ਚੰਡੀਗੜ੍ਹ, 22 ਜੁਲਾਈ (ਦ ਪੰਜਾਬ ਵਾਇਰ)। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨਿਸ਼ਾਨੇਬਾਜ਼ੀ ਦੇ ਵਿਸ਼ਵ ਕੱਪ ਵਿੱਚ ਦੋ ਕਾਂਸੀ ਦੇ ਤਮਗੇ ਜਿੱਤਣ ਵਾਲੀ ਭਾਰਤ ਦੀ ਓਲੰਪੀਅਨ ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਨੂੰ ਨਿੱਜੀ ਤੌਰ ਉੱਤੇ ਮਿਲ ਕੇ ਮੁਬਾਰਕਬਾਦ ਦਿੱਤੀ। ਖੇਡ ਮੰਤਰੀ ਨੇ ਪੰਜਾਬ ਦੀ ਇਸ ਹੋਣਹਾਰ ਨਿਸ਼ਾਨੇਬਾਜ਼ ਨੂੰ ਦੋ ਤਮਗੇ ਜਿੱਤਣ ਅਤੇ ਵਿਸ਼ਵ ਰੈਂਕਿੰਗ ਵਿੱਚ ਪਹਿਲਾ ਰੈਂਕ ਹਾਸਲ ਕਰਨ ‘ਤੇ ਆਪਣੀ ਰਿਹਾਇਸ਼ ਉਤੇ ਮਿਲ ਕੇ ਹੌਂਸਲਾ ਅਫਜਾਈ ਕੀਤੀ।
ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਨੂੰ ਖੇਡਾਂ ਨੂੰ ਅੱਗੇ ਵਿੱਚ ਅੱਗੇ ਲਿਆਉਣ ਲਈ ਨਿਰੰਤਰ ਉਪਰਾਲੇ ਕਰ ਰਹੀ ਹੈ। ਸੂਬਾ ਸਰਕਾਰ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਲਈ ਖੇਡ ਨੀਤੀ ਵਿੱਚ ਵੀ ਢੁੱਕਵੇਂ ਬਦਲਾਵ ਕਰ ਰਹੀ ਹੈ।
ਮੀਤ ਹੇਅਰ ਨੇ ਅੰਜੁਮ ਮੌਦਗਿਲ ਨੂੰ ਹੱਲਾਸ਼ੇਰੀ ਦਿੰਦਿਆਂ ਆਉਣ ਵਾਲੇ ਸਮੇਂ ਖਾਸ ਕਰਕੇ 2024 ਪੈਰਿਸ ਓਲੰਪਿਕ ਖੇਡਾਂ ਲਈ ਤਿਆਰੀ ਵਿੱਚ ਜੁਟਣ ਅਤੇ ਚੰਗੇ ਪ੍ਰਦਰਸ਼ਨ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਅੰਜੁਮ ਨੇ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਵਿਅਕਤੀਗਤ ਤੇ ਟੀਮ ਈਵੈਂਟ ਵਿੱਚ ਦੋ ਕਾਂਸੀ ਦੇ ਤਮਗੇ ਜਿੱਤੇ।
ਇਸ ਮੌਕੇ ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਤੇ ਡਾਇਰੈਕਟਰ ਰਾਜੇਸ਼ ਧੀਮਾਨ ਵੀ ਹਾਜ਼ਰ ਸਨ।