ਪੰਜਾਬ

ਕੈਬਨਿਟ ਮੰਤਰੀ ਬਲਜੀਤ ਕੌਰ ਨੇ ਦੋ ਨੇਤਰਹੀਣ ਵਿਅਕਤੀਆਂ ਦੀਆਂ ਅੱਖਾਂ ਦਾ ਕੀਤਾ ਸਫ਼ਲ ਅਪ੍ਰੇਸ਼ਨ

ਕੈਬਨਿਟ ਮੰਤਰੀ ਬਲਜੀਤ ਕੌਰ ਨੇ ਦੋ ਨੇਤਰਹੀਣ ਵਿਅਕਤੀਆਂ ਦੀਆਂ ਅੱਖਾਂ ਦਾ ਕੀਤਾ ਸਫ਼ਲ ਅਪ੍ਰੇਸ਼ਨ
  • PublishedFebruary 12, 2023

ਸੂਰਜ ਅਤੇ ਕਵਿਤਾ ਦੇਵੀ ਇੱਕ ਸਾਲ ਤੋਂ ਪੂਰੀ ਤਰ੍ਹਾਂ ਨੇਤਰਹੀਣ ਸਨ

ਪਿੰਡ ਲੱਧੂਵਾਲਾ ਜਿਲਾ ਫਾਜ਼ਿਲਕਾ ਦੇ ਦੋਵੇਂ ਵਿਅਕਤੀ ਹੁਣ ਪੂਰੀ ਤਰਾਂ ਦੇਖ ਸਕਦੇ ਹਨ

ਚੰਡੀਗੜ੍ਹ, 12 ਫਰਵਰੀ (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਨੂੰ ਚੰਗਾ ਪ੍ਰਸ਼ਾਸਨ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸੇ ਮੰਤਵ ਤਹਿਤ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਫ਼ਾਜ਼ਿਲਕਾ ਦੇ ਦੋ ਨੇਤਰਹੀਣ ਵਿਅਕਤੀਆਂ ਦੀਆਂ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੀਤਾ ਜੋ ਕਿ ਪੂਰੀ ਤਰਾਂ ਨਾਲ ਸਫ਼ਲ ਰਿਹਾ। ਕੈਬਿਨੇਟ ਮੰਤਰੀ ਅੱਜ ਇਹਨਾਂ ਦੋਹਾਂ ਦਾ ਹਾਲ ਚਾਲ ਪੁੱਛਣ ਲਈ ਆਏ ਸਨ।

ਕੈਬਿਨੇਟ ਮੰਤਰੀ ਡਾ. ਬਲਜੀਤ ਕੌਰ ਨੇ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੂਰਜ ਅਤੇ ਕਵਿਤਾ ਦੋਨੋ ਪਤੀ ਪਤਨੀ ਪਿੰਡ ਲੱਧੂਵਾਲਾ ਫਾਜਿਲਕਾ ਤੋਂ ਇੱਕ ਸਾਲ ਤੋਂ ਚਿੱਟੇ ਮੋਤੀਏ ਕਰਕੇ ਅੱਖਾਂ ਦੀ ਰੌਸ਼ਨੀ ਗਵਾ ਚੁੱਕੇ ਸਨ। ਇਹ ਲੋਕ ਗਰੀਬੀ ਕਰਕੇ ਅਣਗੌਲੇ ਰਹਿ ਗਏ ਸਨ ਇਹਨਾ ਮਰੀਜ਼ਾਂ ਨੂੰ ਇੱਕ ਸੰਸਥਾ ਦੁਆਰਾ ਲਿਆਂਦਾ ਗਿਆ ਸੀ। ਉਨਾਂ ਦਸਿਆ ਕਿ ਇਹ ਦੋਵੇਂ ਪਤੀ ਪਤਨੀ ਦਾ ਇੱਕ ਮਹੀਨੇ ਪਹਿਲਾਂ ਅੱਖਾਂ ਦਾ ਅਪ੍ਰੇਸ਼ਨ ਕੀਤਾ ਸੀ ਜੋ ਕਿ ਪੂਰੀ ਤਰ੍ਹਾਂ ਕਾਮਯਾਬ ਰਿਹਾ ਅਤੇ ਇਹ ਦੰਪਤੀ ਜ਼ਿੰਦਗੀ ਦੇ ਰੰਗ ਦੇਖਣਯੋਗ ਹੋ ਗਏ ਹਨ।

ਕੈਬਿਨੇਟ ਮੰਤਰੀ ਨੇ ਅੱਗੇ ਦਸਿਆ ਕਿ ਸੂਰਜ ਅਤੇ ਕਵਿਤਾ ਦੋਨੋ ਪਤੀ ਪਤਨੀ ਅੱਜ ਆਪ ਚੱਲ ਕੇ ਆਪਣੀ ਦੂਜੀ ਅੱਖ ਦੇ ਅਪ੍ਰੇਸ਼ਨ ਲਈ ਆਏ ਸਨ । ਉਨਾਂ ਕਿਹਾ ਕਿ ਇਹਨਾਂ ਦੋਵਾਂ ਦਾ ਦੂਜੀ ਅੱਖ ਦਾ ਅਪ੍ਰੇਸ਼ਨ ਕੀਤਾ ਗਿਆ ਹੈ ਜੋ ਕਿ ਸਫਲਤਾ ਪੂਰਵਕ ਹੋ ਗਿਆ ਹੈ। ਉਨਾਂ ਕਿਹਾ ਕਿ ਇਹ ਲੋਕ ਜ਼ਿੰਦਗੀ ਵਿੱਚ ਹਮੇਸ਼ਾ ਅੱਗੇ ਵੱਧ ਕੇ ਕੰਮ ਕਰਨ ਲਈ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਦੋਵੇਂ ਵਿਅਕਤੀ ਹੁਣ ਪੂਰੀ ਤਰ੍ਹਾਂ ਆਪਣੀਆਂ ਅੱਖਾਂ ਨਾਲ ਸਮਾਜ ਨੂੰ ਵੇਖ ਸਕਦੇ ਹਨ ਅਤੇ ਆਪਣਾ ਚੰਗਾ ਜੀਵਨ ਜਿਉਣ ਦੇ ਕਾਬਲ ਹੋ ਗਏ ਹਨ।

ਇਸ ਮੌਕੇ ਸ੍ਰੀ ਗੁਰੂ ਨਾਨਕ ਸਾਹਿਬ ਸਰਬ ਸਾਂਝਾ ਮੋਦੀਖਾਨਾ ਸਮਾਜ ਦੇ ਉੱਘੇ ਵਿਅਕਤੀਆਂ ਤੋਂ ਇਲਾਵਾ ਹੋਰ ਸਮਾਜ ਸੇਵਕ ਵੀ ਹਾਜ਼ਰ ਸਨ।

Written By
The Punjab Wire