ਗੁਰਦਾਸਪੁਰ ਪੰਜਾਬ

ਲਗਾਤਾਰ ਵੱਧ ਰਹੀਆਂ ਚੋਰੀਆ ਕਾਰਨ ਸ਼ਹਿਰ ਨਿਵਾਸੀਆਂ ਅੰਦਰ ਸਹਿਮ ਦਾ ਮਾਹੌਲ

ਲਗਾਤਾਰ ਵੱਧ ਰਹੀਆਂ ਚੋਰੀਆ ਕਾਰਨ ਸ਼ਹਿਰ ਨਿਵਾਸੀਆਂ ਅੰਦਰ ਸਹਿਮ ਦਾ ਮਾਹੌਲ
  • PublishedFebruary 14, 2023

ਗੁਰਦਾਸਪੁਰ, 14 ਫਰਵਰੀ (ਮੰਨਣ ਸੈਣੀ)। ਲਗਾਤਾਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਸ਼ਹਿਰ ਨਿਵਾਸੀਆ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਜਿੱਥੇ ਮੋਟਰਸਾਇਕਲ ਚੋਰਾ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਜਾਪ ਰਹੇ ਹਨ ਉੱਥੇ ਹੀ ਘਰਾਂ ਅੰਦਰੋਂ ਚੋਰੀ ਦੀਆਂ ਵਾਰਦਾਤਾਂ ਵਿੱਚ ਵੀ ਇਜਾਫਾ ਹੁੰਦਾ ਜਾ ਰਿਹਾ ਹੈ। ਤਾਜ਼ਾ ਘਟਨਾ ਵਿਚ ਮੁਹੱਲਾ ਉਂਕਾਰ ਨਗਰ ਵਿਖੇ ਇਕ ਰਿਟਾਇਰਡ ਦੰਪਤੀ ਦੇ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ ‌ ਜੋ ਪਿਛਲੇ ਕਈ ਦਿਨਾਂ ਤੋਂ ‌ ਬਾਹਰ ਗਏ ਹੋਏ ਸਨ।

ਜਾਣਕਾਰੀ ਦਿੰਦਿਆਂ ਘਰ ਦੀ ਮਾਲਕਣ ਸਿੱਖਿਆ ਵਿਭਾਗ ਤੋਂ ਅਧਿਆਪਕ ਦੇ ਤੌਰ ਤੇ ਸੇਵਾਮੁਕਤ ਹੋਈ ਰਾਨੀ ਪਤਨੀ ਵਿਜੈ ਕੁਮਾਰ ਗੁਪਤਾ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੇ ਪਤੀ ਵਿਜੈ ਗੁਪਤਾ ਜੋ ਬੈਂਕ ਤੋਂ ਰਿਟਾਇਰ ਹੋਏ ਹਨ 17 ਜਨਵਰੀ ਤੋਂ ਆਪਣੇ ਘਰ ਨਹੀਂ ਸਨ। ਬੀਤੇ ਦਿਨ ਜਦੋਂ ਉਨ੍ਹਾਂ ਦੇ ਘਰ ਕੰਮ ਕਰਨ ਵਾਲੀ ਨੂੰ ਪਤਾ ਲੱਗਿਆ ਕਿ ਉਹ ਆਉਣ ਵਾਲੇ ਹਨ ਤਾਂ ਉਹ ਉਨ੍ਹਾਂ ਦੇ ਘਰ ਕੰਮ ਕਰਨ ਲਈ ਗਈ ਪਰ ਜਦੋਂ ਉੱਥੇ ਪੁੱਜੀ ਤਾਂ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ।

ਉਨ੍ਹਾਂ ਦੱਸਿਆ ਕਿ ਨੌਕਰਾਨੀ ਦੇ ਰੌਲਾ ਪਾਉਣ ਤੇ ਸਾਰੇ ਮੁਹੱਲੇ ਵਾਲੇ ਇਕੱਠੇ ਹੋ ਗਏ ਅਤੇ ਕੁਝ ਸਮੇਂ ਬਾਅਦ ਉਹ ਵੀ ਮੁੰਬਈ ਤੋਂ ਪਰਤ ਆਏ ।ਜਦ ਉਹਨਾਂ ਨੇ ਚੈਕ ਕੀਤਾ ਤਾਂ ਪਤਾ ਲੱਗਿਆ ਕਿ ਚੋਰਾਂ ਨੇ ਤਿੰਨ ਕਮਰਿਆਂ ਵਿੱਚ ਵੜ ਕੇ ਚੰਗੀ ਤਰ੍ਹਾਂ ਫਰੋਲਾ-ਫਰਾਲੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੋ ਕਮਰਿਆਂ ਦੇ ਚੋਰਾਂ ਵੱਲੋਂ ਤਾਲੇ ਨਹੀਂ ਤੋੜੇ ਗਏ ਬਲਕਿ ਉਨ੍ਹਾਂ ਦੀਆਂ ਜਾਲੀਆ ਕਟਰ ਨਾਲ ਕੱਟ ਕੇ ਚੋਰ ਕਮਰਿਆਂ ਵਿੱਚ ਵੜੇ ਸਨ। ਪੜਤਾਲ ਕਰਨ ਤੇ ਪਤਾ ਲੱਗਿਆ ਹੈ ਕਿ ਚੌਰ ਘਰ ਵਿਚੋ ਦੋ ਲੱਖ ਰੁਪਏ ਨਕਦ ‌, ਢਾਈ ਤੋਲੇ ਸੋਨੇ ਦੇ ਅਤੇ 25 ਗ੍ਰਾਮ ਚਾਂਦੀ ਦੇ ਗਹਿਣੇ ਚੋਰੀ ਕਰਕੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਸੀਸੀਟੀਵੀ ਕੈਮਰੇ ਵੀ ਲੱਗੇ ਹਨ ਪਰ ਚੋਰਾਂ ਵੱਲੋਂ ਇਹ ਕੈਮਰੇ ਪਤਾ ਨਹੀਂ ਕਿੰਵੇ ਖਰਾਬ ਕੀਤੇ ਗਏ ਸਨ ਕਿ ਇਨ੍ਹਾਂ ਵਿੱਚ ਕੁਝ ਵੀ ਨਹੀਂ ਆਇਆ।

Written By
The Punjab Wire