ਮਾਮਲੇ ਦੀ ਗੰਭੀਰਤਾ ਨੂੰ ਮੁੱਖ ਰੱਖ ਸਾਵਧਾਨੀ ਵਰਤਦੇ ਪੁਲਸ ਵਲੋਂ ਪੀ.ਸੀ.ਆਰ ਦੀ ਗਸ਼ਤ ਵਧਾ ਕੀਤੀ ਜਾ ਰਹੀ ਕਾਲ ਦੀ ਜਾਂਚ
ਡਾਕਟਰ ਵਲੋਂ ਨਹੀਂ ਦਿੱਤੀ ਗਈ ਕੋਈ ਲਿਖਿਤ ਸ਼ਿਕਾਇਤ
ਗੁਰਦਾਸਪੁਰ, 13 ਜੁਲਾਈ (ਮੰਨਣ ਸੈਣੀ)। ਗੁਰਦਾਸਪੁਰ ‘ਚ ਇਕ ਨਿਜੀ ਹਸਪਤਾਲ ਚਲਾ ਰਹੇ ਇਕ ਮਸ਼ਹੂਰ ਡਾਕਟਰ ਨੂੰ ਇੱਕ ਅਗਿਆਤ ਵੱਲੋਂ ਫੋਨ ਕਾਲ ਕਰ ਖੁੱਦ ਨੂੰ ਬਦਨਾਮ ਗੈਂਗਸਟਰ ਹੈਰੀ ਚੱਠਾ ਦੱਸ ਕੇ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਡਾਕਟਰ ਤੋਂ ਵਟਸਐਪ ਕਾਲ ਦੇ ਜਰਿਏ 50 ਲੱਖ ਦੀ ਫਿਰੌਤੀ ਮੰਗੀ ਗਈ ਹੈ। ਹਾਲਾਂਕਿ ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਪਰ ਮਾਮਲੇ ਦੀ ਗੰਭੀਰਤਾ ਨੂੰ ਮੁੱਖ ਰੱਖਦੇ ਹੋਏ ਅਤੇ ਇਸ ਮਾਮਲੇ ਵਿੱਚ ਸਾਵਧਾਨੀ ਵਰਤਦੇ ਹੋਏ ਪੁਲਿਸ ਵੱਲੋਂ ਸਾਵਧਾਨੀ ਵਰਤਦੇ ਹੋਏ ਡਾਕਟਰ ਦੇ ਹਸਪਤਾਲ ਅਤੇ ਉਸਦੇ ਰਿਹਾਇਸ਼ੀ ਇਲਾਕੇ ਵਿੱਚ ਪੀ.ਸੀ.ਆਰ ਦੀ ਗਸ਼ਤ ਵਧਾ ਦਿੱਤੀ ਗਈ ਹੈ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਡਾਕਟਰ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ‘ਤੇ ਕਾਲ ਆਈ ਸੀ। ਜਿਸ ਵਿੱਚ ਫੋਨ ਕਰਨ ਵਾਲੇ ਨੇ ਆਪਣੀ ਪਛਾਣ ਗੈਗਸਟਰ ਹੈਰੀ ਚੱਠਾ ਵਜੋਂ ਦੱਸੀ। ਉਸ ਨੇ ਡਾਕਟਰ ਤੋਂ 50 ਲੱਖ ਰੁਪਏ ਦੀ ਫਿਰੌਤੀ ਵੀ ਮੰਗੀ। ਇਹ ਡਾਕਟਰ ਗੁਰਦਾਸਪੁਰ ਦੇ ਮਸ਼ਹੂਰ ਡਾਕਟਰਾਂ ਵਿੱਚੋਂ ਇੱਕ ਹੈ ਅਤੇ ਉਹ ਆਪਣੀ ਡਾਕਟਰ ਪਤਨੀ ਨਾਲ ਆਪਣਾ ਨੀਜੀ ਹਸਪਤਾਲ ਚਲਾਉਂਦੇ ਹਨ।
ਕਾਲ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਆਪਣੇ ਪੱਧਰ ਤੇ ਹੀ ਸਾਵਧਾਨੀ ਵਰਤਦੇ ਹੋਏ ਡਾਕਟਰ ਦੀ ਰਿਹਾਇਸ਼ ਅਤੇ ਹਸਪਤਾਲ ਵੱਲ ਪੀ.ਸੀ.ਆਰ. ਅਤੇ ਹੋਰ ਸਾਵਧਾਨੀਆਂ ਨੂੰ ਲੈ ਕੇ ਗਸ਼ਤ ਵਧਾ ਦਿੱਤੀ ਹੈ ਅਤੇ ਹਸਪਤਾਲ ਦੇ ਅੱਗੇ ਪੀ.ਸੀ.ਆਰ ਦੇ ਮੁਲਾਜਮ ਵੀ ਤੈਨਾਤ ਕਰ ਦਿੱਤੇ ਹਨ। ਪੁਲਿਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਹਰ ਕੜੀ ਤੇ ਆਪਣੇ ਪੱਧਰ ਤੇ ਜਾਂਚ ਕਰ ਰਹੀ ਹੈ। ਪੁਲਿਸ ਵੱਲੋਂ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਾਲ ਫਰਜ਼ੀ ਸੀ ਜਾਂ ਅਸਲੀ।
ਉਧਰ ਇਸ ਸੰਬੰਧੀ ਗੁਰਦਾਸਪੁਰ ਦੇ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਪਰ ਸੂਚਨਾ ਜਰੂਰ ਮਿਲੀ ਸੀ ਜਿਸ ਦੇ ਆਧਾਰ ’ਤੇ ਅਹਿਤਿਆਤ ਵਜੋਂ ਉਸ ਇਲਾਕੇ ਵਿੱਚ ਗਸ਼ਤ ਵਧਾ ਦਿੱਤੀ ਗਈ ਹੈ ਅਤੇ ਕੜੀ ਨਿਗਰਾਣੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਪੁਲਸ ਆਪਣੇ ਪੱਧਰ ‘ਤੇ ਜਾਂਚ ਕਰ ਰਹੀ ਹੈ, ਜਿਸ ਦੇ ਮੁਕੰਮਲ ਹੋਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਮਾਮਲੇ ਦੀ ਗੰਭੀਰਤਾ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਵੱਲ਼ੋਂ ਮੁਲਾਜਮਾਂ ਦੀ ਗਿਣਤੀ ਦੱਸਣ ਤੋਂ ਵੀ ਪਰਹੇਜ ਕੀਤਾ ਗਿਆ।
ਇਸ ਦੇ ਨਾਲ ਹੀ ਇਹ ਵੀ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਅਗਰ ਸ਼ਿਕਾਇਤਕਰਤਾ ਵੱਲੋਂ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਤਾਂ ਹੋ ਸਕਦਾ ਹੈ ਕਿ ਪੁਲਿਸ ਨੂੰ ਪਹਿਲਾਂ ਫੜੇ ਗਏ ਕਿਸੇ ਗੈਂਗਸਟਰ ਨੇ ਕੋਈ ਟਿੱਪ ਦਿੱਤੀ ਹੋਵੇ। ਜਿਸ ਕਾਰਨ ਪੁਲਿਸ ਵੱਲੋਂ ਆਪਣੇ ਪੱਧਰ ‘ਤੇ ਇਹਤਿਆਤ ਵਰਤੀ ਜਾ ਰਹੀ ਹੋਵੇ।
ਪਰ ਇੱਥੇ ਇਹ ਦੱਸਣਾ ਵੀ ਬਹੁਤ ਜ਼ਰੂਰੀ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਕੁਝ ਲੋਕਾਂ ਨੇ ਫਰਜ਼ੀ ਕਾਲਾਂ ਰਾਹੀਂ ਮਸ਼ਹੂਰ ਲੋਕਾਂ ਤੋਂ ਫਿਰੌਤੀ ਮੰਗਣ ਨੂੰ ਆਪਣਾ ਧੰਦਾ ਬਣਾ ਲਿਆ ਹੈ। ਪੈਸੇ ਮਿਲੇ ਤਾਂ ਠੀਕ ਹੈ, ਨਹੀਂ ਤਾਂ ਫਰਜ਼ੀ ਕਾਲ ਰਾਹੀਂ ਉਹ ਫੜੇ ਨਹੀਂ ਜਾਂਦੇ। ਪਿਛਲੇ ਕੁੱਝ ਕੂ ਮਹੀਨੇਂ ਵਿੱਚ ਹੀ ਕਰੀਬ ਤਿੰਨ ਤੋਂ ਚਾਰ ਫਿਰੌਤੀ ਦੀਆਂ ਕਾਲਾਂ ਗੁਰਦਾਸਪੁਰ ਦੇ ਲੋਕਾਂ ਨੂੰ ਆ ਚੁਕਿਆਂ ਹਨ। ਜਿਹਨਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਉਹ ਲੱਗਭਗ ਫਰਜ਼ੀ ਨਿਕਲੀਆਂ। ਪੁਲਿਸ ਵੱਲੋਂ ਵੀ ਹੁਣ ਇਸ ਫਰਜ਼ੀ ਕਾਲ ਕਰਨ ਵਾਲੇ ਗਿਰੋਹ ਤੇ ਸ਼ਿਕੰਜਾ ਕੱਸਣ ਲਈ ਖੁੱਦ ਨੂੰ ਆਧੁਨਿਕ ਤਕਨੀਕ ਨਾਲ ਲੈਸ ਕੀਤਾ ਜਾ ਰਿਹਾ ਹੈ ਤਾਜੋ ਆਮ ਲੋਕਾਂ ਅੰਦਰ ਦਹਿਸ਼ਤ ਪਾਉਣ ਵਾਲੇ ਇਹ ਫਰਜ਼ੀ ਗੈਂਗਸਟਰ ਪੁਲਿਸ ਦੇ ਹੱਥੇ ਜਲਦੀ ਚੜ ਸਕਣ।