ਇੰਗਲੈਂਡ ਤੋਂ ਐੱਨ.ਆਰ.ਆਈ ਨੇ ਆਨ-ਲਾਈਨ ਮੀਟਿੰਗ ’ਚ ਡਿਪਟੀ ਕਮਿਸ਼ਨਰ ਨੂੰ ਆਪਣੀ ਬਟਾਲਾ ’ਚ ਜ਼ਮੀਨ ’ਤੇ ਹੋਏ ਕਬਜ਼ੇ ਦੀ ਸ਼ਿਕਾਇਤ ਕੀਤੀ
ਹਰਿਆਣੇ ਤੋਂ ਸਤਿੰਦਰਪਾਲ ਨੇ ਵੀ ਫ਼ਤਹਿਗੜ ਚੂੜੀਆਂ ਤਹਿਸੀਲ ਵਿੱਚ ਰਜਿਸਟਰੀ ਨਾ ਹੋਣ ਦਾ ਮੁੱਦਾ ਉਠਾਇਆ
ਬਟਾਲਾ, 14 ਜੁਲਾਈ ( ਮੰਨਣ ਸੈਣੀ)। ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਰੋਜ਼ਾਨਾਂ ਜ਼ਿਲਾ ਵਾਸੀਆਂ ਦੀਆਂ ਮੁਸ਼ਕਲਾਂ/ਸ਼ਿਕਾਇਤਾਂ ਸੁਣਨ ਲਈ ਕੀਤੀ ਜਾਂਦੀ ਆਨ-ਲਾਈਨ ਮੀਟਿੰਗ ਦਾ ਦਾਇਰਾ ਸੱਤ ਸੁਮੰਦਰੋਂ ਪਾਰ ਤੱਕ ਪਹੁੰਚ ਗਿਆ ਹੈ। ਜ਼ਿਲਾ ਗੁਰਦਾਸਪੁਰ ਨਾਲ ਸਬੰਧਤ ਦੇਸ਼ ਦੇ ਹੋਰ ਸੂਬਿਆਂ ਵਿੱਚ ਰਹਿਣ ਵਾਲੇ ਵਿਅਕਤੀਆਂ ਤੋਂ ਇਲਾਵਾ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ’ਚ ਵੱਸਦੇ ਗੁਰਦਾਸਪੁਰੀਏ ਵੀ ਆਪਣੀਆਂ ਸਮੱਸਿਆਵਾਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆ ਰਹੇ ਹਨ।
ਅੱਜ ਦੀ ਆਨ-ਲਾਈਨ ਵੈਬਐਕਸ ਮੀਟਿੰਗ ਵਿੱਚ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਤੋਂ ਰਤਨਜੀਤ ਸਿੰਘ ਨੇ ਭਾਗ ਲਿਆ। ਉਨਾਂ ਦਾ ਪਿਛੋਕੜ ਬਟਾਲਾ ਸ਼ਹਿਰ ਨਾਲ ਹੈ। ਆਨ-ਲਾਈਨ ਮੀਟਿੰਗ ਵਿਚ ਰਤਨਜੀਤ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਬਟਾਲਾ ਸਥਿਤ ਉਨਾਂ ਦੀ ਜਾਇਦਾਦ ਉੱਪਰ ਕੁਝ ਵਿਅਕਤੀਆਂ ਵੱਲੋਂ ਨਜ਼ਇਜ ਕਬਜ਼ਾ ਕੀਤਾ ਜਾ ਰਿਹਾ ਹੈ, ਜਿਸ ਨੂੰ ਹਟਾਉਣ ਲਈ ਉਨਾਂ ਪ੍ਰਸ਼ਾਸਨ ਦਾ ਦਖਲ ਮੰਗਿਆ। ਇਸ ਸ਼ਿਕਾਇਤ ਨੂੰ ਸੁਣਨ ਉਪਰੰਤ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਐੱਸ.ਡੀ.ਐੱਮ. ਬਟਾਲਾ ਨੂੰ ਹਦਾਇਤ ਕੀਤੀ ਹੈ ਕਿ ਪ੍ਰਵਾਸੀ ਭਾਰਤੀ ਰਤਨਜੀਤ ਸਿੰਘ ਦੀ ਸ਼ਿਕਾਇਤ ਦੀ ਪੜਤਾਲ ਕੀਤੀ ਜਾਵੇ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਕੇ ਨਜ਼ਾਇਜ ਕਬਜ਼ੇ ਨੂੰ ਹਟਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਪ੍ਰਵਾਸੀ ਭਾਰਤੀ ਰਤਨਜੀਤ ਸਿੰਘ ਨੂੰ ਭਰੋਸਾ ਦਿੱਤਾ ਕਿ ਉਨਾਂ ਦੀ ਮੁਸ਼ਕਲ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇਗਾ।
ਆਨ ਲਾਈਨ ਮੀਟਿੰਗ ਦੌਰਾਨ ਹਰਿਆਣੇ ਤੋਂ ਸਤਿੰਦਰਪਾਲ ਸਿੰਘ ਨੇ ਭਾਗ ਲੈ ਕੇ ਦੱਸਿਆ ਕਿ ਫ਼ਤਹਿਗੜ ਚੂੜੀਆਂ ਤਹਿਸੀਲ ਵਿੱਚ ਤਹਿਸੀਲਦਾਰ ਦੇ ਛੱੁਟੀ ਜਾਣ ਕਾਰਨ ਉਸਦੇ ਘਰਦਿਆਂ ਨੂੰ ਜ਼ਮੀਨ ਦੀ ਰਜਿਸਟਰੀ ਕਰਾਉਣ ਵਿੱਚ ਮੁਸ਼ਕਲ ਆ ਰਹੀ ਹੈ। ਇਸ ਮੁਸ਼ਕਲ ਦਾ ਤੁਰੰਤ ਹੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਤਹਿਸੀਲਦਾਰ ਫ਼ਤਹਿਗੜ ਚੂੜੀਆਂ ਦੇ ਛੱੁਟੀ ਦੇ ਸਮੇਂ ਦੌਰਾਨ ਤਹਿਸੀਲਦਾਰ ਡੇਰਾ ਬਾਬਾ ਨਾਨਕ ਨੂੰ ਫ਼ਤਹਿਗੜ ਚੂੜੀਆਂ ਦਾ ਵਾਧੂ ਚਾਰਜ ਦੇਣ ਦੇ ਲਿਖਤੀ ਹੁਕਮ ਜਾਰੀ ਕਰ ਦਿੱਤੇ। ਉਨਾਂ ਕਿਹਾ ਕਿ ਲੋਕਾਂ ਨੂੰ ਅਧਿਕਾਰੀ ਦੀ ਛੁੱਟੀ ਕਾਰਨ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਤੁਰੰਤ ਹੋਈ ਇਸ ਕਾਰਵਾਈ ’ਤੇ ਹਰਿਆਣੇ ਤੋਂ ਬੋਲ ਰਹੇ ਸਤਿੰਦਰਪਾਲ ਸਿੰਘ ਨੇ ਤਸੱਲੀ ਜ਼ਾਹਰ ਕੀਤੀ ਹੈ।
ਇਸ ਤੋਂ ਇਲਾਵਾ ਆਨ-ਲਾਈਨ ਮੀਟਿੰਗ ਵਿੱਚ ਜ਼ਿਲੇ ਦੇ ਵੱਖ-ਵੱਖ ਹਿੱਸਿਆਂ ਤੋਂ ਵਿਅਕਤੀਆਂ ਨੇ ਭਾਗ ਲਿਆ ਅਤੇ ਆਪਣੇ ਨਿੱਜੀ ਤੇ ਜਨਤਕ ਮੁੱਦੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦੇ। ਡਿਪਟੀ ਕਮਿਸ਼ਨਰ ਨੇ ਸਾਰੀਆਂ ਸ਼ਿਕਾਇਤਾਂ ਨੂੰ ਸੁਣ ਕੇ ਸਬੰਧਤ ਵਿਭਾਗਾਂ ਨੂੰ ਭੇਜਦਿਆਂ ਅਧਿਕਾਰੀਆਂ ਨੂੰ ਇਨਾਂ ਮਸਲਿਆਂ ਦੇ ਤੁਰੰਤ ਹੱਲ ਦੀਆਂ ਹਦਾਇਤਾਂ ਦਿੱਤੀਆਂ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਨ-ਲਾਈਨ ਮੀਟਿੰਗ ਵਿੱਚ ਭਾਗ ਲੈਣ ਲਈ ਆਪਣੇ ਮੋਬਾਇਲ ਵਿੱਚ ਵੈਬਕਸ ਐਪ ਡਾਊਨਲੋਡ ਕਰਕੇ ਅਤੇ ਇਸ ਲਿੰਕ https://dcofficegurdaspur.my.webex.com/meet/dcgsp ’ਤੇ ਜਾ ਕੇ ਮੀਟਿੰਗ ਨੰਬਰ 1589213224 ਭਰਿਆ ਜਾਵੇ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲੇ ਦੇ ਸਾਰੇ ਤਹਿਸੀਲਦਾਰ ਦਫ਼ਤਰਾਂ, ਨਗਰ ਕੌਂਸਲ ਦਫ਼ਤਰਾਂ, ਨਗਰ ਨਿਗਮ ਦਫ਼ਤਰ ਬਟਾਲਾ ਅਤੇ ਸਮੂਹ ਬੀ.ਡੀ.ਪੀ.ਓਜ਼ ਦਫ਼ਤਰਾਂ ਵਿੱਚੋਂ ਵੀ 11 ਵਜੇ ਤੋਂ 12 ਵਜੇ ਦਰਮਿਆਨ ਆਨ-ਲਾਈਨ ਮੀਟਿੰਗ ਵਿੱਚ ਸ਼ਾਮਲ ਹੋਇਆ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਨ-ਲਾਈਨ ਮੀਟਿੰਗ ਤੋਂ ਇਲਾਵਾ ਜ਼ਿਲਾ ਵਾਸੀ 62393-01830 ਵਟਸਐਪ ਨੰਬਰ ’ਤੇ ਵੀ ਆਪਣੀ ਸ਼ਿਕਾਇਤ ਭੇਜ ਸਕਦੇ ਹਨ।