ਚੰਡੀਗੜ੍ਹ,22 ਨਵੰਬਰ (ਦੀ ਪੰਜਾਬ ਵਾਇਰ)। ਪੰਜਾਬ ਰਾਜ ਦੇ ਸਕੂਲ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹੁਕਮਾਂ ‘ਤੇ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸ਼ਹਿਰ ਦੇ ਮੋਹਨਪੁਰ ਵਿਚ ਸਥਿਤ ਇਕ ਨਿੱਜੀ ਸਕੂਲ ਗ੍ਰੀਨ ਗਰੋਵ ਪਬਲਿਕ ਸਕੂਲ ਨੂੰ ਸਲਾਨਾ ਸਮਾਗਮ ਵਿੱਚ ਦਾਦਾ ਦਾਦੀ ਦੀ ਐਂਟਰੀ ਬੈਨ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਮਿਤੀ 20-11-2022 ਨੂੰ ਕਰਵਾਏ ਗਏ ਸਾਲਾਨਾ ਸਮਾਗਮ ਵਿਚ ਕੇਵਲ ਮਾਪਿਆ ਨੂੰ ਹੀ ਬੁਲਾਇਆ ਗਿਆ ਸੀ ਅਤੇ ਸਾਲਾਨਾ ਸਮਾਗਮ ਦੇ ਕਾਰਡ ਨਾਲ ਵਿਦਿਆਥੀਆਂ ਦੇ ਮਾਪਿਆ ਲਈ ਨੱਥੀ ਸਲਿੱਪ ਰਾਹੀਂ ਸਮਾਗਮ ਵਿੱਚ ਦਾਦਾ ਦਾਦੀ ਦੀ ਐਂਟਰੀ ਦੀ ਮਨਾਹੀ ਕੀਤੀ ਗਈ ਸੀ, ਜ਼ੋ ਕਿ ਸਾਡੇ ਸਤਿਕਾਰਤ ਬਜ਼ੁਰਗਾਂ ਪ੍ਰਤੀ ਅਨਾਦਰ ਦੀ ਭਾਵਨਾ ਦਰਸਾਉਦਾ ਹੈ।
ਸ. ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ ਅਤੇ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਇਸ ਸਬੰਧੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਜ਼ੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਹਰਕਤ ਕੋਈ ਹੋਰ ਨਿੱਜੀ ਸਕੂਲ ਨਾ ਕਰ ਸਕੇ।
ਵਿਭਾਗ ਵੱਲੋਂ ਇਸ ਮਾਮਲੇ ਸਬੰਧੀ ਸਬੰਧਤ ਸਕੂਲ ਨੂੰ ਦੋ ਦਿਨਾਂ ਦੇ ਅੰਦਰ-ਅੰਦਰ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਲੁਧਿਆਣਾ ਰਾਹੀ ਇਸ ਦਫਤਰ ਨੂੰ ਸਪਸ਼ਟੀਕਰਨ ਦੇਣ ਦੇ ਹੁਕਮ ਦਿੱਤੇ ਹਨ।