ਮੁੱਖ ਖ਼ਬਰ

ਰਮਨ ਬਹਿਲ ਦੇ ਯਤਨਾ ਸਦਕਾ ਗੁਰਦਾਸਪੁਰ ਨੇਡ਼ਲੇ ਚਾਰ ਪਿੰਡਾਂ ਨੂੰ ਮਿਲੀ ਵੱਡੀ ਰਾਹਤ, 1000 ਘਰਾਂ ਨੂੰ ਮਿਲੇਗੀ 24 ਘੰਟੇ ਬਿਜਲੀ ਸਪਲਾਈ, ਹੁਣ ਨਹੀਂ ਲਗਣਗੇ ਬਿਜਲੀ ਕੱਟ

ਰਮਨ ਬਹਿਲ ਦੇ ਯਤਨਾ ਸਦਕਾ ਗੁਰਦਾਸਪੁਰ ਨੇਡ਼ਲੇ ਚਾਰ ਪਿੰਡਾਂ ਨੂੰ ਮਿਲੀ ਵੱਡੀ ਰਾਹਤ, 1000 ਘਰਾਂ ਨੂੰ ਮਿਲੇਗੀ 24 ਘੰਟੇ ਬਿਜਲੀ ਸਪਲਾਈ, ਹੁਣ ਨਹੀਂ ਲਗਣਗੇ ਬਿਜਲੀ ਕੱਟ
  • PublishedJune 30, 2022

ਗੁਰਦਾਸਪੁਰ, 30 ਜੂਨ (ਮੰਨਣ ਸੈਣੀ)। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਦਿਆਂ ਅੱਜ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਇੰਚਾਰਜ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਨੇ ਗੁਰਦਾਸਪੁਰ ਸ਼ਹਿਰ ਨਾਲ ਲਗਦੇ 4 ਪਿੰਡਾਂ ਦੇ ਲੋਕਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ। ਇਸ ਤਹਿਤ ਅੱਜ ਰਮਨ ਬਹਿਲ ਦੇ ਉਪਰਾਲਿਆਂ ਸਦਕਾ ਪਾਵਰਕਾਮ ਨੇ ਗੁਰਦਾਸਪੁਰ ਸ਼ਹਿਰ ਵਿਚ ਨਗਰ ਕੌਂਸਲ ਦੀ ਹੱਦ ਵਿੱਚ ਕੁਝ ਸਾਲ ਪਹਿਲਾਂ ਸ਼ਾਮਲ ਕੀਤੇ ਗਏ ਪਿੰਡ ਔਜਲਾ, ਔਜਲਾ ਕਲੋਨੀ, ਕੋਠੇ ਅਤੇ ਘਰਾਲਾ ਨੂੰ ਗੁਰਦਾਸਪੁਰ ਸ਼ਹਿਰ ਦੀ ਚੌਵੀ ਘੰਟੇ ਬਿਜਲੀ ਸਪਲਾਈ ਨਾਲ ਜੋੜ ਦਿੱਤਾ ਹੈ।

ਇਸ ਸਬੰਧ ਵਿਚ ਅੱਜ ਗੁਰਦਾਸਪੁਰ ਦੇ ਨਗਰ ਸੁਧਾਰ ਟਰੱਸਟ ਸਕੀਮ ਨੰਬਰ 7 ਦੇ ਬਿਜਲੀ ਘਰ ਵਿਚ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਰਮਨ ਬਹਿਲ ਨੇ ਕਿਹਾ ਪਿਛਲੀਆਂ ਸਰਕਾਰਾਂ ਨੇ ਇਨ੍ਹਾਂ ਚਾਰ ਪਿੰਡਾਂ ਨੂੰ ਗੁਰਦਾਸਪੁਰ ਨਗਰ ਕੌਂਸਲ ਦੀ ਹੱਦ ਵਿੱਚ ਸ਼ਾਮਲ ਤਾਂ ਕਰ ਦਿੱਤਾ ਸੀ। ਪਰ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਨਹੀਂ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਲੋਕ ਮੰਗ ਕਰ ਰਹੇ ਸਨ ਕਿ ਪਿੰਡਾਂ ਦੀ ਬਿਜਲੀ ਸਪਲਾਈ 24 ਘੰਟੇ ਫੀਡਰ ਨਾਲ ਜੋਡ਼ੀ ਜਾਵੇ ਜਿਸ ਦੇ ਬਾਅਦ ਉਨ੍ਹਾਂ ਨੇ ਇਹ ਮਾਮਲਾ ਪਾਵਰਕਾਮ ਦੇ ਸੁਪਰਡੈਂਟ ਇੰਜੀਨੀਅਰ ਅਰਵਿੰਦਰਜੀਤ ਸਿੰਘ ਬੋਪਾਰਾਏ ਨਾਲ ਸਾਂਝਾ ਕੀਤਾ ਅਤੇ ਪਾਵਰਕਾਮ ਨੇ ਹੁਣ ਇਨਾਂ ਪਿੰਡਾਂ ਨੂੰ 24 ਘੰਟੇ ਬਿਜਲੀ ਸਪਲਾਈ ਨਾਲ ਜੋੜ ਦਿੱਤਾ ਹੈ।

ਉਨ੍ਹਾਂ ਦੱਸਿਆ ਕਿ ਇਸ ਕੰਮ ਲਈ 7.96 ਲੱਖ ਤੋਂ ਜ਼ਿਆਦਾ ਖਰਚ ਆਇਆ ਹੈ ਅਤੇ ਹੁਣ ਇਨ੍ਹਾਂ ਪਿੰਡਾਂ ਦੇ ਕਰੀਬ 1000 ਘਰਾਂ ਨੂੰ 24 ਘੰਟੇ ਬਿਜਲੀ ਸਪਲਾਈ ਮਿਲਣੀ ਸ਼ੁਰੂ ਹੋ ਗਈ ਹੈ। ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਪਿੰਡਾਂ ਦੇ ਲੋਕਾਂ ਦੀਆਂ ਹੋਰ ਜੋ ਵੀ ਮੁਸ਼ਕਿਲਾ ਹਨ ਉਹ ਪੂਰੀ ਤਰ੍ਹਾਂ ਖ਼ਤਮ ਕਰ ਦਿੱਤੀਆਂ ਜਾਣਗੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਮਨ ਬਹਿਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਵਿੱਚ ਕਿਸਾਨ ਅਤੇ ਆਮ ਲੋਕ ਗਰਮੀ ਦੇ ਦਿਨਾਂ ਵਿੱਚ ਬਿਜਲੀ ਦੀ ਕਿੱਲਤ ਨਾਲ ਜੂਝਦੇ ਰਹੇ ਸਨ। ਇਸ ਤਹਿਤ ਪਿਛਲੇ ਸਾਲ ਪੰਜਾਬ ਅੰਦਰ 1 ਜੁਲਾਈ 2021 ਨੂੰ 3066 ਲੱਖ ਯੂਨਿਟ ਬਿਜਲੀ ਸਪਲਾਈ ਦੀ ਖਪਤ ਹੋਈ ਸੀ ਜਦੋਂ ਕਿ ਇਸ ਸਾਲ ਪੰਜਾਬ ਦੇ ਲੋਕਾਂ ਨੂੰ 29 ਜੂਨ 2022 ਨੂੰ 3265 ਲੱਖ ਯੂਨਿਟ ਬਿਜਲੀ ਸਪਲਾਈ ਦਿੱਤੀ ਗਈ ਹੈ। ਇਹ ਵਾਧਾ 6:49 ਫ਼ੀਸਦੀ ਹੈ। ਬਹਿਲ ਨੇ ਕਿਹਾ ਕਿ ਪਿਛਲੇ ਸਾਲ 1 ਜੁਲਾਈ 2021 ਨੂੰ ਪੰਜਾਬ ਅੰਦਰ 13431 ਮੈਗਾਵਾਟ ਬਿਜਲੀ ਸਪਲਾਈ ਦੀ ਮੰਗ ਸੀ ਜਦੋਂਕਿ ਇਸ ਸਾਲ 29 ਜੂਨ ਨੂੰ ਦੁਪਹਿਰ 12:15 ਵਜੇ 14207 ਮੈਗਾਵਾਟ ਬਿਜਲੀ ਦੀ ਮੰਗ ਸੀ ਜਿਸ ਨੂੰ ਪਾਵਰਕਾਮ ਨੇ ਬਾਖੂਬੀ ਪੂਰਾ ਕੀਤਾ ਹੈ ਅਤੇ ਕਿਤੇ ਵੀ ਬਿਜਲੀ ਦਾ ਕੱਟ ਨਹੀਂ ਲੱਗਣ ਦਿੱਤਾ।

ਇਸ ਤੋਂ ਸਾਫ ਹੁੰਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਬਿਜਲੀ ਸਪਲਾਈ ਨੂੰ ਬਿਹਤਰ ਬਣਾਉਣ ਲਈ ਕਿੰਨੇ ਵੱਡੇ ਪੱਧਰ ਤੇ ਉਪਰਾਲੇ ਕਰ ਰਹੀ ਹੈ। ਇਸ ਦਾ ਹੀ ਨਤੀਜਾ ਹੈ ਕਿ ਇਸ ਸਾਲ ਕਿਸਾਨਾਂ ਨੂੰ ਝੋਨਾ ਲਾਉਣ ਲਈ ਅੱਠ ਘੰਟੇ ਦੀ ਬਜਾਏ ਬੇਹਿਸਾਬ ਬਿਜਲੀ ਮਿਲ ਰਹੀ ਹੈ। ਇਸ ਮੌਕੇ ਪਾਵਰਕਾਮ ਦੇ ਐਸਈ ਇੰਜੀ ਅਰਵਿੰਦਰਜੀਤ ਸਿੰਘ ਬੋਪਾਰਾਏ ਨੇ ਕਿਹਾ ਕਿ ਬਿਜਲੀ ਦੀ ਸਪਲਾਈ ਨੂੰ ਹੋਰ ਸੁਚਾਰੂ ਰੂਪ ਵਿੱਚ ਯਕੀਨੀ ਬਣਾਉਣ ਲਈ ਜਿਹੜੇ ਟਰਾਂਸਫਾਰਮਰ ਓਵਰਲੋਡ ਚੱਲ ਰਹੇ ਹਨ ਉਨਾਂ ਨੂੰ ਅੰਡਰਲੋਡ ਕੀਤਾ ਜਾ ਰਿਹਾ ਹੈ ਅਤੇ ਵੱਡੇ ਬਿਜਲੀ ਘਰਾਂ ਦੀ ਸਮਰੱਥਾ ਵੀ ਲੋਡ਼ ਅਨੁਸਾਰ ਵਧਾਈ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਟਰਾਂਸਫਾਰਮਰਾਂ ਦੇ ਨਾਲ ਨਾਲ ਬਿਜਲੀ ਲਾਈਨਾਂ ਵਿੱਚ ਵੀ ਵੱਡੇ ਪੱਧਰ ਤੇ ਸੁਧਾਰ ਕੀਤਾ ਗਿਆ ਹੈ। ਇਸ ਮੌਕੇ ਵੱਡੇ ਇਕੱਠ ਦੌਰਾਨ ਇਨ੍ਹਾਂ 4 ਪਿੰਡਾਂ ਤੋਂ ਪਹੁੰਚੇ ਲੋਕਾਂ ਅਤੇ ਮੋਹਤਬਰਾਂ ਨੇ ਰਮਨ ਬਹਿਲ ਅਤੇ ਪਾਵਰਕਾਮ ਦੇ ਨਾਲ ਨਾਲ ਪੰਜਾਬ ਸਰਕਾਰ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰਮਨ ਬਹਿਲ ਦੇ ਉਪਰਾਲੇ ਸਦਕਾ ਉਨ੍ਹਾਂ ਦੀ ਇਹ ਲਟਕਦੀ ਮੰਗ ਨੂੰ ਪੂਰਾ ਕੀਤਾ ਹੈ ਜਿਸ ਕਾਰਨ ਇਨ੍ਹਾਂ ਪਿੰਡਾਂ ਦੇ ਲੋਕ ਰਮਨ ਬਹਿਲ ਇਥੇ ਸਰਕਾਰ ਦੇ ਰਿਣੀ ਰਹਿਣਗੇ। ਇਸ ਮੌਕੇ ਭਾਰਤ ਭੂਸ਼ਣ ਸ਼ਰਮਾ, ਐਕਸੀਅਨ ਕੁਲਦੀਪ ਸਿੰਘ, ਸੁੱਚਾ ਸਿੰਘ ਮੁਲਤਾਨੀ, ਨੰਬਰਦਾਰ ਰਣਜੀਤ ਸਿੰਘ ਸਮੇਤ ਵੱਖ ਵੱਖ ਪਿੰਡਾਂ ਦੇ ਲੋਕ ਅਤੇ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਵੱਡੀ ਗਿਣਤੀ ਵਿਚ ਮੌਜੂਦ ਸਨ।

Written By
The Punjab Wire