ਕਿਹਾ ਜ਼ਿਲ੍ਹੇ ਦੇ ਹਰੇਕ ਕੋਨੇ ’ਚ ਬਿਹਤਰੀਨ ਸਿਹਤ ਸਹੂਲਤਾਂ ਦੀ ਪਹੁੰਚ ਨੂੰ ਯਕੀਨੀ ਬਣਾਇਆ ਜਾਵੇਗਾ
ਗੁਰਦਾਸਪੁਰ, 22 ਨਵੰਬਰ (ਮੰਨਣ ਸੈਣੀ) । ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਹਰੇਕ ਕੋਨੇ ਵਿੱਚ ਬਿਹਤਰੀਨ ਸਿਹਤ ਸਹੂਲਤਾਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ 33 ਪ੍ਰਾਇਮਰੀ ਹੈਲਥ ਸੈਂਟਰਾਂ ਵਿੱਚ ਆਮ ਆਦਮੀ ਕਲੀਨਿਕ ਸਥਾਪਤ ਕੀਤੇ ਜਾਣਗੇ, ਜਿਨ੍ਹਾਂ ਵਿੱਚ 30 ਪੇਂਡੂ ਅਤੇ 3 ਸ਼ਹਿਰੀ ਪ੍ਰਾਇਮਰੀ ਹੈਲਥ ਸੈਂਟਰ ਸ਼ਾਮਲ ਹਨ। ਇਸ ਤੋਂ ਪਹਿਲਾਂ ਭੋਪੁਰ ਸੈਦਾਂ ਅਤੇ ਮਸਾਣੀਆਂ ਵਿਖੇ ਪਹਿਲਾਂ ਹੀ 2 ਆਮ ਆਦਮੀ ਕਲੀਨਿਕ ਪੂਰੀ ਸਫਲਤਾ ਨਾਲ ਚੱਲ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ 12 ਸਿਹਤ ਬਲਾਕਾਂ ਵਿੱਚ ਮੌਜੂਦਾ ਪ੍ਰਾਇਮਰੀ ਹੈਲਥ ਸੈਂਟਰਾਂ ਵਿੱਚ 31 ਦਸੰਬਰ 2022 ਤੱਕ ਆਮ ਆਦਮੀ ਕਲੀਨਿਕ ਤਿਆਰ ਕਰਕੇ 26 ਜਨਵਰੀ 2023 ਤੱਕ ਚਾਲੂ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਮੌਜੂਦਾ ਪ੍ਰਾਇਮਰੀ ਹੈਲਥ ਸੈਂਟਰਾਂ ਲਈ ਲੋੜੀਂਦੀ ਮੁਰੰਮਤ, ਫਰੀਨਚਰ ਅਤੇ ਹੋਰ ਜ਼ਰੂਰਤਾਂ ਸਬੰਧੀ ਜਲਦ ਰਿਪਰੋਟ ਬਣਾ ਕੇ ਭੇਜਣ ਲਈ ਕਿਹਾ ਤਾਂ ਜੋ ਪੀ.ਐਚ.ਸੀਜ਼ ਨੂੰ ਜਲਦ ਤੋਂ ਜਲਦ ਆਮ ਆਦਮੀ ਕਲੀਨਿਕ ਦੀ ਤਰਜ਼ ’ਤੇ ਸਹੂਲਤਾਂ ਪ੍ਰਦਾਨ ਕਰਵਾਈਆਂ ਜਾ ਸਕਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਨ੍ਹਾਂ ਪ੍ਰਾਇਮਰੀ ਹੈਲਥ ਸੈਂਟਰਾਂ ਵਿੱਚ ਆਮ ਆਦਮੀ ਕਲੀਨਿਕ ਸਥਾਪਤ ਕੀਤੇ ਜਾਣੇ ਹਨ, ਉਨ੍ਹਾਂ ਵਿੱਚ ਸ਼ਹਿਰੀ ਇਲਾਕੇ ਨਾਲ ਸਬੰਧਤ ਬਟਾਲਾ ਸ਼ਹਿਰ ਦੇ ਗਾਂਧੀ ਕੈਂਪ ਅਤੇ ਚੰਦਰ ਨਗਰ, ਗੁਰਦਾਸਪੁਰ ਸ਼ਹਿਰ ਵਿੱਚ ਮਾਨ ਕੌਰ ਸਿੰਘ ਦੀਆਂ ਅਰਬਨ ਪੀ.ਐਚ.ਸੀਜ਼ ਸ਼ਾਮਲ ਹਨ। ਜਦਕਿ ਪੇਂਡੂ ਇਲਾਕੇ ਨਾਲ ਸਬੰਧਤ ਪੀ.ਐਚ.ਸੀ. ਬਹਿਰਾਮਪੁਰ, ਝਰੋਲੀ, ਮਰਾਰਾ, ਭਰਥ, ਕੰਡੀਲਾ, ਮੰਡ, ਸ੍ਰੀ ਹਰਗੋਬਿੰਦਪੁਰ ਸਾਹਿਬ, ਊਧਨਵਾਲ, ਭੁੱਲਰ, ਜੈਤੋ ਸਰਜਾ, ਪੰਜ ਗਰਾਈਆਂ, ਰੰਗੜ-ਨੰਗਲ, ਤਾਰਾਗੜ੍ਹ, ਵਡਾਲਾ ਗ੍ਰੰਥੀਆਂ, ਧਿਆਨਪੁਰ, ਧਰਮਕੋਟ ਰੰਧਾਵਾ, ਦੇੜ ਗਵਾਰ, ਦੋਰਾਂਗਲਾ, ਜੌੜਾ ਛੱਤਰਾਂ, ਅਲੀਵਾਲ, ਕਾਲਾ ਅਫ਼ਗਾਨਾ, ਗਿੱਲ ਮੰਝ, ਗੁਨੋਪੁਰ, ਨਾਨੋਵਾਲ ਜਿੰਦਲ, ਵਡਾਲਾ ਬਾਂਗਰ, ਭੁੰਬਲੀ, ਸਤਕੋਹਾ, ਕਲਿਆਨਪੁਰ, ਰਣਜੀਤ ਬਾਗ ਅਤੇ ਬੱਬੇਹਾਲੀ ਵਿਖੇ ਆਮ ਆਦਮੀ ਕਲੀਨਿਕ ਸਥਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਹਰ ਆਮ ਆਦਮੀ ਕਲੀਨਿਕ ਵਿੱਚ ਇਕ ਮੈਡੀਕਲ ਅਫ਼ਸਰ, ਫਾਰਮਾਸਿਸਟ, ਕਲੀਨੀਕਲ ਸਹਾਇਕ ਅਤੇ ਹੈਲਪਰ ਸਮੇਤ ਚਾਰ ਅਧਿਕਾਰੀਆਂ/ਕਰਮਚਾਰੀਆਂ ਦਾ ਸਟਾਫ਼ ਤਾਇਨਾਤ ਕਰਨ ਤੋਂ ਇਲਾਵਾ 41 ਤਰ੍ਹਾਂ ਦੇ ਡਾਕਟਰੀ ਟੈਸਟ ਮੁਫ਼ਤ ਕੀਤੇ ਜਾਣਗੇ ਅਤੇ ਹੋਰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।