ਖੇਤੀਬਾੜੀ ਮੰਤਰੀ ਧਾਲੀਵਾਲ ਨੇ ਸਹਿਕਾਰੀ ਖੰਡ ਮਿੱਲ ਪਨਿਆੜ (ਗੁਰਦਾਸਪੁਰ) ਦੇ ਪਿੜਾਈ ਸੀਜਨ ਦੀ ਕੀਤੀ ਸ਼ੁਰੂਆਤ
ਖੰਡ ਮਿੱਲ ਦੀ ਸਮਰੱਥਾ ਵਧਾਉਣ ਵਾਲਾ ਪ੍ਰੋਜੈਕਟ ਅਪ੍ਰੈਲ 2023 ਵਿੱਚ ਹਵੇਗਾ ਮੁਕੰਮਲ ਕੈਬਨਿਟ ਮੰਤਰੀ ਧਾਲੀਵਾਲ
ਗੁਰਦਾਸਪੁਰ, 25 ਨਵੰਬਰ ( ਮੰਨਣ ਸੈਣੀ) । ਸੂਬੇ ਦੇ ਖੇਤੀਬਾੜੀ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਸਹਿਕਾਰੀ ਖੰਡ ਮਿੱਲ ਪਨਿਆੜ (ਗੁਰਦਾਸਪੁਰ) ਦੇ 43ਵੇਂ ਪਿੜਾਈ ਸੀਜਨ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਸ਼ੂਗਰਫੈਡ ਦੇ ਚੇਅਰਮੈਨ ਸ. ਨਵਦੀਪ ਸਿੰਘ ਜੀਦਾ, ਦੀਨਾਨਗਰ ਤੋਂ ਉੱਘੇ ਜਨਤਕ ਆਗੂ ਸ੍ਰੀ ਸ਼ਮਸ਼ੇਰ ਸਿੰਘ, ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ, ਸ਼ੂਗਰ ਮਿੱਲ ਦੇ ਜੀ.ਐੱਮ. ਸ੍ਰੀ ਪਵਨ ਕੁਮਾਰ ਭੱਲਾ, ਡੀ.ਡੀ.ਪੀ.ਓ. ਸ੍ਰੀ ਸੰਦੀਪ ਮਲਹੋਤਰਾ, ਇੰਜਨੀਅਰ-ਕਮ-ਪ੍ਰਚੇਜ ਅਫਸਰ ਸ੍ਰੀ ਸੰਦੀਪ ਸਿੰਘ, ਸ੍ਰੀ ਆਈ.ਪੀ.ਐਸ. ਭਾਟੀਆ ਚੀਫ ਕੈਮਸਿਟ, ਸ੍ਰੀ ਕੁਲਦੀਪ ਸਿੰਘ ਡਿਪਟੀ ਚੀਫ ਇੰਜਨੀਅਰ, ਸ੍ਰੀ ਐਸ.ਕੇ. ਮਲਹੋਤਰਾ ਡਿਪਟੀ ਚੀਫ ਅਕਾਊਟਸ ਅਫਸਰ, ਸ੍ਰੀ ਚਰਨਜੀਤ ਸਿੰਘ, ਸੁਪਰਡੈਂਟ, ਸ੍ਰੀ ਰਾਜ ਕਮਲ ਮੁੱਖ ਗੰਨਾ ਵਿਕਾਸ ਅਫਸਰ, ਸਮੂਹ ਫੀਲਡ ਸਟਾਫ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਇਸ ਮੌਕੇ ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਗੰਨਾ ਕਾਸ਼ਤਕਾਰਾਂ ਨਾਲ 25 ਨਵੰਬਰ ਤੱਕ ਸੂਬੇ ਦੀਆਂ ਸਾਰੀਆਂ ਖੰਡ ਮਿੱਲਾਂ ਨੂੰ ਸ਼ੁਰੂ ਕਰਨ ਦਾ ਵਾਅਦਾ ਕੀਤਾ ਸੀ ਜਿਸ ਤਹਿਤ ਅੱਜ ਸੂਬੇ ਦੀਆਂ ਸਾਰੀਆਂ ਸਹਿਕਾਰੀ ਖੰਡ ਮਿੱਲਾਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰੀਬ 402 ਕਰੋੜ ਰੁਪਏ ਖਰਚ ਕਰਕੇ ਸਹਿਕਾਰੀ ਮਿੱਲ ਗੁਰਦਾਸਪੁਰ ਦੀ ਸਮਰੱਥਾ ਵਧਾ ਕੇ 5000 ਟੀ.ਸੀ.ਡੀ. ਕੀਤੀ ਜਾ ਰਹੀ ਹੈ ਅਤੇ ਅਪ੍ਰੈਲ 2023 ਤੱਕ ਇਹ ਪ੍ਰੋਜੈਕਟ ਮੁਕੰਮਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮਿੱਲ ਵਿਖੇ 250 ਕਰੋੜ ਰੁਪਏ ਦੀ ਲਾਗਤ ਨਾਲ ਇੱਕ 120 ਕੇ.ਐਲ.ਪੀ.ਡੀ ਈਥਾਨੋਲ ਪਲਾਂਟ ਵੀ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮਿੱਲ ਦੀ ਸਮਰੱਥਾ ਵੱਧਣ ਨਾਲ ਇਲਾਕੇ ਦੇ ਗੰਨਾ ਕਾਸਤਕਾਰਾਂ ਦਾ ਸਾਰਾ ਗੰਨਾ ਪੀੜਿਆ ਜਾ ਸਕੇਗਾ ਜਿਸ ਨਾਲ ਗੰਨਾਂ ਕਾਸਤਕਾਰਾਂ ਅਤੇ ਇਲਾਕਾ ਵਾਸੀਆਂ ਨੂੰ ਵਿੱਤੀ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਲਗਣ `ਤੇ ਗੰਨਾ ਕਾਸਤਕਾਰਾਂ ਨੂੰ ਬਾਹਰਲੀਆਂ ਮਿੱਲਾਂ ਵਿੱਚ ਸਪਲਾਈ ਕੀਤੇ ਜਾ ਰਹੇ ਗੰਨੇ ਦੀ ਢੋਆ-ਢੁਆਈ `ਤੇ ਖਰਚੇ ਜਾ ਰਹੇ 15-20 ਕਰੋੜ ਰੁਪਏ ਦੀ ਬਚਤ ਵੱਖਰੀ ਹੋਵੇਗੀ।
ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਹਿਕਾਰੀ ਮਿੱਲਾਂ ਦੀ ਸਮਰੱਥਾ ਵੱਧਣ ਨਾਲ ਕਿਸਾਨ ਗੰਨੇ ਹੇਠ ਰਕਬਾ ਵਧਾਉਣਗੇ ਜਿਸ ਨਾਲ ਝੋਨੇ ਵਰਗੀਆਂ ਫਸਲਾਂ ਹੇਠੋਂ ਰਕਬਾ ਨਿਕਲਣ ਨਾਲ ਪਾਣੀ ਦੀ ਬਚਤ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਗੰਨੇ ਦੇ ਰੇਟ ਵਿੱਚ ਵਾਧਾ ਕਰਨ ਦੇ ਨਾਲ ਕਿਸਾਨਾਂ ਦੇ ਗੰਨੇ ਦੀ ਅਦਾਇਗੀ ਦੇ ਪਿਛਲੇ ਸਾਰੇ ਬਕਾਏ ਵੀ ਅਦਾ ਕਰ ਦਿੱਤੇ ਹਨ ਜਿਸ ਤੋਂ ਸੂਬੇ ਦੇ ਗੰਨਾ ਕਾਸਤਕਾਰ ਪੂਰੀ ਤਰਾਂ ਖੁਸ਼ ਹਨ। ਇਸ ਮੌਕੇ ਕੈਬਨਿਟ ਮੰਤਰੀ ਸ. ਧਾਲੀਵਾਲ ਨੇ ਮਿੱਲ ਵਿੱਚ ਗੰਨਾ ਲੈ ਕੇ ਆਏ ਪਹਿਲੇ 5 ਕਿਸਾਨਾਂ ਨੂੰ ਸਨਮਾਨਤ ਵੀ ਕੀਤਾ।