ਪੰਜਾਬ ਮੁੱਖ ਖ਼ਬਰ ਵਿਦੇਸ਼

ਮੁੱਖ ਮੰਤਰੀ ਵੱਲੋਂ ਪੰਜਾਬ ਤੇ ਕੈਨੇਡਾ ਦੇ ਸੂਬੇ ਸਸਕੈਚਵਨ ਵਿਚਾਲੇ ਮਜ਼ਬੂਤ ਸਬੰਧਾਂ ਉਤੇ ਜ਼ੋਰ

ਮੁੱਖ ਮੰਤਰੀ ਵੱਲੋਂ ਪੰਜਾਬ ਤੇ ਕੈਨੇਡਾ ਦੇ ਸੂਬੇ ਸਸਕੈਚਵਨ ਵਿਚਾਲੇ ਮਜ਼ਬੂਤ ਸਬੰਧਾਂ ਉਤੇ ਜ਼ੋਰ
  • PublishedSeptember 26, 2022
ਸਸਕੈਚਵਨ ਸੂਬੇ ਦੇ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ
 
ਮੁੱਖ ਮੰਤਰੀ ਨੇ ਕੈਨੇਡਾ ਦੇ ਉੱਚ ਪੱਧਰੀ ਵਫ਼ਦ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ, 26 ਸਤੰਬਰ (ਦਾ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਤੇ ਕੈਨੇਡਾ ਖ਼ਾਸ ਤੌਰ ਉਤੇ ਉਥੋਂ ਦੇ ਸੂਬੇ ਸਸਕੈਚਵਨ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ।

ਕੈਨੇਡੀਅਨ ਸੂਬੇ ਸਸਕੈਚਵਨ ਦੇ ਉੱਚ ਪੱਧਰੀ ਵਫ਼ਦ ਨਾਲ ਵਿਚਾਰ-ਵਟਾਂਦਰੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਤੇ ਕੈਨੇਡਾ ਦੇ ਇਸ ਸੂਬੇ ਵਿਚਾਲੇ ਮਜ਼ਬੂਤ ਤੇ ਦੋਸਤਾਨਾ ਸਬੰਧਾਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਪੰਜਾਬੀ ਅਹਿਮ ਭੂਮਿਕਾ ਨਿਭਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਵੱਡੇ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਕੈਨੇਡਾ ਦੇ ਸਿਆਸੀ ਪਿੜ ਵਿੱਚ ਵੀ ਆਪਣੇ ਲਈ ਵੱਖਰੀ ਥਾਂ ਬਣਾਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇਸ਼ ਭਰ ਵਿੱਚੋਂ ਸਨਅਤਾਂ ਲਗਾਉਣ ਲਈ ਸਭ ਤੋਂ ਤਰਜੀਹੀ ਸਥਾਨ ਹੈ। ਉਨ੍ਹਾਂ ਸਸਕੈਚਵਨ ਦੇ ਵਫ਼ਦ ਨੂੰ ਸੱਦਾ ਦਿੱਤਾ ਕਿ ਉਹ ਉੱਦਮੀਆਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਉਤਸ਼ਾਹਤ ਕਰਨ ਤਾਂ ਕਿ ਉਹ ਸਨਅਤੀ ਤਰੱਕੀ ਲਈ ਇੱਥੋਂ ਦੇ ਅਨੁਕੂਲ ਮਾਹੌਲ ਦਾ ਲਾਹਾ ਲੈ ਸਕਣ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਰਾਜ ਨੂੰ ਪਹਿਲਾਂ ਹੀ ਸਨਅਤੀ ਤਰੱਕੀ ਦੇ ਪੰਧ ਉਤੇ ਪਾ ਦਿੱਤਾ ਹੈ, ਜਿਸ ਤੋਂ ਨਿਵੇਸ਼ਕਾਂ ਨੂੰ ਲਾਭ ਹੋਵੇਗਾ।
ਕੈਨੇਡਾ ਵਿੱਚ ਵਸੇ ਪੰਜਾਬੀਆਂ ਨੂੰ ਸੁਚਾਰੂ ਤਰੀਕੇ ਨਾਲ ਪੰਜਾਬ ਦੇ ਬਰੈਂਡਿਡ ਉਤਪਾਦ ਹਾਸਲ ਕਰਨ ਯੋਗ ਬਣਾਉਣ ਲਈ ਸਮੁੱਚੇ ਢਾਂਚੇ ਨੂੰ ਮਜ਼ਬੂਤ ਕਰਨ ਦਾ ਮੁੱਦਾ ਚੁੱਕਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸੋਹਨਾ ਮਾਰਕੇ ਦੇ ਉਤਪਾਦ ਵਿਸ਼ਵ ਪ੍ਰਸਿੱਧ ਹਨ ਅਤੇ ਕੈਨੇਡਾ ਵਿੱਚ ਵਸਦਾ ਪੰਜਾਬੀ ਭਾਈਚਾਰਾ ਇਨ੍ਹਾਂ ਉਤਪਾਦਾਂ ਨੂੰ ਖ਼ਾਸ ਤੌਰ ਉਤੇ ਪਸੰਦ ਕਰਦਾ ਹੈ। ਇਸੇ ਤਰ੍ਹਾਂ ਵੇਰਕਾ ਦੇ ਉਤਪਾਦ ਘਿਓ, ਦੁੱਧ, ਮੱਖਣ, ਲੱਸੀ, ਖੀਰ, ਦਹੀਂ, ਆਈਸ-ਕਰੀਮ, ਮਿਠਾਈਆਂ ਤੇ ਹੋਰ ਵਸਤਾਂ ਪਹਿਲਾਂ ਹੀ ਆਪਣੀ ਵੱਖਰੀ ਪਛਾਣ ਬਣਾ ਚੁੱਕੀਆਂ ਹਨ। ਭਗਵੰਤ ਮਾਨ ਨੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਤੱਕ ਇਹ ਵਸਤਾਂ ਆਸਾਨੀ ਨਾਲ ਪੁੱਜਦੀਆਂ ਕਰਨ ਲਈ ਸਪਲਾਈ ਲੜੀ ਨੂੰ ਮਜ਼ਬੂਤ ਕਰਨ ਲਈ ਕੈਨੇਡਾ ਦੇ ਵਫ਼ਦ ਤੋਂ ਸਹਿਯੋਗ ਮੰਗਿਆ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਤੇ ਕੈਨੇਡਾ ਖ਼ਾਸ ਤੌਰ ਉਤੇ ਸਸਕੈਚਵਨ ਵਿਚਾਲੇ ਸਹਿਯੋਗ ਨਾਲ ਦੋਵਾਂ ਮੁਲਕਾਂ ਨੂੰ ਵੱਡਾ ਫਾਇਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਅਤੇ ਸੂਬੇ ਦੇ ਵਿਆਪਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਇਸ ਦੀ ਫੌਰੀ ਲੋੜ ਹੈ। ਭਗਵੰਤ ਮਾਨ ਨੇ ਉਮੀਦ ਪ੍ਰਗਟਾਈ ਕਿ ਪੰਜਾਬ ਤੇ ਕੈਨੇਡਾ ਵਿਚਾਲੇ ਪਰਸਪਰ ਸਹਿਯੋਗ ਸੂਬੇ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਖੋਲ੍ਹ ਕੇ ਉਨ੍ਹਾਂ ਦੀ ਤਕਦੀਕ ਬਦਲ ਦੇਵੇਗਾ।
ਇਸ ਦੌਰਾਨ ਕੈਨੇਡਾ ਦੇ ਵਫ਼ਦ ਵਿੱਚ ਸ਼ਾਮਲ ਏ.ਡੀ.ਐਮ. ਇੰਟਰਨੈਸ਼ਨਲ ਇੰਗੇਜਮੈਂਟ, ਸਸਕੈਚਵਨ ਟਰੇਡ ਤੇ ਐਕਸਪੋਰਟ ਡਿਵੈਲਪਮੈਂਟ ਰਿਸ਼ੈਲ ਬੋਰਗੌਨ, ਐਮ.ਡੀ. ਸਸਕੈਚਵਨ ਇੰਡੀਆ ਆਫਿਸ ਵਿਕਟਰ ਲੀ, ਕੌਂਸਲ ਜਨਰਲ ਆਫ਼ ਕੈਨੇਡਾ ਪੈਟਰਿਕ ਹੇਬਰਟ ਅਤੇ ਯੂਨੀਵਰਸਿਟੀ ਆਫ਼ ਸਸਕੈਚਵਨ ਵਿਖੇ ਵਾਈਸ ਪ੍ਰੈਜ਼ੀਡੈਂਟ ਆਫ ਰਿਸਰਚ ਡਾ. ਬਲਜੀਤ ਸਿੰਘ ਨੇ ਮੁੱਖ ਮੰਤਰੀ ਦਾ ਸਮਾਂ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਮੁੱਖ ਮੰਤਰੀ ਨੂੰ ਹਰੇਕ ਖੇਤਰ ਵਿੱਚ ਪੂਰੇ ਸਹਿਯੋਗ ਤੇ ਤਾਲਮੇਲ ਕਰਨ ਦਾ ਯਕੀਨ ਵੀ ਦਿਵਾਇਆ। 
Written By
The Punjab Wire