ਬਟਾਲਾ, 6 ਫਰਵਰੀ (ਮੰਨਣ ਸੈਣੀ)। ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਘੁਮਾਣ ਅਧੀਨ ਪੈਂਦੇ ਪਿੰਡ ਦਹੀਆ ਵਿੱਚ ਬੀਤੀ ਰਾਤ ਦੋ ਧਿਰਾਂ ਵਿੱਚ ਖੂਨੀ ਝੜਪ ਹੋ ਗਈ। ਇਸ ਖੂਨੀ ਘਟਨਾ ‘ਚ ਸਾਬਕਾ ਸਰਪੰਚ ਦੀ ਮੌਤ ਹੋ ਗਈ, ਜਦਕਿ ਦੋ ਲੋਕ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ 65 ਸਾਲਾ ਸਰਵਣ ਸਿੰਘ ਵਜੋਂ ਹੋਈ ਹੈ। ਜਦਕਿ ਜ਼ਖਮੀਆਂ ਨੂੰ ਇਲਾਜ ਲਈ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਸਥਾਨਕ ਪੁਲਿਸ ਨੇ ਸੱਤ ਦੋਸ਼ੀਆਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਤਿੰਨ ਦੋਸ਼ੀਆ ਦੀ ਗ੍ਰਿਫਤਾਰੀ ਹੋ ਗਈ ਹੈ।
ਮ੍ਰਿਤਕ ਸਰਵਣ ਸਿੰਘ ਦੇ ਪੁੱਤਰ ਜਤਿੰਦਰ ਨੇ ਪੁਲੀਸ ਨੂੰ ਕੁਝ ਵਿਅਕਤੀਆਂ ਦੇ ਨਾਂ ਦੱਸੇ ਸਨ। ਉਸ ਨੇ ਦੱਸਿਆ ਕਿ ਅੱਠ ਦੇ ਕਰੀਬ ਹਮਲਾਵਰ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਉਸ ਦੇ ਘਰ ਪੁੱਜੇ ਸਨ। ਇਸ ਦੌਰਾਨ ਪਿਤਾ ਸਰਵਣ ਸਿੰਘ ਘਰ ਦੇ ਬਾਹਰ ਬੈਠੇ ਸਨ। ਹਮਲਾਵਰਾਂ ਨੇ ਆਉਂਦੇ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਗੋਲੀ ਲੱਗਣ ਕਾਰਨ ਉਸ ਦੇ ਪਿਤਾ ਦੀ ਮੌਤ ਹੋ ਗਈ।
ਇਸ ਸਬੰਧੀ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇਰ ਰਾਤ ਹੀ ਦਰਜ ਕਰ ਲਏ ਗਏ ਹਨ ਅਤੇ ਸੱਤ ਦੇ ਖਿਲਾਫ਼ ਮਾਮਲਾ ਦਰਜ ਕਰ ਤਿੰਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ।ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਐਸਪੀ ਰੈਂਕ ਦੇ ਅਫ਼ਸਰ ਵੱਲੋਂ ਤਫ਼ਤੀਸ਼ ਕਰਵਾਈ ਜਾ ਰਹੀ ਹੈ ਅਤੇ ਜਲਦ ਹੀ ਹੋਰ ਗ੍ਰਿਫ਼ਤਾਰੀਆਂ ਹੋਣਗੀਆ।