ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਵੱਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਕਣਕ ਦੀ ਵੰਡ ਦੀ ਅਚਨਚੇਤ ਚੈਕਿੰਗ

ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ,  ਏ.ਐਫ.ਐਸ.ਓ ਅਤੇ ਇੰਸਪੈਕਟਰਾਂ ਨਾਲ ਵੀ ਕੀਤੀ ਮੀਟਿੰਗ

ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਅਨਾਜ ਦੀ ਵੰਡ ਕਰਨ ਅਤੇ ਕਣਕ ਦੀ ਗੁਣਵੱਤਾ ਤੇ ਮਾਤਰਾ ਨੂੰ ਬਰਕਰਾਰ ਰੱਖਣ ਦੀ ਹਦਾਇਤ

ਗੁਰਦਾਸਪੁਰ, 6  ਜੁਲਾਈ ( ਮੰਨਣ ਸੈਣੀ )। ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਅੱਜ ਗੁਰਦਾਸਪੁਰ ਜਿਲੇ ਵਿਚ ਪਹੁੰਚੇ ਤੇ ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਕਣਕ ਦੀ ਵੰਡ ਦੀ ਅਚਨਚੇਤ ਚੈਕਿੰਗ ਕੀਤੀ।

ਉਨ੍ਹਾਂ ਨੇ ਕਾਲਾ ਅਫਗਾਨਾ ਕਸਬਾ ਜਿਲਾ ਗੁਰਦਾਸਪੁਰ ਵਿਖੇ ਡਿਪੂਆਂ ਦਾ ਨਿਰੀਖਣ ਕੀਤਾ ਅਤੇ ਡਿਪੂ ਹੋਲਡਰਾਂ ਨੂੰ ਕਣਕ ਦੀ ਗੁਣਵੱਤਾ, ਵਜ਼ਨ ਅਤੇ ਨਾ ਵਸੂਲੀ ਹੋਈ ਰਕਮ ਬਾਰੇ ਪੁੱਛਿਆ।

ਉਨ੍ਹਾਂ ਕਿਹਾ ਕਿ ਪੰਜਾਬ ਰਾਜ ਖੁਰਾਕ ਕਮਿਸ਼ਨ ਨੂੰ ਕੌਮੀ ਖੁਰਾਕ ਸੁਰੱਖਿਆ ਐਕਟ ਨੂੰ ਹੇਠਲੇ ਪੱਧਰ ‘ਤੇ ਲਾਗੂ ਕਰਨ ਅਤੇ ਇਸ ਐਕਟ ਤਹਿਤ ਲਾਭਪਾਤਰੀਆਂ ਨੂੰ ਅਨਾਜ ਉਪਲਬੱਧ ਕਰਵਾਉਣ ਨੂੰ ਯਕੀਨੀ ਬਣਾਉਣ ਦਾ ਜਿੰਮਾ ਸੌਂਪਿਆ ਗਿਆ।

ਦੱਤ ਨੇ ਸਬੰਧਤ ਵਿਭਾਗ ਦੇ ਸਟਾਫ਼ ਨੂੰ ਇਹ ਵੀ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਅਨਾਜ ਦੀ ਵੰਡ ਕੀਤੀ ਜਾ ਰਹੀ ਹੈ ਅਤੇ ਕਣਕ ਦੀ ਗੁਣਵੱਤਾ ਅਤੇ ਮਾਤਰਾ ਨੂੰ ਬਰਕਰਾਰ ਰੱਖਣ ਵਿਚ ਕਿਸੇ ਤਰ੍ਹਾਂ ਦੀ ਅਣਗਹਿਲੀ ਨਾ ਹੋਵੇ। ਉਨ੍ਹਾਂ ਕਿਹਾ ਕਿ ਇਸ ਐਕਟ ਨੂੰ ਲਾਗੂ ਕਰਨ ਵਿੱਚ ਕੋਈ ਕਮੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਹਰੇਕ ਲਾਭਪਾਤਰੀ ਲਈ 5 ਕਿਲੋਗ੍ਰਾਮ ਕਣਕ ਦਾ ਕੋਟਾ ਨਿਰਧਾਰਤ ਕੀਤਾ ਗਿਆ  ਅਤੇ ਉਨ੍ਹਾਂ ਨੂੰ 6 ਮਹੀਨਿਆਂ ਦੇ ਸਟਾਕ ਵਜੋਂ 30 ਕਿਲੋਗ੍ਰਾਮ ਕਣਕ ਮਿਲ ਰਹੀ ਹੈ।

ਸਰਕਾਰੀ ਰਾਸ਼ਨ ਡਿਪੂ ਦੇ ਬਾਹਰ ਕੋਈ ਬੋਰਡ ਨਹੀਂ ਲੱਗਾ ਸੀ, ਜਿਸ ’ਤੇ ਕਮਿਸ਼ਨ ਮੈਂਬਰ ਦੱਤ ਨੇ ਸਾਰੇ ਡਿਪੂਆਂ ਦੇ ਬਾਹਰ ਬੋਰਡ ਲਾਉਣ ਲਈ ਕਿਹਾ। ਅਤੇ ਪੰਜਾਬ ਰਾਜ ਖੁਰਾਕ ਕਮਿਸ਼ਨ ਵਿੱਚ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਤਹਿਤ ਸ਼ਿਕਾਇਤਾਂ ਕਰਨ ਲਈ ਸ਼ਿਕਾਇਤ ਨੰਬਰ 9876764545 ਦਾ ਬੋਰਡ ਲਗਾਉਣ ਲਈ ਵੀ ਸਖ਼ਤ ਹਦਾਇਤ ਜਾਰੀ ਕੀਤੀ।

ਦੱਤ ਨੇ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਸੁਖਜਿੰਦਰ ਸਿੰਘ, ਏ.ਐਫ.ਐਸ.ਓ ਅਤੇ ਇੰਸਪੈਕਟਰਾਂ ਨਾਲ ਵੀ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਪੀਣ ਵਾਲੇ ਪਾਣੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸਮਾਜਿਕ ਦੂਰੀ ਦਾ ਧਿਆਨ ਰੱਖਣ ਦੇ ਨਿਰਦੇਸ਼ ਦਿੱਤੇ। ਦੱਤ ਨੇ ਕਣਕ ਪ੍ਰਾਪਤ ਕਰਨ ਆਏ ਲਾਭਪਾਤਰੀਆਂ ਨਾਲ ਵੀ ਗੱਲਬਾਤ ਕੀਤੀ।

Print Friendly, PDF & Email
www.thepunjabwire.com Contact for news and advt :-9814147333