ਸ੍ਰੀ ਹਰਿਮੰਦਰ ਸਾਹਿਬ ਤੋਂ ਹੁੰਦੇ ਕੀਰਤਨ ਨੂੰ ਕੀਤਾ ਜਾਵੇਗਾ ਲਾਈਵ ਰੀਲੇਅ
ਨੌਜਵਾਨ ਪੀੜ੍ਹੀ ਨੂੰ ਇਤਿਹਾਸ ਤੇ ਵਿਰਸੇ ਨਾਲ ਜੋੜਨ ਦੇ ਕੀਤੇ ਜਾਣਗੇ ਉਪਰਾਲੇ – ਡਿਪਟੀ ਕਮਿਸ਼ਨਰ
ਗੁਰਦਾਸਪੁਰ, 23 ਅਗਸਤ ( ਮੰਨਣ ਸੈਣੀ )। ਛੋਟਾ ਘੱਲੂਘਾਰਾ ਦੇ ਸ਼ਹੀਦਾਂ ਦੀ ਯਾਦ ਵਿੱਚ ਕਾਹਨੂੰਵਾਨ ਛੰਬ ਵਿਖੇ ਪੰਜਾਬ ਸਰਕਾਰ ਵੱਲੋਂ ਬਣਾਈ ਸ਼ਹੀਦੀ ਸਮਾਰਕ ਦੀ ਸਾਂਭ-ਸੰਭਾਲ ਅਤੇ ਇਸਦੇ ਇਤਿਹਾਸ ਨੂੰ ਨੌਜਵਾਨ ਪੀੜ੍ਹੀ ਵਿੱਚ ਪ੍ਰਚਾਰਨ ਲਈ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਇੱਕ ਹੋਰ ਪਹਿਲਕਦਮੀ ਕਰਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਚੱਲਦੇ ਕੀਰਤਨ ਨੂੰ ਛੋਟਾ ਘੱਲੂਘਾਰਾ ਮੈਮੋਰੀਅਲ ਵਿੱਚ ਲਾਈਵ ਸੁਣਾਉਣ ਦਾ ਉਪਰਾਲਾ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਜੋ ਸ਼ਹੀਦਾਂ ਦੀ ਯਾਦਗਾਰ ਦੇ ਦਰਸ਼ਨਾਂ ਨੂੰ ਆਏ ਯਾਤਰੂ ਇਤਿਹਾਸ ਦੇ ਨਾਲ ਰੂਹਾਨੀਅਤ ਦਾ ਅਨੰਦ ਮਾਣ ਸਕਣ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਅੱਜ ਆਪਣੇ ਦਫ਼ਤਰ ਵਿੱਚ ਛੋਟਾ ਘੱਲੂਘਾਰਾ ਮੈਮੋਰੀਅਲ ਦੇ ਮੈਂਬਰਾਂ ਨਾਲ ਮੀਟਿੰਗ ਕਰਦਿਆਂ ਇਹ ਵੀ ਫੈਸਲਾ ਕੀਤਾ ਹੈ ਕਿ ਛੋਟਾ ਘੱਲੂਘਾਰਾ ਮੈਮੋਰੀਅਲ ਵਿੱਚ ਘੱਲੂਘਾਰੇ ਦੇ ਸ਼ਹੀਦਾਂ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ ਅਤੇ ਇਸਦੇ ਨਾਲ ਹੀ ਇੱਕ ਸ਼ਹੀਦੀ ਗੈਲਰੀ ਸਥਾਪਤ ਕੀਤੀ ਜਾਵੇਗੀ ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹੀਦਾਂ ਨੂੰ ਥਾਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਅਤੇ ਵਿਰਸੇ ਨਾਲ ਜੋੜਨ ਲਈ ਸ਼ਹੀਦੀ ਸਮਾਰਕ ਵਿੱਚ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ।
ਛੋਟਾ ਘੱਲੂਘਾਰਾ ਮੈਮੋਰੀਅਲ ਵਿੱਚ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹੀਦੀ ਸਮਾਰਕ ਦੀ ਸਫ਼ਾਈ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਸਮਾਰਕ ਦੀ ਸੁੰਦਰਤਾ ਵਿੱਚ ਵਾਧਾ ਕਰਨ ਲਈ ਵੱਧ ਤੋਂ ਵੱਧ ਫੁੱਲ-ਬੂਟੇ ਲਗਾਏ ਜਾਣ। ਉਨ੍ਹਾਂ ਕਿਹਾ ਕਿ ਸਮਾਰਕ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਜਾਣਗੇ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਨਿਧੀ ਕੁਮੁਦ ਬਾਮਬਾ, ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਅਤੇ ਪ੍ਰੋ. ਰਾਜ ਕੁਮਾਰ ਨੇ ਛੋਟਾ ਘੱਲੂਘਾਰਾ ਮੈਮੋਰੀਅਲ ਦੀ ਸੰਭਾਲ ਸਬੰਧੀ ਆਪਣੇ ਕੀਮਤੀ ਸੁਝਾਅ ਦਿੱਤੇ।