ਕਿਹਾ: ਪਾਰਟੀ ਦੀ ਮਜ਼ਬੂਤੀ ਲਈ ਟੀਮ ਵਾਂਗ ਮਿਲਜੁਲ ਕੇ ਕਰਾਂਗੇ
ਗੁਰਦਾਸਪੁਰ, 2 ਸਤੰਬਰ (ਮੰਨਣ ਸੈਣੀ)। ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਨਿਯੁਕਤ ਕੀਤੇ ਗਏ ਨਵੇਂ ਜ਼ਿਲ੍ਹਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਅੱਜ ਆਪਣੇ ਸਾਥੀਆਂ ਸਮੇਤ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੇ ਨਿਵਾਸ ਸਥਾਨ ਤੇ ਪਹੁੰਚੇ। ਇਸ ਮੌਕੇ ਰਮਨ ਬਹਿਲ ਨੇ ਜਗਰੂਪ ਸੇਖਵਾਂ ਦਾ ਜ਼ਿਲ੍ਹਾ ਇੰਚਾਰਜ ਬਣਨ ‘ਤੇ ਨਿੱਘਾ ਸਵਾਗਤ ਕੀਤਾ ਅਤੇ ਨਾਲ ਹੀ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਭਰੋਸਾ ਦਿਵਾਇਆ ਕਿ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਉਹ ਸਾਰੇ ਇਕ ਟੀਮ ਵਾਂਗ ਕੰਮ ਕਰਨਗੇ।
ਰਮਨ ਬਹਿਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਏਜੰਡਾ ਪੰਜਾਬ ਨੂੰ ਭ੍ਰਿਸ਼ਟਾਚਾਰ, ਨਸ਼ਾਖੋਰੀ, ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਤੋਂ ਮੁਕਤ ਕਰਵਾਉਣਾ ਹੈ। ਇਸ ਮੰਤਵ ਲਈ ਪਾਰਟੀ ਦਾ ਹਰੇਕ ਵਲੰਟੀਅਰ ਅਤੇ ਸਰਕਾਰ ਦਾ ਹਰੇਕ ਨੁਮਾਇੰਦਾ ਦਿਨ ਰਾਤ ਕੰਮ ਕਰ ਰਿਹਾ ਹੈ। ਰਮਨ ਬਹਿਲ ਨੇ ਕਿਹਾ ਕਿ ਜਗਰੂਪ ਸਿੰਘ ਸੇਖਵਾਂ ਨੂੰ ਪਾਰਟੀ ਦਾ ਜ਼ਿਲ੍ਹਾ ਇੰਚਾਰਜ ਥਾਪੇ ਜਾਣ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਸਮੁੱਚੇ ਹਲਕਿਆਂ ਵਿੱਚ ਇੱਕ ਵੱਡੇ ਜੋਸ਼ ਅਤੇ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਨੂੰ ਪੂਰਨ ਯਕੀਨ ਹੈ ਕਿ ਜਗਰੂਪ ਸੇਖਵਾਂ ਦੀ ਅਗਵਾਈ ਹੇਠ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਮ ਆਦਮੀ ਪਾਰਟੀ ਦਾ ਝੰਡਾ ਹੋਰ ਬੁਲੰਦ ਹੋਵੇਗਾ। ਬਹਿਲ ਨੇ ਕਿਹਾ ਕਿ ਜਗਰੂਪ ਸਿੰਘ ਸੇਖਵਾਂ ਜਿੱਥੇ ਇੱਕ ਨੌਜਵਾਨ ਮਿਹਨਤੀ ਆਗੂ ਹਨ ਉਸਦੇ ਨਾਲ ਹੀ ਉਨ੍ਹਾਂ ਦੀ ਇਮਾਨਦਾਰੀ ਅਤੇ ਕਾਬਲੀਅਤ ਤੋਂ ਵੀ ਨਾ ਸਿਰਫ਼ ਜ਼ਿਲ੍ਹੇ ਦੇ ਲੋਕ ਜਾਣੂ ਹਨ ਸਗੋਂ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਵੀ ਉਨ੍ਹਾਂ ਦੀਆਂ ਖੂਬੀਆਂ ਨੂੰ ਬਾਖੂਬੀ ਪਛਾਣਦੀ ਹੈ।
ਇਸ ਮੌਕੇ ਜਗਰੂਪ ਸਿੰਘ ਸੇਖਵਾਂ ਨੇ ਰਮਨ ਬਹਿਲ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਜ਼ਿਲ੍ਹੇ ਦੇ ਸਾਰੇ ਹਲਕਿਆਂ ਨਾਲ ਸਬੰਧਤ ਵਿਧਾਇਕਾਂ ਅਤੇ ਆਗੂਆਂ ਨਾਲ ਮਿਲ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਕ ਸਿਆਸੀ ਪਾਰਟੀ ਨਹੀਂ ਸਗੋਂ ਇੱਕ ਪਰਿਵਾਰ ਹੈ ਜਿਸ ਵਿੱਚ ਸਾਰੇ ਰਲ ਮਿਲ ਕੇ ਰਹਿੰਦੇ ਹਨ ਅਤੇ ਪੰਜਾਬ ਦੀ ਬਿਹਤਰੀ ਲਈ ਕੰਮ ਕਰਨ ਵਿਚ ਜੁਟੇ ਹੋਏ ਹਨ।