ਅੰਡਰ 14 ਤੋਂ 50 ਸਾਲ ਤੋਂ ਵੱਧ ਵੈਟਰਨ ਸਣੇ ਖਿਡਾਰੀ ਲੈਣਗੇ ਹਿੱਸਾ
ਖੇਡ ਮੰਤਰੀ ਨੇ ਰਾਸ਼ਟਰਮੰਡਲ ਖੇਡਾਂ ਦੇ ਜੇਤੂਆਂ ਨੂੰ ਦਿੱਤੀ ਵਧਾਈ, ਪੰਜਾਬ ਦੇ ਤਮਗਾ ਜੇਤੂ 18 ਖਿਡਾਰੀਆਂ ਨੂੰ ਮਿਲੇਗੀ ਨਗਦ ਇਨਾਮ ਰਾਸ਼ੀ
ਪੰਜਾਬ ਦੇ ਖਿਡਾਰੀਆਂ ਨੇ 3 ਚਾਂਦੀ ਤੇ 4 ਕਾਂਸੀ ਦੇ ਤਮਗੇ ਜਿੱਤੇ
ਚਾਂਦੀ ਦੇ ਤਮਗਾ ਜੇਤੂ ਨੂੰ 50 ਲੱਖ ਰੁਪਏ ਤੇ ਕਾਂਸੀ ਦਾ ਤਮਗਾ ਜੇਤੂ ਨੂੰ 40 ਲੱਖ ਰੁਪਏ ਮਿਲਣਗੇ
ਚੰਡੀਗੜ੍ਹ, 9 ਅਗਸਤ (ਦ ਪੰਜਾਬ ਵਾਇਰ)। ਪੰਜਾਬ ਵਿੱਚ ਖੇਡ ਸੱਭਿਆਚਾਰ ਮੁੜ ਪੈਦਾ ਕਰਨ ਅਤੇ ਖੇਡਾਂ ਵਿੱਚ ਗੁਆਚੀ ਸ਼ਾਨ ਬਹਾਲ ਕਰਨ ਦੇ ਟੀਚੇ ਨਾਲ ਖੇਡ ਵਿਭਾਗ ਵੱਲੋਂ ਉਲੀਕੇ ਪੰਜਾਬ ਖੇਡ ਮੇਲੇ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ 29 ਅਗਸਤ ਨੂੰ ਜਲੰਧਰ ਵਿਖੇ ਕਰਨਗੇ। ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਵਾਲੇ ਦਿਨ ਕੌਮੀ ਖੇਡ ਦਿਵਸ ਮੌਕੇ ਰੰਗਾਰੰਗ ਉਦਘਾਟਨੀ ਸਮਾਰੋਹ ਨਾਲ ਇਹ ਖੇਡ ਮੇਲਾ ਸ਼ੁਰੂ ਹੋਵੇਗਾ।
ਇਹ ਜਾਣਕਾਰੀ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਇਸ ਮੌਕੇ ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਤੇ ਡਾਇਰੈਕਟਰ ਰਾਜੇਸ਼ ਧੀਮਾਨ ਵੀ ਹਾਜ਼ਰ ਸਨ।
ਖੇਡ ਮੰਤਰੀ ਮੀਤ ਹੇਅਰ ਨੇ ਆਖਿਆ ਕਿ ਮੁੱਖ ਮੰਤਰੀ ਦੀ ਅਗਵਾਈ ਵਿੱਚ ਸੂਬਾ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਦਾ ਮਾਹੌਲ ਪੈਦਾ ਕਰਨ ਲਈ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨਾਂ ਰਾਸ਼ਟਰਮੰਡਲ ਖੇਡਾਂ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਖੇਡ ਦਲ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਤਮਗਾ ਜੇਤੂ 18 ਖਿਡਾਰੀਆਂ ਲਈ ਨਗਦ ਇਨਾਮ ਦਾ ਵੀ ਐਲਾਨ ਕੀਤਾ ਗਿਆ ਹੈ। ਪੰਜਾਬ ਦੇ 18 ਖਿਡਾਰੀਆਂ ਨੇ 3 ਚਾਂਦੀ ਤੇ 4 ਕਾਂਸੀ ਦੇ ਤਮਗੇ ਜਿੱਤੇ। ਚਾਂਦੀ ਦਾ ਤਮਗਾ ਜੇਤੂ ਨੂੰ 50 ਲੱਖ ਰੁਪਏ ਤੇ ਕਾਂਸੀ ਦਾ ਤਮਗਾ ਜੇਤੂ ਨੂੰ 40 ਲੱਖ ਰੁਪਏ ਮਿਲਣਗੇ।
ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਪੁਰਸ਼ ਹਾਕੀ ਟੀਮ ਵਿੱਚ ਪੰਜਾਬ ਦੇ 11 ਖਿਡਾਰੀ ਕਪਤਾਨ ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਅਕਾਸ਼ਦੀਪ ਸਿੰਘ, ਗੁਰਜੰਟ ਸਿੰਘ, ਵਰੁਣ ਕੁਮਾਰ, ਸ਼ਮਸ਼ੇਰ ਸਿੰਘ, ਹਾਰਦਿਕ ਸਿੰਘ, ਕ੍ਰਿਸ਼ਨ ਪਾਠਕ, ਜਰਮਨਪ੍ਰੀਤ ਸਿੰਘ ਤੇ ਮਨਦੀਪ ਸਿੰਘ ਸ਼ਾਮਲ ਸਨ। ਚਾਂਦੀ ਦਾ ਤਮਗਾ ਜਿੱਤਣ ਵਾਲੀ ਮਹਿਲਾ ਕ੍ਰਿਕਟ ਟੀਮ ਵਿੱਚ ਕਪਤਾਨ ਹਰਮਨਪ੍ਰੀਤ ਕੌਰ ਤੇ ਤਾਨੀਆ ਭਾਟੀਆ ਪੰਜਾਬ ਤੋਂ ਸਨ। ਮਹਿਲਾ ਹਾਕੀ ਵਿੱਚ ਗੁਰਜੀਤ ਕੌਰ ਨੇ ਕਾਂਸੀ ਦਾ ਤਮਗਾ ਜਿੱਤਿਆ ਹੈ। ਵੇਟਲਿਫਟਿੰਗ ਵਿੱਚ ਪੰਜਾਬ ਦੇ ਵਿਕਾਸ ਠਾਕੁਰ ਨੇ ਚਾਂਦੀ ਅਤੇ ਹਰਜਿੰਦਰ ਕੌਰ, ਲਵਪ੍ਰੀਤ ਸਿੰਘ ਤੇ ਗੁਰਦੀਪ ਸਿੰਘ ਨੇ ਕਾਂਸੀ ਦੇ ਤਮਗੇ ਜਿੱਤੇ।
ਖੇਡ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਇਸ ਖੇਡ ਮਹਾਂਕੁੰਭ ਵਿੱਚ ਗਰੇਡਸ਼ਨ ਸੂਚੀ ਵਾਲੀਆਂ ਮਾਨਤਾ ਪ੍ਰਾਪਤ ਖੇਡਾਂ ਵਿੱਚ ਅੰਡਰ 14, ਅੰਡਰ 17, ਅੰਡਰ 21, 21-40 ਸਾਲ, 40-50 ਸਾਲ ਅਤੇ 50 ਸਾਲ ਤੋਂ ਵੱਧ ਉਮਰ ਵਰਗ ਵਿੱਚ ਬਲਾਕ ਪੱਧਰ ਤੋਂ ਸੂਬਾ ਪੱਧਰ ਤੱਕ 4 ਲੱਖ ਤੋਂ ਵੱਧ ਖਿਡਾਰੀ ਹਿੱਸਾ ਲੈਣਗੇ। ਇਹ ਖੇਡ ਮੇਲਾ ਦੋ ਮਹੀਨੇ ਤੱਕ ਚੱਲੇਗਾ। ਇਸ ਸਬੰਧੀ ਹਿੱਸਾ ਲੈਣ ਦੇ ਇਛੁੱਕ ਖਿਡਾਰੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਜਿਹੜੀ 11 ਅਗਸਤ ਤੋਂ 25 ਅਗਸਤ ਤੱਕ ਚੱਲੇਗੀ।
ਖੇਡ ਮੇਲੇ ਵਿੱਚ ਪੈਰਾ ਸਪੋਰਟਸ ਵਾਲੇ ਖਿਡਾਰੀ ਲਈ ਵੀ ਮੁਕਾਬਲੇ ਹੋਣਗੇ। ਰਾਜ ਪੱਧਰ ਦੇ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗਾ ਜੇਤੂਆਂ ਨੂੰ 10 ਹਜ਼ਾਰ ਰੁਪਏ, 7 ਹਜ਼ਾਰ ਰੁਪਏ ਤੇ 5 ਹਜ਼ਾਰ ਰੁਪਏ ਅਤੇ ਸਰਟੀਫਿਕੇਟ ਮਿਲਣਗੇ। ਕੁੱਲ 6 ਕਰੋੜ ਰੁਪਏ ਦੀ ਇਨਾਮ ਰਾਸ਼ੀ ਵੰਡੀ ਜਾਵੇਗੀ। ਸਾਰੇ ਜੇਤੂ ਖਿਡਾਰੀ ਸੂਬੇ ਦੀ ਗਰੇਡਸ਼ਨ ਨੀਤੀ ਵਿੱਚ ਕਵਰ ਹੋਣਗੇ। ਖੇਡ ਮੇਲੇ ਦੌਰਾਨ ਜੇਤੂਆਂ ਤੋਂ ਇਲਾਵਾ ਹੋਰਨਾਂ ਖਿਡਾਰੀਆਂ ਵਿੱਚੋਂ ਵੀ ਡੋਪ ਟੈਸਟ ਕੀਤੇ ਜਾਣਗੇ।
ਸ੍ਰੀ ਮੀਤ ਹੇਅਰ ਨੇ ਕਿਹਾ ਕਿ ਸੂਬੇ ਵਿੱਚ ਖਿਡਾਰੀਆਂ ਵਿੱਚ ਹੁਨਰ ਤੇ ਸਮਰੱਥਾ ਦੀ ਘਾਟ ਨਹੀਂ, ਲੋੜ ਹੈ ਸਿਰਫ ਇਸ ਦੀ ਸ਼ਨਾਖਤ ਕਰਕੇ ਸ਼ਿੰਗਾਰਨ ਦੀ। ਇਸ ਖੇਡ ਮੇਲੇ ਵਿੱਚ ਪੰਜਾਬ ਦਾ ਹਰ ਪਿੰਡ ਤੇ ਸ਼ਹਿਰ ਕਵਰ ਹੋਵੇਗਾ।