਿੱਚ ਇੱਕ ਵੱਡਾ ਸੁਧਾਰ ਸਾਬਤ ਹੋਵੇਗਾ, ਜਿਸ ਨਾਲ ਰਾਜ ਵਿੱਚ ਸਿਹਤ ਸੰਭਾਲ ਸੇਵਾਵਾਂ ਦੇ ਮਿਆਰ ਵਿੱਚ ਮਹੱਤਵਪੂਰਨ ਸੁਧਾਰ ਹੋਣ ਦੇ ਨਾਲ ਨਾਲ ਜਵਾਬਦੇਹੀ ਅਤੇ ਪਾਰਦਰਸ਼ੀ ਨੂੰ ਯਕੀਨੀ ਬਣਾਇਆ ਜਾਵੇਗਾ।
ਉਨ੍ਹਾਂ ਨੇ ਸਬੰਧਤ ਏਜੰਸੀਆਂ ਨੂੰ ਸ਼ੁਰੂ ਵਿੱਚ ਓ.ਪੀ.ਡੀ., ਸਟੋਰ ਅਤੇ ਫਾਰਮੇਸੀ ਇਨਵੈਂਟਰੀ ਕੰਟਰੋਲ ਅਤੇ ਮਰੀਜ਼ਾਂ ਦੀ ਫੀਡਬੈਕ ਪ੍ਰਣਾਲੀ ਵਰਗੀਆਂ ਸੇਵਾਵਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ।
ਸਕੱਤਰ ਅਲਕਨੰਦਾ ਦਿਆਲ ਨੇ ਅਧਿਕਾਰੀਆਂ ਨੂੰ ਜ਼ੋਰ ਦਿੰਦਿਆਂ ਕਿਹਾ ਕਿ ਪ੍ਰੋਜੈਕਟ ਨਾਲ ਸਬੰਧਤ ਵੱਖ-ਵੱਖ ਭਾਈਵਾਲਾਂ ਦਰਮਿਆਨ ਸੁਚਾਰੂ ਤਾਲਮੇਲ ਨੂੰ ਕਾਇਮ ਰੱਖਿਆ ਜਾਵੇ ਤਾਂ ਜੋ ਇਸ ਨੂੰ ਨਿਰਧਾਰਤ ਸਮੇਂ ਅੰਦਰ ਸਫਲਤਾਪੂਰਵਕ ਲਾਗੂ ਕੀਤਾ ਜਾ ਸਕੇ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਸਕੱਤਰ ਐਮ.ਈ.ਆਰ. ਕਮ ਵਾਈਸ ਚਾਂਸਲਰ ਜੀ.ਆਰ.ਏ.ਯੂ. ਰਾਹੁਲ ਗੁਪਤਾ, ਡਿਪਟੀ ਸਕੱਤਰ ਐਮ.ਈ.ਆਰ.ਮਨਰੀਤ ਰਾਣਾ, ਡਾਇਰੈਕਟਰ ਐਮ.ਈ.ਆਰ.ਕਮ ਵਾਈਸ ਚਾਂਸਲਰ ਬੀਐਫਯੂਐਚਐਸ ਡਾ. ਅਵਨੀਸ਼ ਕੁਮਾਰ, ਰਜਿਸਟਰਾਰ ਬੀਐਫਯੂਐਚਐਸ ਡਾ. ਨਿਰਮਲ ਸਮੇਤ ਚਾਰਾਂ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲ ਅਤੇ ਮੈਡੀਕਲ ਸੁਪਰਡੈਂਟ ਹਾਜ਼ਰ ਸਨ।