ਅਕਾਲੀ ਦਲ ਤੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਕੀਤਾ ਐਲਾਨ
ਗੁਰਦਾਸਪੁਰ, 5 ਫਰਵਰੀ (ਮੰਨਣ ਸੈਣੀ)। ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਪਿੰਡ ਸ਼ੇਰਪੁਰ ਵਿਚ ਅੱਜ ਸਾਬਕਾ ਸਰਪੰਚ ਸਮੇਤ ਕਈ ਪਰਿਵਾਰ ਅਕਾਲੀ ਦਲ ਅਤੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਹਨ। ਇਨਾਂ ਪਰਿਵਾਰਾਂ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਪਿੰਡ ਵਿਚ ਕਰਵਾਏ ਸਮਾਗਮ ਵਿਚ ਪਹੁੰਚ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰਵਾਇਆ। ਇਸ ਦੌਰਾਨ ਬਹਿਲ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਹਿਣੀ ਅਤੇ ਕਰਨੀ ਵਿਚ ਕੋਈ ਫਰਕ ਨਹੀਂ ਹੈ। ਇਸ ਸਰਕਾਰ ਨੇ ਲੋਕਾਂ ਨਾਲ ਜੋ ਜੋ ਵਾਅਦੇ ਕੀਤੇ ਸਨ, ਉਨਾਂ ਨੂੰ ਬਾਖੂਬੀ ਪੂਰਾ ਕੀਤਾ ਹੈ ਜਿਸ ਕਾਰਨ ਅੱਜ ਹਰੇਕ ਵਰਗ ਦੇ ਲੋਕ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ।

ਉਨਾਂ ਕਿਹਾ ਕਿ ਪਿੰਡ ਸ਼ੇਰਪੁਰ ਦੇ ਸਾਬਕਾ ਸਰਪੰਚ ਮੰਗਾ ਰਾਮ, ਅਮਨਦੀਪ ਮੈਂਬਰ, ਪ੍ਰਸ਼ੋਤਮ ਲਾਲ ਮੈਂਬਰ, ਗੋਲਡੀ, ਬਨਾਰਸੀ ਲਾਲ, ਬੂਟਾ ਰਾਮ ਸਾਬਕਾ ਸਰਪੰਚ, ਸੰਨੀ, ਬਲਵਿੰਦਰ ਕੁਮਾਰ, ਕੁਲਦੀਪ, ਮੁਨੀਸ਼ਵਰ, ਜੋਗਿੰਦਰਪਾਲ ਆਦਿ ਸਮੇਤ ਪਿੰਡ ਦੇ ਆਗੂ ਤੇ ਅਕਾਲੀ ਦਲ ਤੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਹਨ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਹੋਰ ਵੀ ਅਨੇਕਾਂ ਪਿੰਡਾਂ ਦੇ ਪੰਚ ਸਰਪੰਚ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਹਨ ਅਤੇ ਆਉਣ ਵਾਲੇ ਸਮੇ ਵਿਚ ਵੀ ਇਹ ਸਿਲਸਿਲਾ ਜਾਰੀ ਰਹੇਗਾ ਕਿਉਂਕਿ ਹੁਣ ਪੰਜਾਬ ਵਿਚ ਕਾਂਗਰਸ ਅਤੇ ਅਕਾਲੀ ਦਲ ਨੂੰ ਸੂਬੇ ਦੇ ਲੋਕ ਪੂਰੀ ਤਰਾਂ ਨਕਾਰ ਚੁੱਕੇ ਹਨ।
ਸਾਬਕਾ ਸਰਪੰਚ ਮੰਗਾ ਰਾਮ ਅਤੇ ਉਨਾਂ ਦੇ ਸਾਥੀਆਂ ਨੇ ਕਿਹਾ ਕਿ ਉਹ ਰਮਨ ਬਹਿਲ ਵੱਲੋਂ ਹਲਕੇ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਹਨ।

ਇਸ ਮੌਕੇ ਬਹਿਲ ਨੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਨਾਲ ਬਿਜਲੀ ਸਪਲਾਈ ਅਤੇ ਢਿੱਲੀਆਂ ਤਾਰਾਂ ਸਬੰਧੀ ਸਮੱਸਿਆ ਦਾ ਹੱਲ ਕਰਵਾਉਣ ਸਬੰਧੀ ਦੱਸਿਆ ਕਿ ਮੀਰਪੁਰ ਫੀਡਰ ਨੂੰ 2 ਭਾਗਾਂ ਵਿਚ ਵੰਡ ਦਿੱਤਾ ਗਿਆ ਹੈ ਅਤੇ ਹਫਤੇ ਵਿਚ ਹੀ ਇਸ ਦਾ ਕੰਮ ਸ਼ੁਰੂ ਹੋ ਜਾਵੇਗਾ। ਉਨਾਂ ਦੱਸਿਆ ਕਿ ਇਸ ਫੀਡਰ ਨੂੰ 66ਕੇਵੀ ਸਬ ਸਟੇਸ਼ਨ ਰਣਜੀਤ ਬਾਗ ਤੋਂ ਸਪਲਾਈ ਦਿੱਤੀ ਜਾਵੇਗੀ ਜਿਸ ‘ਤੇ ਕਰੀਬ 34 ਲੱਖ ਰੁਪਏ ਦਾ ਖਰਚਾ ਆਵੇਗਾ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਪਿੰਡ ਵਿਚ ਨਵੀਆਂ ਤਾਰਾਂ ਨੂੰ ਬਦਲ ਕੇ ਉਚਾ ਕੀਤਾ ਜਾਵੇਗਾ ਅਤੇ ਨਾਲ ਹੀ ਨਵੀਆਂ ਤਾਰਾਂ ਪਵਾ ਦਿੱਤੀਆਂ ਜਾਣਗੀਆਂ। ਇਸ ਮੌਕੇ ਭਾਰਤ ਭੂਸ਼ਣ ਸ਼ਰਮਾ, ਅਸ਼ੋਕ ਮਹਾਜਨ, ਗੋਗਾ ਗਾਰਮੈਂਟਸ ਅਤੇ ਯੋਗੇਸ਼ ਸ਼ਰਮਾ ਆਦਿ ਮੌਜੂਦ ਸਨ।