ਸੂਬੇ ਦੇ ਅਜਾਇਬਘਰਾਂ ਅਤੇ ਹੋਰ ਵਿਰਾਸਤੀ ਇਮਾਰਤਾਂ ਦਾ ਢੁਕਵਾਂ ਪ੍ਰਚਾਰ ਕਰਨ ਲਈ ਕਿਹਾ
ਕਿਹਾ, ਦੇਸ਼-ਵਿਦੇਸ਼ ਦੇ ਸੈਲਾਨੀਆਂ ਨੂੰ ਪੰਜਾਬ ਦੀਆਂ ਵਿਰਾਸਤੀ ਨਿਸ਼ਾਨੀਆਂ ਵੇਖਣ ਲਈ ਉਤਸ਼ਾਹਿਤ ਕਰਨ ਵਾਸਤੇ ਬਣਾਈ ਜਾਵੇ ਰਣਨੀਤੀ
ਵਿਭਾਗ ਦੇ ਕੰਮ-ਕਾਜ ਦੀ ਕੀਤੀ ਸਮੀਖਿਆ
ਚੰਡੀਗੜ੍ਹ, 22 ਜੁਲਾਈ (ਦ ਪੰਜਾਬ ਵਾਇਰ)। ਪੰਜਾਬੀ ਵਿਰਸੇ, ਰਹਿਣ-ਸਹਿਣ ਅਤੇ ਵਿਰਾਸਤੀ ਪਕਵਾਨਾਂ ਨੂੰ ਵਿਸ਼ਵ ਪੱਧਰ ‘ਤੇ ਪ੍ਰਚਾਰਨ ਸਬੰਧੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਲਏ ਸੁਪਨੇ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਕਦਮ ਪੁੱਟਦਿਆਂ ਪੰਜਾਬ ਦੇ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ ਮੰਤਰੀ ਮੈਡਮ ਅਨਮੋਲ ਗਗਨ ਮਾਨ ਨੇ ਸੂਬੇ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਪਾਰਦਰਸ਼ੀ ਅਤੇ ਪ੍ਰਭਾਵੀ ਨੀਤੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਪੰਜਾਬੀ ਸਭਿਆਚਾਰ ਅਤੇ ਸੈਰ-ਸਪਾਟੇ ਨੂੰ ਵਿਸ਼ਵ ਪੱਧਰ ‘ਤੇ ਉਤਸ਼ਾਹਿਤ ਕਰਨ ਲਈ ਲੋੜੀਂਦੇ ਕਦਮ ਚੁੱਕਣ ਲਈ ਵੀ ਕਿਹਾ ਹੈ।
ਇੱਥੇ ਵਿਭਾਗ ਦੇ ਸਮੁੱਚੇ ਕੰਮ-ਕਾਜ ਦੀ ਸਮੀਖਿਆ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਭਾਗ ਅਧੀਨ ਅਜਾਇਬਘਰਾਂ ਅਤੇ ਹੋਰ ਵਿਰਾਸਤੀ ਇਮਾਰਤਾਂ ਦਾ ਢੁਕਵਾਂ ਪ੍ਰਚਾਰ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਵੱਡੀ ਪੱਧਰ ‘ਤੇ ਉਜਾਗਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬੀ ਸਭਿਆਚਾਰ ਅਤੇ ਸੈਰ-ਸਪਾਟੇ ਦਾ ਇਲੈਕਟ੍ਰਾਨਿਕ ਮੀਡੀਆ, ਸੋਸ਼ਲ ਮੀਡੀਆ ਅਤੇ ਹੋਰ ਪ੍ਰਚਾਰ ਸਾਧਨਾਂ ਰਾਹੀਂ ਪ੍ਰਚਾਰ ਕਰਨ ਲਈ ਪੁਖ਼ਤਾ ਰਣਨੀਤੀ ਤਿਆਰ ਕੀਤੀ ਜਾਵੇ ਜਿਸ ਨਾਲ ਦੇਸ਼-ਵਿਦੇਸ਼ ਤੋਂ ਸੈਲਾਨੀਆਂ ਨੂੰ ਪੰਜਾਬ ਦੀਆਂ ਵਿਰਾਸਤੀ ਨਿਸ਼ਾਨੀਆਂ ਵੇਖਣ ਲਈ ਸੂਬੇ ਵਿੱਚ ਆਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਇਨ੍ਹਾਂ ਵਿਰਾਸਤੀ ਥਾਵਾਂ ਦੀ ਸੁੱਚਜੀ ਸਾਂਭ-ਸੰਭਾਲ ਯਕੀਨੀ ਬਣਾਉਣ ਲਈ ਆਮਦਨ ਦੇ ਵਸੀਲੇ ਪੈਦਾ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਵੀ ਕਿਹਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਵਿਸ਼ਵ ਪੱਧਰੀ ਥੀਮ ਪਾਰਕ ਸਥਾਪਿਤ ਕਰਨ ਲੋੜੀਂਦੇ ਕਦਮ ਚੁੱਕੇੇ ਜਾਣਗੇ। ਉਨ੍ਹਾਂ ਸੂਬੇ ਦੀਆਂ ਅਲੋਪ ਹੋ ਰਹੀਆਂ ਇਤਿਹਾਸਕ ਤੇ ਵਿਰਾਸਤੀ ਨਿਸ਼ਾਨੀਆਂ ਜਿਵੇਂ ਪੁਰਾਣੇ ਪਹਿਰਾਵੇ, ਲੋਕ ਨਾਚ, ਗੀਤ ਸੰਗੀਤ, ਵਿਰਾਸਤੀ ਖੇਡਾਂ ਅਤੇ ਪੰਜਾਬੀ ਪਕਵਾਨਾਂ ਨੂੰ ਸੁਰਜੀਤ ਕਰਨ ਅਤੇ ਇਨ੍ਹਾਂ ਨੂੰ ਵਿਸ਼ਵ ਪੱਧਰ ‘ਤੇ ਪਹੁੰਚਾਉਣ ਲਈ ਲੋੜੀਂਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ ਅਤੇ ਡਾਇਰੈਕਟਰ ਸ੍ਰੀ ਕਰਨੇਸ਼ ਸ਼ਰਮਾ ਨੇ ਵਿਭਾਗ ਅਧੀਨ ਆਉਂਦੇ ਵੱਖ-ਵੱਖ ਅਦਾਰਿਆਂ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਵੱਲੋਂ ਸੁਰੱਖਿਅਤ ਕੀਤੀਆਂ ਗਈਆਂ ਵਿਰਾਸਤੀ ਇਮਾਰਤਾਂ, ਅਜਾਇਬ ਘਰਾਂ ਅਤੇ ਵੱਖ-ਵੱਖ ਉਸਾਰੀ ਅਧੀਨ ਪ੍ਰਾਜੈਕਟਾਂ ਬਾਰੇ ਵਿਸਤਾਰਪੂਰਵਕ ਦੱਸਿਆ।
ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਛੇਤੀ ਹੀ ਵੱਖ-ਵੱਖ ਵਿਰਾਸਤੀ ਥਾਵਾਂ ਦਾ ਮੁਆਇਨਾ ਕਰਨ ਲਈ ਦੌਰਾ ਕਰਨਗੇ ਅਤੇ ਇਨ੍ਹਾਂ ਤੋਂ ਆਮਦਨ ਦੇ ਸਰੋਤ ਪੈਦਾ ਕਰਨ ਸਬੰਧੀ ਰਣਨੀਤੀ ਤਿਆਰ ਕਰਨਗੇ। ਮੰਤਰੀ ਨੇ ਅਧਿਕਾਰਿਆਂ ਨੂੰ ਹਦਾਇਤ ਕੀਤੀ ਕਿ ਸੁਲਤਾਨਪੁਰ ਲੋਧੀ ਵਿਖੇ “ਪਿੰਡ ਬਾਬੇ ਨਾਨਕ ਦਾ” ਪ੍ਰਾਜੈਕਟ ਨੂੰ ਵਿਸ਼ਵ ਪੱਧਰੀ ਵਿਰਾਸਤੀ ਥਾਂ ਬਣਾਉਣ ਲਈ ਹਰ ਸੰਭਵ ਕਾਰਵਾਈ ਕੀਤੀ ਜਾਵੇ। ਪੰਜਾਬੀ ਸੈਰ-ਸਪਾਟੇ ਨੂੰ ਵਿਸ਼ਵ ਪੱਧਰ ‘ਤੇ ਪਹੁੰਚਾਉਣ ਅਤੇ ਹੋਰ ਉੱਨਤ ਕਰਨ ਦਾ ਵਾਅਦਾ ਦੁਹਰਾਉਂਦਿਆਂ ਮੈਡਮ ਅਨਮੋਲ ਗਗਨ ਮਾਨ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਦਾ ਨਿਪਟਾਰਾ ਕਰਨ ਲਈ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ।