ਨਵੀਂ ਦਿੱਲੀ, 6 ਫਰਵਰੀ (ਦੀ ਪੰਜਾਬ ਵਾਇਰ)। ਰਾਜਸਥਾਨ ਦੇ ਬਾੜਮੇਰ ਜ਼ਿਲੇ ਦੇ ਚੌਹਾਟਨ ਥਾਣੇ ‘ਚ ਇਕ ਸਥਾਨਕ ਵਿਅਕਤੀ ਨੇ ਯੋਗ ਗੁਰੂ ਸਵਾਮੀ ਰਾਮਦੇਵ ਖਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ‘ਚ ਐੱਫ.ਆਈ.ਆਰ. ਦਰਜ ਕਰਵਾਈ ਹੈ। ਇਸ ਬਾਰੇ ਪੁਲਿਸ ਨੇ ਜਾਣਕਾਰੀ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਥਾਨਕ ਨਿਵਾਸੀ ਪਥਾਈ ਖਾਨ ਨੇ ਐਤਵਾਰ ਨੂੰ ਯੋਗ ਗੁਰੂ ਬਾਬਾ ਰਾਮਦੇਵ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕੀਤਾ ਹੈ।
ਉਨ੍ਹਾਂ ਦੱਸਿਆ ਕਿ (Baba Ramdev News) ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਭਾਰਤੀ ਦੰਡਾਵਲੀ ਦੀ ਧਾਰਾ 153 (ਏ), 295 (ਏ) ਅਤੇ 298 ਤਹਿਤ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ 2 ਫਰਵਰੀ ਨੂੰ ਸੰਤਾਂ ਦੀ ਬੈਠਕ ‘ਚ ਰਾਮਦੇਵ ਨੇ ਹਿੰਦੂ ਧਰਮ ਦੀ ਇਸਲਾਮ ਅਤੇ ਈਸਾਈਅਤ ਨਾਲ ਤੁਲਨਾ ਕਰਦੇ ਹੋਏ ਦੂਸਰੇ ਧਰਮਾਂ ਖਿਲਾਫ਼ ਕਈ ਵਿਵਾਦਿਤ ਬਿਆਨ ਦਿੱਤੇ ਸਨ।