ਮੁੰਬਈ ਵਿਖੇ ਟਾਟਾ ਗਰੁੱਪ ਦੇ ਅਫ਼ਸਰਾਂ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਦਿੱਤੀ ਜਾਣਕਾਰੀ
2600 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਪਲਾਂਟ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ-ਭਗਵੰਤ ਮਾਨ
ਅਸੀਂ ਪਿਛਲੀਆਂ ਸਰਕਾਰਾਂ ਵਾਂਗ ਕੱਲੇ ਐਮ.ਓ.ਯੂ. ਨਹੀਂ ਕਰਦੇ – ਮੁੱਖ ਮੰਤਰੀ
ਅਸੀਂ ਜੋ ਕਹਿੰਦੇ ਹਾਂ, ਓਹ ਕਰਦੇ ਹਾਂ-ਮੁੱਖ ਮੰਤਰੀ
ਮੁੰਬਈ/ਚੰਡੀਗੜ੍ਹ, 24 ਜਨਵਰੀ (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਸਦਕਾ ਅੱਜ ਸੂਬੇ ਨੇ ਉਦਯੋਗਿਕ ਕ੍ਰਾਂਤੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਵੱਲ ਵੱਡੀ ਪੁਲਾਂਘ ਪੁੱਟੀ। ਟਾਟਾ ਸਟੀਲ ਨੇ ਲੁਧਿਆਣਾ ਵਿਖੇ ਪਹਿਲੇ ਪੜਾਅ ਵਿੱਚ 2600 ਕਰੋੜ ਰੁਪਏ ਦੇ ਨਿਵੇਸ਼ ਨਾਲ ਸਕਰੈਪ ਅਧਾਰਤ ਆਪਣਾ ਸਟੀਲ ਪਲਾਂਟ ਸਥਾਪਤ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਹੈ।
ਅੱਜ ਇੱਥੇ ਟਾਟਾ ਗਰੁੱਪ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਤਾਂ ਸਿਰਫ਼ ਸ਼ੁਰੂਆਤ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੰਜਾਬ ਨੂੰ ਉਦਯੋਗਿਕ ਵਿਕਾਸ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਵਾਂਗੇ।
ਮੁੱਖ ਮੰਤਰੀ ਨੇ ਇਸ ਵੱਕਾਰੀ ਪ੍ਰੋਜੈਕਟ ‘ਤੇ ਕੰਮ ਸ਼ੁਰੂ ਕਰਨ ਲਈ ਟਾਟਾ ਗਰੁੱਪ ਨੂੰ ਵਧਾਈ ਦਿੰਦਿਆਂ ਇਸ ਪ੍ਰੋਜੈਕਟ ਵਿੱਚ ਉਨ੍ਹਾਂ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸੂਬੇ ਵਿੱਚ ਇਸ ਵਿਸ਼ਵ ਪ੍ਰਸਿੱਧ ਕੰਪਨੀ ਵੱਲੋਂ ਕੀਤਾ ਗਿਆ ਪਹਿਲਾ ਨਿਵੇਸ਼ ਹੈ ਅਤੇ ਜਮਸ਼ੇਦਪੁਰ ਤੋਂ ਬਾਅਦ ਦੇਸ਼ ਵਿੱਚ ਕੀਤਾ ਦੂਜਾ ਸਭ ਤੋਂ ਵੱਡਾ ਨਿਵੇਸ਼ ਹੈ। ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਇਸ ਵੱਡੇ ਉਦਯੋਗਿਕ ਸਮੂਹ ਵੱਲੋਂ ਕੀਤਾ ਨਿਵੇਸ਼ ਸੂਬੇ ਨੂੰ ਉਦਯੋਗਿਕ ਵਿਕਾਸ ਦੀਆਂ ਨਵੀਆਂ ਲੀਹਾਂ ‘ਤੇ ਪਹੁੰਚਾ ਦੇਵੇਗਾ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ।
ਮੁੱਖ ਮੰਤਰੀ ਨੇ ਇਸ ਪਹਿਲਕਦਮੀ ਨੂੰ ‘ਨਵੇਂ ਯੁੱਗ ਦੀ ਸ਼ੁਰੂਆਤ’ ਦੱਸਿਆ ਕਿਉਂਕਿ ਪਹਿਲਾਂ ਇਹ ਸਮਝੌਤਾ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਸੀ ਜਦਕਿ ਸੂਬੇ ਦੀ ਤਰੱਕੀ ਨੂੰ ਹੁਲਾਰਾ ਦੇਣ ਦੀ ਦਿਸ਼ਾ ਵੱਲ ਹੁਣ ਜ਼ਮੀਨੀ ਪੱਧਰ ਉਤੇ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਪਹਿਲਾਂ ਕੰਪਨੀਆਂ ਨੂੰ ਸੂਬੇ ਦੇ ਰਸੂਖਵਾਨ ਪਰਿਵਾਰਾਂ ਨਾਲ ਸਮਝੌਤੇ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਭਗਵੰਤ ਮਾਨ ਨੇ ਕਿਹਾ ਕਿ ਹੁਣ ਪ੍ਰਗਤੀਸ਼ੀਲ ਅਤੇ ਸ਼ਾਂਤਮਈ ਪੰਜਾਬ ਦੀ ਸਿਰਜਣਾ ਲਈ ਸੂਬੇ ਦੇ ਲੋਕਾਂ ਨਾਲ ਇਹ ਸਮਝੌਤੇ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਇਸ ਪ੍ਰੋਜੈਕਟ ਤੋਂ ਬਹੁਤ ਲਾਭ ਮਿਲੇਗਾ, ਜੋ ਸੂਬੇ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਟਾਟਾ ਗਰੁੱਪ ਲੁਧਿਆਣਾ ਵਿਖੇ ਸਥਾਪਤ ਕੀਤੇ ਜਾਣ ਵਾਲੇ ਪ੍ਰੋਜੈਕਟ ਦੇ ਪਹਿਲੇ ਪੜਾਅ ਵਿੱਚ ਲਗਭਗ 2600 ਕਰੋੜ ਰੁਪਏ ਦਾ ਨਿਵੇਸ਼ ਕਰ ਰਿਹਾ ਹੈ ਜੋ ਪੰਜਾਬ ਸਰਕਾਰ ਦੇ ਹਾਈ-ਟੈਕ ਵੈਲੀ ਇੰਡਸਟਰੀਅਲ ਪਾਰਕ ਦੇ ਨਾਲ ਲੱਗਦਾ ਹੈ। ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਇਹ ਵੱਕਾਰੀ ਪ੍ਰੋਜੈਕਟ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਅੱਗੇ ਵਧਾਉਣ ਲਈ ਮੀਲ ਪੱਥਰ ਸਾਬਤ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਇਲੈਕਟ੍ਰਿਕ ਆਰਕ ਭੱਠੀ ਅਧਾਰਿਤ ਪਲਾਂਟ 0.75 ਐਮਟੀਪੀਏ ਤਿਆਰ ਸਟੀਲ ਦਾ ਉਤਪਾਦਨ ਕਰੇਗਾ ਅਤੇ ਸਟੀਲ ਬਣਾਉਣ ਦੀ ਪ੍ਰਕਿਰਿਆ ਲਈ ਕੱਚਾ ਮਾਲ 100 ਫ਼ੀਸਦੀ ਸਕ੍ਰੈਪ ਹੋਵੇਗਾ। ਭਗਵੰਤ ਮਾਨ ਨੇ ਦੱਸਿਆ ਕਿ ਇਹ ਪਲਾਂਟ ਪੀ.ਐਸ.ਆਈ.ਈ.ਸੀ. ਵੱਲੋਂ ਵਿਕਸਤ ਕੀਤੇ ਗਏ ਅਤਿ-ਆਧੁਨਿਕ ਉਦਯੋਗਿਕ ਪਾਰਕ ਦੇ ਨਾਲ ਲਗਦੀ 115 ਏਕੜ ਜ਼ਮੀਨ ਵਿੱਚ ਫੈਲਿਆ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸੂਬਾ ਸਰਕਾਰ ਦੀ ਵਚਨਬੱਧਤਾ ਦਾ ਹਿੱਸਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੰਜਾਬ ਉਦਯੋਗਿਕ ਵਿਕਾਸ ਦੇ ਖੇਤਰ ਵਿੱਚ ਮੋਹਰੀ ਸੂਬਾ ਬਣ ਜਾਵੇ।