ਹੋਰ ਪੰਜਾਬ

ਨਰਮੇ ‘ਤੇ ਆੜਤ ਬਾਰੇ ਫੈਸਲਾ ਆੜਤੀਆਂ, ਨਰਮਾਂ ਕਿਸਾਨਾਂ ਅਤੇ ਕਾਟਨ ਫੈਕਟਰੀਆਂ ਦੇ ਨੁਮਾਇੰਦਿਆਂ ਦੀ ਸਾਂਝੀ ਮੀਟਿੰਗ ਵਿਚ 9 ਸਤੰਬਰ ਨੂੰ ਲਿਆ ਜਾਵੇਗਾ: ਕੁਲਦੀਪ ਸਿੰਘ ਧਾਲੀਵਾਲ

ਨਰਮੇ ‘ਤੇ ਆੜਤ ਬਾਰੇ ਫੈਸਲਾ ਆੜਤੀਆਂ, ਨਰਮਾਂ ਕਿਸਾਨਾਂ ਅਤੇ ਕਾਟਨ ਫੈਕਟਰੀਆਂ ਦੇ ਨੁਮਾਇੰਦਿਆਂ ਦੀ ਸਾਂਝੀ ਮੀਟਿੰਗ ਵਿਚ 9 ਸਤੰਬਰ ਨੂੰ ਲਿਆ ਜਾਵੇਗਾ: ਕੁਲਦੀਪ ਸਿੰਘ ਧਾਲੀਵਾਲ
  • PublishedSeptember 2, 2022

ਖੇਤੀਬਾੜੀ ਮੰਤਰੀ ਨੇ ਆੜਤੀਆਂ ਦੀਆਂ ਮੰਡੀਆਂ ਵਿਚ ਖਾਲੀ ਪਲਾਟਾ ਦੀ ਨਿਲਾਮੀ ਸਮੇਤ ਕਈ ਮੰਗਾਂ ਮੰਨੀਆਂ

ਚੰਡੀਗੜ੍ਹ, 02 ਅਗਸਤ (ਦ ਪੰਜਾਬ ਵਾਇਰ)। ਪੰਜਾਬ ਸਰਕਾਰ ਦਾ ਹਰ ਫੈਸਲਾ ਕਿਸਾਨਾਂ ਦੇ ਹਿੱਤ ਵਿਚ ਹੋਵੇਗਾ ਕਿਸੇ ਵੀ ਹਾਲਤ ਵਿਚ ਕਿਸਾਨਾਂ ਦਾ ਕੋਈ ਵੀ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ।ਅੱਜ ਇੱਥੇ ਆੜਤੀਆਂ ਦੇ ਵਫਦ ਨਾਲ ਮੀਟੰਗ ਦੌਰਾਨ ਸੂਬੇ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਭਗਵੰਤ ਮਾਨ ਸਰਕਾਰ ਵਲੋਂ ਹਰ ਫੈਸਲਾ ਸੂਬੇ ਦੀ ਖੇਤੀ ਨੂੰ ਬਚਾਉਣ ਅਤੇ ਕਿਸਾਨੀ ਨੂੰ ਲਾਹੇਵੰਦ ਬਣਾਉਣ ਦੇ ਮੰਤਵ ਨਾਲ ਲਿਆ ਜਾਵੇਗਾ।

ਆੜਤੀਆਂ ਦੇ ਵਫਦ ਨੇ ਨਰਮੇ ਦੀ ਫਸਲ ‘ਤੇ ਖੇਤੀਬਾੜੀ ਮੰਤਰੀ ਵਲੋਂ ਕੁਝ ਦਿਨ ਪਹਿਲਾਂ ਦਿੱਤੇ ਬਿਆਨ ਤੋਂ ਇਲਾਵਾ ਕਈ ਮੰਗਾ ਬਾਰੇ ਖੇਤੀਬਾੜੀ ਮੰਤਰੀ ਨਾਲ ਖੇਤੀਬਾੜੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਸਰਵਜੀਤ ਸਿੰਘ, ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਅਤੇ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਨਾਲ ਲੰਮਾ ਵਿਚਾਰ ਵਟਾਂਦਰਾ ਕੀਤਾ।ਇਸ ਮੀਟਿੰਗ ਵਿਚ ਆੜਤੀਆਂ ਦੀਆਂ ਚਿਰਾਂ ਤੋਂ ਲਟਕਦੀਆਂ ਕਈ ਮੰਗਾਂ ਨੂੰ ਮੌਕੇ ‘ਤੇ ਹੱਲ ਕੀਤਾ ਗਿਆ।

ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆੜਤੀਆਂ ਦੀ ਬੇਨਤੀ ‘ਤੇ ਸਰਕਾਰ ਨੇ ਮੰਡੀਆਂ ਵਿੱਚ ਖਾਲੀ ਪਏ ਪਲਾਟ/ਦੁਕਾਨਾਂ ਦੀ ਨਿਲਾਮੀ ਜਲਦ ਕਰਵਾਉਣ ਦਾ ਫੈਸਲਾ ਕੀਤਾ ਹੈ।ਇਸ ਤੋਂ ਇਲਾਵਾ ਆੜਤੀਆਂ ਦੀਆਂ ਦੁਕਾਨਾਂ ਦੀ ਬਕਾਇਆ ਰਾਸ਼ੀ ਤੇ ਪੈਂਦੇ 24% ਵਿਆਜ਼ ਨੂੰ ਤਰਕਸੰਗਤ ਕਰਨ ਦਾ ਭਰੋਸਾ ਵੀ ਖੇਤੀਬਾੜੀ ਮੰਤਰੀ ਨੇ ਦਿੱਤਾ।

ਇਸ ਦੇ ਨਾਲ ਹੀ ਆੜਤੀਆਂ ਦੀ ਇੱਕ ਹੋਰ ਅਹਿਮ ਮੰਗ ਬਾਰੇ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਬਾਸਮਤੀ ਅਤੇ ਨਾਨ ਐਮ.ਐਸ.ਪੀ ਫ਼ਸਲਾਂ ਜਿੰਨਾਂ ਤੇ ਹਾਲੇ ਤੱਕ ਐਮ.ਐਸ.ਪੀ. ਨਹੀਂ ਹੈ, ਉਨਾਂ ਦੀ ਹਾਲ ਦੀ ਘੜੀ ਲੈਂਡ ਮੈਪਿੰਗ ਨਹੀਂ ਕਰਵਾਈ ਜਾਵੇਗੀ।

ਨਰਮੇ ਦੀ ਆੜਤ ਦੇ ਬਾਰੇ ਫੈਸਲਾ ਕਰਨ ਲਈ 9 ਸਤੰਬਰ ਨੂੰ ਆੜਤੀਆਂ, ਨਰਮਾਂ ਕਿਸਾਨਾਂ ਅਤੇ ਕਾਟਨ ਫੈਕਟਰੀਆਂ ਦੇ ਨੁਮਾਇੰਦਿਆਂ ਦੀ ਸਾਂਝੀ ਮੀਟਿੰਗ ਚੰਡੀਗੜ ਵਿਖੇ ਸੱਦੀ ਗਈ ਹੈ, ਜਿਸ ਵਿੱਚ ਨਰਮੇ ਦੀ ਫ਼ਸਲ ‘ਤੇ ਆੜਤ ਬਾਰੇ ਫੈਸਲਾ ਲਿਆ ਜਾਵੇਗਾ।     

Written By
The Punjab Wire