ਕ੍ਰਾਇਮ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਪਟਵਾਰੀ ਸਮੇਤ ਤਿੰਨ ਗ੍ਰਿਫ਼ਤਾਰ: ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਮਿਲੀਆਂ ਸਨ ਸ਼ਿਕਾਇਤਾਂ

ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਪਟਵਾਰੀ ਸਮੇਤ ਤਿੰਨ ਗ੍ਰਿਫ਼ਤਾਰ: ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਮਿਲੀਆਂ ਸਨ ਸ਼ਿਕਾਇਤਾਂ
  • PublishedJuly 1, 2022

ਜਲੰਧਰ ਅਤੇ ਲੁਧਿਆਣਾ ਵਿੱਚ ਦੋ ਐਫਆਈਆਰਜ਼ ਦਰਜ

ਪਿਛਲੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਡੀਡ ਰਾਈਟਰ ਨੂੰ ਵੀ ਕੀਤਾ ਗ੍ਰਿਫਤਾਰ

ਭ੍ਰਿਸ਼ਟਾਚਾਰ ਦੀ ਸੂਚਨਾ ਦੇਣ ਲਈ ਲੋਕ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਨੰਬਰ ‘9501200200’ ਕਰ ਸਕਦੇ ਹਨ ਡਾਇਲ

ਚੰਡੀਗੜ੍ਹ, 1 ਜੁਲਾਈ ( ਦ ਪੰਜਾਬ ਵਾਇਰ)। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਸੂਬੇ ਦੀ ਪ੍ਰਸ਼ਾਸਨਿਕ ਪ੍ਰਣਾਲੀ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਹੈ, ਜਿਸ ਤਹਿਤ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਮਿਲੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਦੋ ਨਵੀਆਂ ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਪਟਵਾਰੀ ਅਤੇ ਡੀਡ ਰਾਈਟਰ ਸਮੇਤ ਤਿੰਨ ਵਿਅਕਤੀਆਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਵਰਿੰਦਰ ਕੁਮਾਰ ਨੇ ਅੱਜ ਦਿੱਤੀ।

ਪਹਿਲੇ ਮਾਮਲੇ ਵਿੱਚ ਬੰਗਾ ਵਿਖੇ ਤਾਇਨਾਤ ਪਟਵਾਰੀ ਮਾਨਵਦੀਪ ਸਿੰਘ ਅਤੇ ਉਸ ਦੇ ਸਾਥੀ ਨਵਜੋਤ ਕੁਮਾਰ ਉਰਫ਼ ਲਵੀ ਨੂੰ ਸ਼ਿਕਾਇਤਕਰਤਾ ਤੋਂ ਜ਼ਮੀਨ ਦੇ ਤਬਾਦਲੇ ਦੇ ਇੰਤਕਾਲ ਦਰਜ ਕਰਵਾਉਣ ਦੇ ਬਦਲੇ 2000 ਰੁਪਏ ਦੀ ਨਜਾਇਜ਼ ਰਿਸ਼ਵਤ ਲੈਣ ਦੇ ਦੋਸ਼ ਵਿੱਚ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਸਬੰਧੀ ਥਾਣਾ ਵਿਜੀਲੈਂਸ ਬਿਊਰੋ, ਰੇਂਜ ਜਲੰਧਰ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਤੇ 7-ਏ ਤਹਿਤ ਐਫਆਈਆਰ ਨੰਬਰ 9 ਮਿਤੀ 30 ਜੂਨ, 2022 ਦਰਜ ਕੀਤੀ ਗਈ ਹੈ।

ਇੱਕ ਹੋਰ ਮਾਮਲੇ ਵਿੱਚ ਲੁਧਿਆਣਾ ਕਮਿਸ਼ਨਰੇਟ ਦੇ ਥਾਣਾ ਦੁੱਗਰੀ ਵਿੱਚ ਤਾਇਨਾਤ ਏ.ਐਸ.ਆਈ. ਮਨਜੀਤ ਸਿੰਘ ਖਿਲਾਫ ਸ਼ਿਕਾਇਤਕਰਤਾ ਦੇ ਵਿਰੁੱਧ ਹੋਏ ਇੱਕ ਪੁਰਾਣੇ ਕੇਸ ਦੇ ਸਬੰਧ ਵਿੱਚ ਅਦਾਲਤ ‘ਚ ਚਲਾਨ ਪੇਸ਼ ਕਰਨ ਬਦਲੇ 1500 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਏਐਸਆਈ ਸ਼ਿਕਾਇਤਕਰਤਾ ਤੋਂ 3000 ਰੁਪਏ ਹੋਰ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਇਸ ਸਬੰਧੀ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ ਐਫ.ਆਈ.ਆਰ ਨੰਬਰ 7 ਮਿਤੀ 28.06.2022 ਥਾਣਾ ਵਿਜੀਲੈਂਸ ਬਿਊਰੋ, ਲੁਧਿਆਣਾ ਵਿਖੇ ਦਰਜ ਕੀਤੀ ਗਈ ਹੈ ਅਤੇ ਪੁਲਿਸ ਦੋਸ਼ੀ ਏ.ਐਸ.ਆਈ. ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।

ਇਸ ਤੋਂ ਇਲਾਵਾ ਵਿਜੀਲੈਂਸ ਬਿਊਰੋ ਦੀਆਂ ਟੀਮਾਂ ਨੇ ਵੀਰਵਾਰ ਨੂੰ ਤਹਿਸੀਲ ਦਫ਼ਤਰ ਜਲੰਧਰ ਵਿਖੇ ਤਾਇਨਾਤ ਡੀਡ ਰਾਈਟਰ (ਆਰਜ਼ੀ ਨਵੀਸ) ਮੁਕੁਲ ਗੁਪਤਾ ਨੂੰ ਵੀ ਭ੍ਰਿਸ਼ਟਾਚਾਰ ਦੇ ਪਿਛਲੇ ਇੱਕ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ, ਜਿਸ ਵਿੱਚ ਉਸ ਨੇ ਸ਼ਿਕਾਇਤਕਰਤਾ ਦੇ ਪਲਾਟ ਦੀ ਬਿਨਾਂ ਐਨਓਸੀ ਦੇ ਰਜਿਸਟਰੀ ਕਰਵਾਉਣ ਬਦਲੇ 20,000 ਰੁਪਏ ਦੀ ਗੈਰ-ਕਾਨੂੰਨੀ ਰਕਮ ਵਸੂਲ ਕੀਤੀ ਸੀ। ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7ਏ ਤਹਿਤ ਮੁਕੱਦਮਾ ਨੰਬਰ 08 ਮਿਤੀ 10.06.2022 ਨੂੰ ਥਾਣਾ ਵਿਜੀਲੈਂਸ ਬਿਊਰੋ, ਰੇਂਜ ਜਲੰਧਰ ਵਿਖੇ ਦਰਜ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ 9501200200 ਦੀ ਸ਼ੁਰੂਆਤ ਕੀਤੀ ਅਤੇ ਪੰਜਾਬ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਨਾਲ ਸਬੰਧਤ ਸ਼ਿਕਾਇਤਾਂ ਵਟਸਪਐਪ ਰਾਹੀਂ ਸਾਂਝੀਆਂ ਕਰਨ ਦੀ ਅਪੀਲ ਕੀਤੀ ਤਾਂ ਜੋ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਇਆ ਜਾ ਸਕੇ। ਹੈਲਪਲਾਈਨ ਨੰਬਰ ਸ਼ੁਰੂ ਹੋਣ ਤੋਂ ਬਾਅਦ ਸੂਬੇ ਦੇ ਸਿਹਤ ਮੰਤਰੀ ਵਿਜੈ ਸਿੰਗਲਾ, ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ, ਆਈਏਐਸ ਅਧਿਕਾਰੀ ਸੰਜੇ ਪੋਪਲੀ ਸਮੇਤ ਕਈ ਨਾਮੀ ਲੋਕਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।

Written By
The Punjab Wire