ਸ਼ਹੀਦ ਕਾਂਸਟੇਬਲ ਮਨਿੰਦਰ ਦੇ ਪਿਤਾ ਨੇ ਕਿਹਾ- ਮੇਰੇ ਪੁੱਤਰ ਦੇ ਕਾਤਲ ਨੂੰ ਫੌਜ ਮੁਖੀ ਬਣਾ ਕੇ ਪਾਕਿਸਤਾਨ ਨੇ ਮੇਰੇ ਜ਼ਖਮਾਂ ‘ਤੇ ਛਿੜਕਿਆ ਲੂਣ
ਗੁਰਦਾਸਪੁਰ, 25 ਨਵੰਬਰ (ਮੰਨਣ ਸੈਣੀ)। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਵੱਲੋਂ ਜਿੱਥੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੇ ਸਾਬਕਾ ਮੁਖੀ ਲੈਫ਼ਟੀਨੈਂਟ ਜਨਰਲ ਆਸਿਮ ਮੁਨੀਰ ਨੂੰ ਦੇਸ਼ ਦਾ ਨਵਾਂ ਫ਼ੌਜ ਮੁਖੀ ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ ਹੈ, ਉੱਥੇ ਹੀ ਭਾਰਤੀਆਂ ਦਾ ਗੁੱਸਾ ਸਿਖਰਾਂ ‘ਤੇ ਹੈ। ਉਥੇ ਹੀ ਪੁਲਵਾਮਾ ਹਮਲੇ ਅੰਦਰ ਸ਼ਹੀਦ ਹੋਏ ਦੇਸ਼ ਦੇ 40 ਜਵਾਨਾ ਦੇ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਵੀ ਇਸ ਨਿਯੁਕਤੀ ਨਾਲ ਠੇਸ ਪਹੁੰਚੀ ਹੈ। ਅੱਤਵਾਦ ਨੂੰ ਬੜ੍ਹਾਵਾ ਦੇਣ ਵਾਲੇ ਲੈਫ਼ਟੀਨੈਂਟ ਜਰਨਲ ਆਸਿਮ ਮੁਨੀਰ ਨੂੰ ਪਾਕ ਸਰਕਾਰ ਵੱਲੋ ਸੈਨਾ ਪ੍ਰਮੁੱਖ ਬਣਾਏ ਜਾਣ ਦੇ ਵਿਰੋਧ ਵਿੱਚ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ ਅਤੇ ਸ਼ਹੀਦਾਂ ਦੇ ਰਿਸ਼ਤੇਦਾਰਾਂ, ਅਤੇ ਪੁਲਵਾਮਾ ਹਮਲੇ ਵਿੱਚ ਸ਼ਹੀਦੀ ਦਾ ਜਾਮ ਪੀਣ ਵਾਲੇ ਆਰੀਆ ਨਗਰ ਦੇ ਰਹਿਣ ਵਾਲੇ ਕਾਂਸਟੇਬਲ ਮਨਿੰਦਰ ਸਿੰਘ ਦੇ ਘਰ ਜਾ ਕੇ ਉਸ ਦੇ ਪਿਤਾ ਸਤਪਾਲ ਅੱਤਰੀ ਨੂੰ ਦਿਲਾਸਾ ਦੇਣ ਪਹੁੰਚੇ। ਇਸ ਮੌਕੇ ਪਾਕਿਸਤਾਨ ਦੇ ਇਸ ਫੈਸਲੇ ਖਿਲਾਫ ਸਮੂਹ ਸ਼ਹੀਦ ਪਰਿਵਾਰਾਂ ਨੇ ਪਾਕਿਸਤਾਨ ਅਤੇ ਅੱਤਵਾਦ ਮੁਰਦਾਬਾਦ ਦੇ ਨਾਅਰੇ ਲਾਏ। ਇਸ ਮੌਕੇ ਪੁਲਵਾਮਾ ਹਮਲੇ ਦੇ ਸ਼ਹੀਦ ਕਾਂਸਟੇਬਲ ਮਨਿੰਦਰ ਸਿੰਘ ਦੇ ਪਿਤਾ ਸਤਪਾਲ ਅੱਤਰੀ ਨੇ ਨਮ ਅੱਖਾਂ ਨਾਲ ਕਿਹਾ ਕਿ ਮੇਰੇ ਬੇਟੇ ਸਮੇਤ 40 ਜਵਾਨਾਂ ਦੇ ਕਾਤਲ ਆਸਿਮ ਮੁਨੀਰ ਨੂੰ ਫੌਜ ਮੁਖੀ ਕਰਾਰ ਦੇ ਕੇ ਪਾਕਿ ਸਰਕਾਰ ‘ਤੇ ਉਨ੍ਹਾਂ ਦੇ ਜਖਮਾਂ ਤੇ ਲੂਣ ਛਿੜਕਿਆ ਹੈ ਅਤੇ ਉਹ ਅੱਜ ਉਹ ਜ਼ਖ਼ਮ ਫਿਰ ਹਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਦਹਿਸ਼ਤ ਦੀ ਭਾਸ਼ਾ ਬੋਲਣ ਵਾਲੇ ਅਜਿਹੇ ਵਿਅਕਤੀ ਦਾ ਇਸ ਅਹਿਮ ਅਹੁਦੇ ’ਤੇ ਬੈਠਣਾ ਅਤਿਵਾਦ ਨੂੰ ਹੱਲਾਸ਼ੇਰੀ ਦੇਵੇਗਾ।
ਜਨਰਲ ਮੁਨੀਰ ਦੀ ਨਿਯੁਕਤੀ ਨਾਲ ਭਾਰਤ-ਪਾਕਿ ਰਿਸ਼ਤਿਆਂ ‘ਤੇ ਜੰਮੀ ਨਫ਼ਰਤ ਦੀ ਬਰਫ਼ ਕਦੇ ਨਹੀਂ ਪਿਘਲੇਗੀ: ਕੁੰਵਰ ਵਿੱਕੀ
ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਸਾਡੇ ਦੇਸ਼ ਨੇ 14 ਫਰਵਰੀ 2019 ਨੂੰ ਪੁਲਵਾਮਾ ਵਿੱਚ ਸੀ.ਆਰ.ਪੀ.ਐਫ ਦੇ ਕਾਫਲੇ ‘ਤੇ ਹੋਏ ਫਿਦਾਇਨ ਹਮਲੇ ਵਿੱਚ ਆਪਣੇ 40 ਜਵਾਨਾਂ ਕੁਰਬਾਨ ਕੀਤੇ ਸਨ ਅਤੇ ਇਸ ਹਮਲੇ ਨਾਲ ਭਾਰਤ ਦੇ ਸਵੈਮਾਣ ਨੂੰ ਡੂੰਘੀ ਸੱਟ ਵੱਜੀ ਸੀ। ਜਿਸ ਤੋ ਬਾਅਦ ਸ਼ਹੀਦਾ ਦੀ ਸ਼ਹਾਦਤ ਦਾ ਬਦਲਾ ਭਾਰਤੀ ਫੌਜ ਨੇ ਪਾਕਿਸਤਾਨ ‘ਤੇ ਸਰਜੀਕਲ ਸਟ੍ਰਾਈਕ ਕਰ ਲਿਆ ਸੀ । ਭਾਰਤ ਸਰਕਾਰ ਕੋਲ ਪੁਲਵਾਮਾ ਹਮਲੇ ਦੇ ਮਾਸਟਰ ਮਾਈਂਡ ਜੋਕੀ ਤਤਕਾਲੀ ਆਈਐਸਆਈ ਮੁਖੀ ਲੈਫਟੀਨੈਂਟ ਜਨਰਲ ਅਸੀਮ ਮੁਨੀਰ ਦੇ ਸਬੂਤ ਹਨ। ਪਾਕਿਸਤਾਨ ਵਿੱਚ ਮੁੱਲਾ ਜਨਰਲ ਵਜੋਂ ਜਾਣੇ ਜਾਂਦੇ ਅਤੇ ਜਿਸ ਦੇ ਹੱਥ ਸਾਡੇ 40 ਜਵਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ, ਨੂੰ ਪਾਕਿਸਤਾਨੀ ਫੌਜ ਦੀ ਵਾਗਡੋਰ ਸੌਂਪਣ ਨਾਲ ਭਾਰਤ-ਪਾਕਿ ਸਬੰਧ ਪਹਿਲਾਂ ਨਾਲੋਂ ਵੀ ਵਿਗੜ ਜਾਣਗੇ।
ਉਨ੍ਹਾਂ ਕਿਹਾ ਕਿ ਅੱਤਵਾਦ ਦੇ ਪ੍ਰਾਯੋਜਕ ਪਾਕਿਸਤਾਨ ਨੇ ਜਾਣਬੁੱਝ ਕੇ ਅਜਿਹੇ ਵਿਅਕਤੀ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ, ਜਿਸ ਨੇ ਹਮੇਸ਼ਾ ਅੱਤਵਾਦ ਦਾ ਸਮਰਥਨ ਕੀਤਾ ਹੈ ਅਤੇ ਹਮੇਸ਼ਾ ਭਾਰਤ ਦੇ ਖਿਲਾਫ ਜ਼ਹਿਰ ਉਗਲਿਆ ਹੈ। ਇਸ ਲਈ ਪਾਕਿਸਤਾਨ ਦੇ ਰਾਸ਼ਟਰਪਤੀ ਨੂੰ ਚਾਹੀਦਾ ਹੈ ਕਿ ਜੇਕਰ ਉਹ ਭਾਰਤ-ਪਾਕਿਸਤਾਨ ਦੇ ਸਬੰਧਾਂ ਨੂੰ ਸੁਧਾਰਨਾ ਚਾਹੁੰਦੇ ਹਨ ਤਾਂ ਜਨਰਲ ਮੁਨੀਰ ਦੀ ਨਿਯੁਕਤੀ ਨੂੰ ਰੋਕ ਦੇਣ, ਨਹੀਂ ਤਾਂ ਭਾਰਤ-ਪਾਕਿ ਰਿਸ਼ਤਿਆਂ ‘ਤੇ ਲੱਗੀ ਨਫ਼ਰਤ ਦੀ ਬਰਫ਼ ਕਦੇ ਨਹੀਂ ਪਿਘਲੇਗੀ।
ਇਸ ਮੌਕੇ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਅਸ਼ੋਕ ਚੱਕਰ ਦੇ ਪਿਤਾ ਕੈਪਟਨ ਜੋਗਿੰਦਰ ਸਿੰਘ, ਸ਼ਹੀਦ ਕਾਂਸਟੇਬਲ ਨਿਸ਼ਾਨ ਸਿੰਘ ਸ਼ੌਰਿਆ ਚੱਕਰ ਦੇ ਭਰਾ ਕੈਪਟਨ ਤਰਲੋਕ ਸਿੰਘ, ਸ਼ਹੀਦ ਕਾਂਸਟੇਬਲ ਜਤਿੰਦਰ ਕੁਮਾਰ ਦੇ ਪਿਤਾ ਰਾਜੇਸ਼ ਕੁਮਾਰ, ਸ਼ਹੀਦ ਕਾਂਸਟੇਬਲ ਦੇ ਪਿਤਾ ਨਾਨਕ ਚੰਦ, ਡਾ. ਮਨਦੀਪ ਕੁਮਾਰ, ਸ਼ਹੀਦ ਕਾਂਸਟੇਬਲ ਕੁਲਦੀਪ ਕੁਮਾਰ, ਪਿਤਾ ਬੰਤ ਰਾਮ, ਇੰਡੀਅਨ ਐਕਸ ਸਰਵਿਸ ਮੈਨ ਲੀਗ ਦੇ ਬਲਾਕ ਪ੍ਰਧਾਨ ਸੂਬੇਦਾਰ ਮੇਜਰ ਮਦਨ ਲਾਲ ਸ਼ਰਮਾ, ਸੂਬੇਦਾਰ ਮੇਜਰ ਸ਼ਾਮ ਸਿੰਘ, ਕੈਪਟਨ ਸੁਖਦੇਵ ਸਿੰਘ, ਨਾਇਕ ਓਮ ਪ੍ਰਕਾਸ਼, ਸਾਬਕਾ ਸਰਪੰਚ ਸਵਰਨ ਸਿੰਘ ਆਦਿ ਹਾਜ਼ਰ ਸਨ।