ਮੁਲਜ਼ਮਾਂ ਦੇ ਕਬਜ਼ੇ ‘ਚੋਂ ਹੈਂਡ-ਗ੍ਰੇਨੇਡ, ਆਰਡੀਐਕਸ-ਆਈਡੀ, 36.90 ਲੱਖ ਰੁਪਏ ਦੀ ਡਰੱਗ ਮਨੀ, 635 ਗ੍ਰਾਮ ਹੈਰੋਇਨ, 100 ਗ੍ਰਾਮ ਅਫੀਮ, ਹਥਿਆਰ ਅਤੇ ਗੋਲਾ ਬਾਰੂਦ ਕੀਤੇ ਬਰਾਮਦ
ਗੈਂਗਸਟਰ ਸੁੱਖ ਭਿਖਾਰੀਵਾਲਾ ਅਤੇ ਹੈਰੀ ਚੱਠਾ ਦਾ ਕਰੀਬੀ ਗੁਰਵਿੰਦਰ ਬਾਬਾ ਸਰਹੱਦ ਪਾਰ ਤੋਂ ਵਿਸਫੋਟਕ, ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੈਂਗਸਟਰਾਂ ਅਤੇ ਨਸ਼ਿਆਂ ਵਿਰੁੱਧ ਛੇੜੀ ਜੰਗ ਦੀ ਇੱਕ ਹੋਰ ਪ੍ਰਾਪਤੀ ਕਰਾਰ ਦਿੱਤਾ
ਤਰਨਤਾਰਨ, 9 ਅਗਸਤ (ਦ ਪੰਜਾਬ ਵਾਇਰ)। ਸ਼ੌਰਿਆ ਚੱਕਰ ਐਵਾਰਡੀ ਬਲਵਿੰਦਰ ਸਿੰਘ ਸੰਧੂ ਦੇ ਸਨਸਨੀਖੇਜ਼ ਕਤਲ ਕੇਸ ਵਿੱਚ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਤਰਨਤਾਰਨ ਤੋਂ ਇਸ ਕੇਸ ਦੇ ਮੁੱਖ ਮੁਲਜ਼ਮ, ਜਿਸ ਦੀ ਪਛਾਣ ਗੁਰਵਿੰਦਰ ਸਿੰਘ ਉਰਫ਼ ਬਾਬਾ ਉਰਫ਼ ਰਾਜਾ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਗੁਰਵਿੰਦਰ ਬਾਬਾ ਦੇ ਦੋ ਸਾਥੀਆਂ ਸੰਦੀਪ ਸਿੰਘ ਉਰਫ ਕਾਲਾ ਵਾਸੀ ਅੰਮ੍ਰਿਤਸਰ ਅਤੇ ਗੁਰਪ੍ਰੀਤ ਸਿੰਘ ਉਰਫ ਰੰਧਾਵਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ।
ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਹੈਂਡ ਗਰਨੇਡ, ਇੱਕ ਆਰਡੀਐਕਸ-ਆਈਈਡੀ, ਮੈਗਜ਼ੀਨ ਅਤੇ 13 ਜਿੰਦਾ ਕਾਰਤੂਸ ਸਮੇਤ ਦੋ .30 ਬੋਰ ਪਿਸਤੌਲ, 635 ਗ੍ਰਾਮ ਹੈਰੋਇਨ, 100 ਗ੍ਰਾਮ ਅਫੀਮ, 36.90 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਮਿਤਸੁਬੀਸ਼ੀ ਲੈਂਸਰ ਕਾਰ ਵੀ ਬਰਾਮਦ ਕੀਤੀ ਹੈ।
ਇਹ ਸਫਲਤਾ ਪੰਜਾਬ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਸੂਬਾ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਛੇੜੀ ਜੰਗ ਦੌਰਾਨ ਸਾਹਮਣੇ ਆਈ ਹੈ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਗੁਰਵਿੰਦਰ ਸਿੰਘ ਉਰਫ਼ ਬਾਬਾ, ਜਿਸ ਨੂੰ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਭਗੌੜਾ ਐਲਾਨਿਆ ਗਿਆ ਹੈ, ਨੇ ਸ਼ੂਟਰਾਂ ਨੂੰ ਹਥਿਆਰ ਪ੍ਰਦਾਨ ਕਰਵਾ ਕੇ ਸ਼ੌਰਿਆ ਚੱਕਰ ਐਵਾਰਡੀ ਬਲਵਿੰਦਰ ਸਿੰਘ ਸੰਧੂ ਦੀ ਹੱਤਿਆ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਗੁਰਵਿੰਦਰ ਬਾਬਾ ਨਾਮੀ ਗੈਂਗਸਟਰਾਂ ਸੁਖਪ੍ਰੀਤ ਸਿੰਘ ਉਰਫ ਹੈਰੀ ਚੱਠਾ ਅਤੇ ਸੁਖਮੀਤਪਾਲ ਸਿੰਘ ਉਰਫ ਸੁੱਖ ਭਿਖਾਰੀਵਾਲਾ, ਜੋ ਸ਼ੌਰਿਆ ਚੱਕਰ ਐਵਾਰਡੀ ਬਲਵਿੰਦਰ ਸਿੰਘ ਦੇ ਕਤਲ ਕੇਸ ਦੇ ਮੁੱਖ ਸ਼ੱਕੀ ਹੈ, ਦਾ ਨਜ਼ਦੀਕੀ ਸਾਥੀ ਹੈ।
ਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬਰਾਮਦ ਕੀਤੇ ਗਏ ਵਿਸਫੋਟਕ, ਹਥਿਆਰ ਅਤੇ ਗੋਲਾ ਬਾਰੂਦ ਦੀ ਵਰਤੋਂ ਆਜ਼ਾਦੀ ਦਿਵਸ ਮੌਕੇ ਪੰਜਾਬ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਅਤੇ ਦਹਿਸ਼ਤ ਦੀ ਭਾਵਨਾ ਪੈਦਾ ਕਰਨ ਲਈ ਕੀਤੀ ਜਾਣੀ ਸੀ।
ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਫਿਰੋਜ਼ਪੁਰ ਰੇਂਜ ਜਸਕਰਨ ਸਿੰਘ ਨੇ ਐਸਐਸਪੀ ਤਰਨਤਾਰਨ ਰਣਜੀਤ ਸਿੰਘ ਢਿੱਲੋਂ ਦੀ ਮੌਜੂਦਗੀ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਹ ਜਾਣਕਾਰੀ ਮਿਲਣ ਕਿ ਗੁਰਵਿੰਦਰ ਬਾਬਾ ਆਪਣੇ ਸਾਥੀ ਸੰਦੀਪ ਨਾਲ ਖਡੂਰ ਸਾਹਿਬ ਨੂੰ ਜਾ ਰਿਹਾ ਹੈ, ਤਰਨਤਾਰਨ ਪੁਲਿਸ ਪਾਰਟੀ ਨੇ ਚਿੱਟੇ ਰੰਗ ਦੀ ਲਾਂਸਰ ਕਾਰ ਜਿਸ ਵਿੱਚ ਉਕਤ ਦੋਵੇਂ ਵਿਅਕਤੀ ਸਫ਼ਰ ਕਰ ਰਹੇ ਸਨ, ਨੂੰ ਰੋਕ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਕਾਰ ਵਿੱਚੋਂ ਲੋਡਿਡ ਮੈਗਜ਼ੀਨਾਂ ਸਮੇਤ ਦੋ ਪਿਸਤੌਲ, 635 ਗ੍ਰਾਮ ਹੈਰੋਇਨ, 100 ਗ੍ਰਾਮ ਅਫੀਮ ਅਤੇ 3.90 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਆਈਜੀਪੀ ਨੇ ਦੱਸਿਆ ਕਿ ਗੁਰਵਿੰਦਰ ਬਾਬਾ ਵੱਲੋਂ ਕੀਤੇ ਗਏ ਖੁਲਾਸਿਆਂ ਤੋਂ ਬਾਅਦ, ਪੁਲਿਸ ਨੇ ਬਟਾਲਾ ਪੁਲਿਸ ਜ਼ਿਲ੍ਹਾ ਦੇ ਖੇਤਰ ਵਿੱਚ ਸਥਿਤ ਟਿਕਾਣੇ ਤੋਂ ਇੱਕ ਹੈਂਡ ਗ੍ਰਨੇਡ, ਇੱਕ ਆਰਡੀਐਕਸ-ਆਈਈਡੀ ਅਤੇ 33 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਬਰਾਮਦ ਕੀਤੇ ਗਏ ਵਿਸਫੋਟਕ, ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਪਾਕਿਸਤਾਨ ਤੋਂ ਡਰੋਨ ਰਾਹੀਂ ਤਸਕਰੀ ਕੀਤੀ ਗਈ ਸੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸਐਸਪੀ ਤਰਨਤਾਰਨ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਵੈਰੋਵਾਲ ਵਿਖੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ 18, 21, 25 ਅਤੇ 29, ਅਸਲਾ ਐਕਟ ਦੀਆਂ ਧਾਰਾਵਾਂ 25 (6) ਅਤੇ 25 (7), ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 4 ਤੇ 5 ਅਤੇ ਏਅਰਕ੍ਰਾਫਟ ਐਕਟ ਦੀ ਧਾਰਾ 10, 11 ਅਤੇ 12 ਤਹਿਤ ਐਫ.ਆਈ.ਆਰ. ਨੰਬਰ 118 ਦਰਜ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਸਰਹੱਦ ਪਾਰੋਂ ਤਸਕਰੀ ਦੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਅਤੇ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।