ਹੋਰ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਅਸਮਾਨੀ ਚੜ੍ਹੇ ਰੇਤਾ ਬਜਰੀ ਦੇ ਭਾਅ ਨੇ ਲੋਕਾਂ ਦਾ ਘਰ ਬਣਾਉਣ ਦਾ ਸੁਪਣਾ ਕੀਤਾ ਚਕਨਾਚੂਰ: ਉਸਾਰੀ ਖੇਤਰ ਦੇ ਮਜ਼ਦੂਰਾਂ ਆਰਥਿਕ ਮੰਦਹਾਲੀ ਵੱਲ ਵਧੇ

ਅਸਮਾਨੀ ਚੜ੍ਹੇ ਰੇਤਾ ਬਜਰੀ ਦੇ ਭਾਅ ਨੇ ਲੋਕਾਂ ਦਾ ਘਰ ਬਣਾਉਣ ਦਾ ਸੁਪਣਾ ਕੀਤਾ ਚਕਨਾਚੂਰ: ਉਸਾਰੀ ਖੇਤਰ ਦੇ ਮਜ਼ਦੂਰਾਂ ਆਰਥਿਕ ਮੰਦਹਾਲੀ ਵੱਲ ਵਧੇ
  • PublishedAugust 23, 2022

ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਵੱਲੋਂ ਸਰਕਾਰ ਤੋਂ ਆਰਥਿਕ ਮੱਦਦ ਦੀ ਗੁਹਾਰ

ਗੁਰਦਾਸਪੁਰ 23 ਅਗਸਤ (ਮੰਨਣ ਸੈਣੀ)। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਰੇਤ ਮਾਫੀਆ ਨੂੰ ਨਕੇਲ ਪਾਉਣ, ਅਤੇ ਲੋਕਾਂ ਨੂੰ ਸਸਤੀ ਉਸਾਰੀ ਸਮੱਗਰੀ ਮੁਹਈਆ ਕਰਵਾਉਣ ਦਾ ਵਾਅਦਾ ਮਿੱਟੀ ਵਿੱਚ ਮਿਲਦਾ ਜਾਪ ਰਿਹਾ ਹੈ। ਰੇਤਾ ਬਜਰੀ ਦੇ ਭਾਅ ਅਸਮਾਨੀ ਚੜ੍ਹ ਜਾਣ ਕਾਰਨ ਜਿੱਥੇ ਆਮ ਲੋਕਾਂ ਦਾ ਘਰ ਬਣਾਉਣ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ ਉਥੇ ਉਸਾਰੀ ਖੇਤਰ ਨਾਲ ਜੁੜੇ ਕਾਮਿਆਂ ਨੂੰ ਕੰਮ ਨਾ ਮਿਲਣ ਕਰਕੇ ਆਰਥਿਕ ਮੰਦਹਾਲੀ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਜਿਹੜੀ ਰੇਤ 2700 ਰੁਪਏ ਸੈਂਕੜਾ ਮਿਲਦੀ ਸੀ ਉਹ ਹੁਣ 5500 ਰੁਪਏ ਤੋਂ ਲੈਕੇ 7000 ਰੁਪਏ ਸੈਂਕੜਾ ਚੋਰ ਬਾਜ਼ਾਰੀ ਵਿਚ ਮਿਲ ਰਹੀ ਹੈ।

ਇਸ ਸੰਬੰਧੀ ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਪਠਾਨਕੋਟ ਖੇਤਰ ਵਿਚ ਰੇਤਾ ਬਜਰੀ ਦੇ ਕਰੈਸ਼ਰ ਆਮ ਤੌਰ ਤੇ ਬੰਦ ਪਏ ਹਨ। ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਤੋਂ ਚੋਰੀ ਛਿਪਿਉ ਆਉਣ ਵਾਲੀ ਰੇਤਾ ਬੱਜਰੀ ਦੇ ਫੜੇ ਜਾਣ ਤੇ ਟਰਾਂਸਪੋਰਟ ਮਾਲਕਾਂ ਨੂੰ ਭਾਰੀ ਜੁਰਮਾਨਾ ਅਦਾ ਕਰਨਾ ਪੈ ਰਿਹਾ ਹੈ। ਜਿਸ ਦਾ ਸਿੱਧਾ ਅਸਰ ਆਪਣਾ ਘਰ ਬਣਾਉਣ ਦਾ ਸੁਪਨਾ ਲੈਣ ਵਾਲੇ ਖਪਤਕਾਰ ਉਪਰ ਪੈ ਰਿਹਾ ਹੈ। ਮਹਿੰਗੀ ਉਸਾਰੀ ਸਮੱਗਰੀ ਤੋਂ ਡਰਦਿਆਂ ਲੋਕਾਂ ਨੇ ਘਰ ਬਣਾਉਣ ਦੀ ਲੋੜ ਨੂੰ ਕੌੜਾ ਘੁੱਟ ਭਰਕੇ ਲੰਮੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ ਜਿਸ ਦਾ ਸਿੱਧਾ ਅਸਰ ਉਸਾਰੀ ਖੇਤਰ ਨਾਲ ਜੁੜੇ ਮਜ਼ਦੂਰਾਂ ਦੀ ਰੋਜ਼ੀ ਰੋਟੀ ਉਤੇ ਪਿਆ ਹੈ।

ਇਸ ਆਰਥਿਕ ਮੰਦਹਾਲੀ ਤੋਂ ਤੰਗ ਆਏ ਮਜ਼ਦੂਰਾਂ ਨੇ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਸਬੰਧਤ ਇਫਟੂ ਦੀ ਅਗਵਾਈ ਹੇਠ ਸਥਾਨਕ ਲਾਇਬ੍ਰੇਰੀ ਚੌਂਕ ਵਿਖੇ ਰੋਸ਼ ਪ੍ਰਦਰਸਨ ਕੀਤਾ। ਹਾਜ਼ਰ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਪਾਲ ਪਨਿਆੜ, ਇਫਟੂ ਦੇ ਜ਼ਿਲ੍ਹਾ ਦਫ਼ਤਰ ਸਕੱਤਰ ਜੋਗਿੰਦਰ ਪਾਲ ਘੁਰਾਲਾ ਅਤੇ ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਬਹਿਰਾਮਪੁਰ ਨੇ ਕਿਹਾ ਕਿ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਨਾਹਰਾ ਦੇ ਕੇ ਬਣੀ ਭਗਵੰਤ ਸਿੰਘ ਮਾਨ ਦੀ ਸਰਕਾਰ ਮਜ਼ਦੂਰ ਜਮਾਤ ਦਾ ਗਲ਼ਾ ਘੁੱਟਣ ਲੱਗ ਪਈ ਹੈ ਕਿਉਂਕਿ ਅਤਿ ਦੀ ਮਹਿੰਗਾਈ ਸਮੇਂ ਰੇਤਾ ਬੱਜਰੀ ਅਤੇ ਹੋਰ ਉਸਾਰੀ ਸਮੱਗਰੀ ਦੇ ਭਾਅ ਅਸਮਾਨੀ ਚੜ੍ਹ ਜਾਣ ਕਰਕੇ ਉਸਾਰੀ ਖੇਤਰ ਵਿੱਚ ਲੱਗੇ ਹਜ਼ਾਰਾਂ ਮਜ਼ਦੂਰ ਵਿਹਲੇ ਹੋ ਗਏ ਹਨ। ਸਰਕਾਰ ਦੀ ਦੋਗਲੀ ਨੀਤੀ ਦਾ ਸ਼ਿਕਾਰ ਹੋਏ ਮਜ਼ਦੂਰ ਭੁੱਖੇ ਮਰਨ ਲਈ ਮਜਬੂਰ ਹਨ।

ਕਿਰਤ ਭਲਾਈ ਵਿਭਾਗ ਵੱਲੋਂ ਮਜ਼ਦੂਰ ਜਮਾਤ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਮਹਿਜ਼ ਕਾਗਜ਼ਾਂ ਦਾ ਸ਼ਿੰਗਾਰ ਬਣ ਕੇ ਰਹਿ ਗਈਆਂ ਹਨ। ਭਲਾਈ ਵਿਭਾਗ ਵੱਲੋਂ ਮਜ਼ਦੂਰ ਬੱਚਿਆਂ ਲਈ ਐਲਾਨੀਆਂ ਸਹੂਲਤਾਂ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਸਕੀਮਾਂ ਦਾ ਲਾਭ ਲੈਣ ਵਾਲੇ ਲੋਕਾਂ ਨੂੰ ਬੇਲੋੜੇ ਇਤਰਾਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਕੰਮ ਕਾਰ ਨਾ ਮਿਲਣ ਕਰਕੇ ਬਹੁਤ ਸਾਰੇ ਮਜ਼ਦੂਰ ਮਾਨਸਿਕ ਤੌਰ ਤੇ ਰੋਗੀ ਹੋ ਰਹੇ ਹਨ। ਜਥੇਬੰਦੀ ਦੇ ਆਗੂਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਰੇਤਾ ਬੱਜਰੀ ਦਾ ਭਾਅ ਕੰਟਰੋਲ ਵਿਚ ਕੀਤਾ ਜਾਵੇ ਲੋਕਾਂ ਨੂੰ ਸਸਤੀ ਉਸਾਰੀ ਸਮੱਗਰੀ ਪ੍ਰਦਾਨ ਕਰਕੇ ਘਰ ਬਣਾਉਣ ਦਾ ਸੁਪਨਾ ਪੂਰਾ ਕੀਤਾ ਜਾਵੇ। ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਮਹਿੰਗਾਈ ਤੋਂ ਰਾਹਤ ਦਿਵਾਉਣ ਲਈ ਰਜਿਸਟਰਡ ਮੈਂਬਰਾਂ ਨੂੰ ਢੁਕਵੀਂ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਜਾਵੇ। ਇਸ ਮੌਕੇ ਰੋਸ਼ ਪ੍ਰਦਰਸਨ ਵਿੱਚ ਸੁਰਿੰਦਰ ਕੁਮਾਰ, ਕੁਲਵੰਤ ਰਾਏ,ਪਵਨ ਕੁਮਾਰ, ਅਸ਼ੋਕ ਕੁਮਾਰ, ਚਰਨਜੀਤ, ਹਰਜਿੰਦਰ ਸਿੰਘ, ਸੋਨੂੰ ਅਤੇ ਗੁਰਵਿੰਦਰ ਸਿੰਘ,ਬਚਨ ਸਿੰਘ, ਪ੍ਰਿਤਪਾਲ ਸਿੰਘ, ਆਦਿ ਹਾਜ਼ਰ ਹੋਏ।

Written By
The Punjab Wire