ਸਰਕਾਰ ਨੇ ਭੇਜੀ 36.36 ਲੱਖ ਰੁਪਏ ਦੀ ਗਰਾਂਟ
ਗੁਰਦਾਸਪੁਰ, 28 ਨਵੰਬਰ ( ਮੰਨਣ ਸੈਣੀ ) । ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਜਲਦ ਹੀ ਜ਼ਿਲ੍ਹਾ ਸਦਰ ਮੁਕਾਮ ਸਥਿਤ ਜ਼ਿਲ੍ਹਾ ਲਾਇਬ੍ਰੇਰੀ ਦੀ ਕਾਇਆ-ਕਲਪ ਹੋਣ ਜਾ ਰਹੀ ਹੈ। ਚੇਅਰਮੈਨ ਸ੍ਰੀ ਬਹਿਲ ਦੇ ਯਤਨਾ ਸਦਕਾ ਪੰਜਾਬ ਸਰਕਾਰ ਨੇ ਜ਼ਿਲ੍ਹਾ ਲਾਇਬ੍ਰੇਰੀ ਗੁਰਦਾਸਪੁਰ ਲਈ 36.36 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕਰਕੇ ਪ੍ਰਸ਼ਾਸਕੀ ਪ੍ਰਵਾਨਗੀ ਭੇਜ ਦਿੱਤੀ ਹੈ।ਅੱਜ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਜ਼ਿਲ੍ਹਾ ਲਾਇਬ੍ਰੇਰੀ ਦਾ ਦੌਰਾ ਕੀਤਾ ਗਿਆ ਅਤੇ ਮੌਕੇ `ਤੇ ਸਾਰੀ ਸਥਿਤੀ ਦਾ ਜਾਇਜਾ ਲਿਆ। ਇਸ ਮੌਕੇ ਉਨ੍ਹਾਂ ਸ਼ਹਿਰ ਦੇ ਬੁੱਧੀਜੀਵੀਆਂ ਨਾਲ ਲਾਇਬ੍ਰੇਰੀ ਦੇ ਰੱਖ-ਰਖਾਵ ਸਬੰਧੀ ਵਿਚਾਰ ਵਟਾਂਦਰਾ ਵੀ ਕੀਤਾ।
ਜ਼ਿਲ੍ਹਾ ਲਾਇਬ੍ਰੇਰੀ ਬਾਰੇ ਗੱਲ ਕਰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਮੰਗ ’ਤੇ ਸਵਰਗਵਾਸੀ ਸ੍ਰੀ ਖੁਸ਼ਹਾਲ ਬਹਿਲ ਵੱਲੋਂ ਸਾਲ 2006 ਵਿਚ ਇਸ ਜ਼ਿਲ੍ਹਾ ਲਾਇਬ੍ਰੇਰੀ ਦੀ ਨਵੀਂ ਇਮਾਰਤ ਦੀ ਉਸਾਰੀ ਕਰਵਾ ਕੇ ਇਥੇ ਲੋੜੀਂਦਾ ਸਾਜੋ ਸਮਾਨ ਉਪਲਬਧ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਬਾਅਦ ਵਿਚ ਕਿਸੇ ਵੀ ਸਰਕਾਰ ਨੇ ਨੌਜਵਾਨਾਂ ਤੇ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਅਤੇ ਇਸ ਲਾਇਬ੍ਰੇਰੀ ਵਿਚ ਕਿਤਾਬਾਂ ਦੇ ਰੂਪ `ਚ ਪਏ ਅਨਮੋਲ ਖਜਾਨੇ ਨੂੰ ਸੰਭਾਲਣ ਲਈ ਕੋਈ ਸੰਜੀਦਗੀ ਨਹੀਂ ਦਿਖਾਈ। ਇਸ ਕਾਰਨ ਅੱਜ ਹਾਲਾਤ ਇਹ ਬਣ ਚੁੱਕੇ ਹਨ ਕਿ ਇਥੇ ਕੁਝ ਗਿਣਤੀ ਦੇ ਲੋਕ ਹੀ ਕਿਤਾਬਾਂ ਪੜ੍ਹਨ ਆਉਂਦੇ ਹਨ। ਇਥੋਂ ਤੱਕ ਇਥੇ ਸਟਾਫ ਵੀ ਪੂਰਾ ਨਹੀਂ ਹੈ ਅਤੇ ਹੋਰ ਸਹੂਲਤਾਂ ਦੀ ਵੱਡੀ ਘਾਟ ਪੈਦਾ ਹੋ ਚੁੱਕੀ ਹੈ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਜਦੋਂ 15 ਅਗਸਤ ਵਾਲੇ ਦਿਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜ਼ਿਲ੍ਹਾ ਲਾਇਬ੍ਰੇਰੀ ਦੇ ਨਾਲ ਫਿਸ਼ ਪਾਰਕ ਵਿਖੇ ਸ਼ਹੀਦ ਬਲਵਿੰਦਰ ਸਿੰਘ ਦੀ ਯਾਦ ਵਿਚ ਬਣੇ ਗੇਟ ਦਾ ਉਦਘਾਟਨ ਕਰਨ ਆਏ ਸਨ ਤਾਂ ਉਨਾਂ ਨੇ ਕੈਬਨਿਟ ਮੰਤਰੀ ਨੂੰ ਇਸ ਲਾਇਬ੍ਰੇਰੀ ਦਾ ਦੌਰਾ ਕਰਵਾ ਕੇ ਇਥੇ ਸਹੂਲਤਾਂ ਦੀ ਘਾਟ ਤੋਂ ਜਾਣੂ ਕਰਵਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਲਗਾਤਾਰ ਸਰਕਾਰ ਤੱਕ ਪਹੁੰਚ ਕਰਕੇ ਲਾਇਬ੍ਰੇਰੀ ਦੀ ਕਾਇਆ ਕਲਪ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਸ੍ਰੀ ਬਹਿਲ ਨੇ ਕਿਹਾ ਕਿ ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 36 ਲੱਖ 36 ਹਜਾਰ ਰੁਪਏ ਦੀ ਗ੍ਰਾਂਟ ਦੀ ਪ੍ਰਸ਼ਾਸਕੀ ਪ੍ਰਵਾਨਗੀ ਲੋਕ ਨਿਰਮਾਣ ਵਿਭਾਗ ਨੂੰ ਭੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਹੁਤ ਜਲਦੀ ਲਾਇਬ੍ਰੇਰੀ ਦੀ ਕਾਇਆ-ਕਲਪ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ।
ਇਸ ਮੌਕੇ ਜੇਲ੍ਹ ਸੁਪਰਡੰਟ ਰਜਿੰਦਰ ਸਿੰਘ ਹੁੰਦਲ ਤੋਂ ਇਲਾਵਾ ਸ਼ਹਿਰ ਦੇ ਬੁੱਧੀਜੀਵੀ ਕਮਲਜੀਤ ਸਿੰਘ ਕਮਲ, ਭਾਰਤ ਭੂਸ਼ਣ ਅਗਰਵਾਲ, ਵਿਪੁਨ ਕੁਮਾਰ, ਵਿਜੇ ਕੁਮਾਰ, ਰੁਪਿੰਦਰ ਕੌਰ, ਪ੍ਰਿੰਸੀਪਲ ਜੀ.ਐੱਸ. ਕਲਸੀ ਸਮੇਤ ਹੋਰ ਸ਼ਹਿਰ ਵਾਸੀ ਵੀ ਮੌਜੂਦ ਸਨ।