ਗ੍ਰਿਫ਼ਤਾਰ ਕੀਤੇ ਡਾਕਟਰਾਂ ਦੇ ਸਮਰਖਨ ਵਿੱਚ ਆਇਆਂ ਮੈਡੀਕਲ ਐਸੋਸਿਏਸ਼ਨਾਂ, ਮਾਮਲਾ ਰੱਦ ਕਰਨ ਸਬੰਧੀ ਐਸਐਸਪੀ ਨੂੰ ਦਿੱਤਾ ਮੰਗ ਪੱਤਰ
ਗੁਰਦਾਸਪੁਰ, 30 ਜੂਨ (ਮੰਨਣ ਸੈਣੀ)। ਗੁਰਦਾਸਪੁਰ ਦੇ ਸਿਵਲ ਲਾਇਨ ਰੋਡ ਤੇ ਸਥਿਤ ਨਿੱਜੀ ਹਸਪਤਾਲ ਵਿੱਚ ਸਰਕਾਰੀ ਅਧਿਆਪਿਕਾ ਦੀ ਮੌਤ ਦੇ ਮਾਮਲੇ ਨੇ ਤੂਲ ਫੜ ਲਿਆ ਹੈ। ਮਹਿਲਾ ਅਧਿਆਪਕ ਦੇ ਮੌਤ ਦੇ ਮਾਮਲੇ ਚ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੇ ਵਿਰੋਧ ਵਿੱਚ ਅਤੇ ਗ੍ਰਿਫ਼ਤਾਰ ਕੀਤੇ ਗਏ ਤਿੰਨ ਡਾਕਟਰਾਂ ਦੇ ਹੱਕ ਵਿੱਚ ਗੁਰਦਾਸਪੁਰ ਸ਼ਹਿਰ ਦੇ ਸਾਰੇ ਹਸਪਤਾਲ ਅਮਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਗਏ ਹਨ। ਪੁਲਿਸ ਵੱਲੋਂ ਦਰਜ ਕੀਤੇ ਗਏ ਮਾਮਲੇ ਦੇ ਖਿਲਾਫ਼ ਇੰਡਿਅਨ ਮੈਡੀਕਲ ਐਸੋਸਿਏਸ਼ਨ (IMA), ਇੰਡਿਅਨ ਡੈਂਟਲ ਐਸੋਸਿਏਸ਼ਨ (IDA) ਅਤੇ ਪ੍ਰਾਇਵੇਟ ਡਾਕਟਰਜ਼ ਐਸੋਸਿਏਸ਼ਨ (PDA) ਨੇ ਕਮਾਨ ਸੰਭਾਲੀ ਹੈ। ਜਿਨ੍ਹਾਂ ਵੱਲੋਂ ਵੀਰਵਾਰ ਤੋਂ ਅਣਮਿੱਥੇ ਸਮੇਂ ਲਈ ਪੂਰਨ ਤੋਰ ਤੇ ਕੰਮਕਾਜ਼ ਠੱਪ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਉਕਤ ਐਸੋਸਿਏਸ਼ਨਾਂ ਦੇ ਮੈਂਬਰਾਂ ਵੱਲੋਂ ਗੁਰਦਾਸਪੁਰ ਦੇ ਐਸਐਸਪੀ ਹਰਜੀਤ ਸਿੰਘ ਨੂੰ ਮੰਗ ਪੱਤਰ ਸੌਪਿਆ ਗਿਆ ਅਤੇ ਮੰਗ ਕੀਤੀ ਗਈ ਕਿ ਡਾਕਟਰਾਂ ਖਿਲਾਫ਼ ਕੀਤੀ ਗਈ ਐਫ.ਆਈ.ਆਰ ਰੱਦ ਕੀਤੀ ਜਾਵੇਂ। ਦੱਸਣਯੋਗ ਹੈ ਕਿ ਗੁਰਦਾਸਪੁਰ ਸਿਟੀ ਪੁਲਿਸ ਵੱਲੋਂ ਤਿੰਨ ਡਾਕਟਰਾਂ ਖਿਲਾਫ਼ ਧਾਰਾ 304,34 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਐਸਐਸਪੀ ਹਰਜੀਤ ਸਿੰਘ ਨੂੰ ਸੌਪੇ ਗਏ ਮੰਗ ਪੱਤਰ ਵਿੱਚ ਐਸਐਸਪੀ ਨੂੰ ਬੇਨਤੀ ਕੀਤੀ ਗਈ ਕਿ ਉਕਤ ਐਫਆਈਆਰ ਸੁਖਰਾਜ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ, ਜੇਲ੍ਹ ਰੋਡ ਗੁਰਦਾਸਪੁਰ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਵੱਲੋਂ ਦਰਜ ਕੀਤੀ ਗਈ ਹੈ। ਜਿਸ ਵਿੱਚ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਉਸਦੀ ਪਤਨੀ ਦਾ ਪਿੱਤੇ ਦੀ ਪੱਥਰੀ ਲਈ ਭਾਟੀਆ ਹਸਪਤਾਲ ਗੁਰਦਾਸਪੁਰ ਵਿਖੇ ਆਪ੍ਰੇਸ਼ਨ ਕੀਤਾ ਗਿਆ ਸੀ। ਡਾ: ਐਚ.ਐਸ.ਭਾਟੀਆ ਅਤੇ ਡਾ: ਮਨਜੀਤ ਸਿੰਘ ਵੱਲੋਂ ਕੀਤੀ ਗਈ ਪਰ ਡਾਕਟਰਾਂ ਦੀ ਅਣਗਹਿਲੀ ਕਾਰਨ ਉਸ ਦੀ ਮੌਤ ਹੋ ਗਈ। ਡਾਕਟਰਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਪਰੋਕਤ ਦੋਵੇਂ ਡਾਕਟਰਾਂ ਅਤੇ ਡਾ. ਐਚ.ਐਸ .ਭਾਟੀਆ ਦੇ ਪੁੱਤਰ ਡਾ. ਜੋਰਾਵਰ ਸਿੰਘ ਭਾਟੀਆ ਨੂੰ ਪੁਲਿਸ ਵੱਲੋਂ ਐਫਆਈਆਰ ਦਰਜ ਹੋਣ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਹੁਣ ਉਹ ਸਾਰੇ ਨਿਆਂਇਕ ਹਿਰਾਸਤ ਵਿੱਚ ਹਨ।
ਮੈਂਬਰਾਂ ਨੇ ਕਿਹਾ ਕਿ ਉਪਰੋਕਤ ਕੇਸ ਦਾ ਦਰਜ ਹੋਣਾ ਕਾਨੂੰਨ ਦੀ ਸ਼ਰੇਆਮ ਦੁਰਵਰਤੋਂ ਹੈ ਅਤੇ ਇਸ ਤੋਂ ਇਲਾਵਾ ਡਾਕਟਰਾਂ ਦੀ ਗ੍ਰਿਫਤਾਰੀ ਵੀ ਗਲਤ ਹੈ । ਸਬੰਧਤ ਪੁਲਿਸ ਅਧਿਕਾਰੀਆਂ ਨੇ ਮਾਨਯੋਗ ਸੁਪਰੀਮ ਕੋਰਟ ਅਤੇ ਦੇਸ਼ ਦੀਆਂ ਹਾਈਕੋਰਟਾਂ ਦੁਆਰਾ ਤੈਅ ਕੀਤੇ ਕਾਨੂੰਨ ਦੀ ਬਿਲਕੁਲ ਵੀ ਪ੍ਰਵਾਹ ਨਹੀਂ ਕੀਤੀ। ਵੱਖ-ਵੱਖ ਫੈਸਲਿਆਂ ਰਾਹੀਂ ਇਸ ਕਿਸਮ ਦੇ ਕੇਸ ਇਸ ਤੋਂ ਇਲਾਵਾ ਉਪਰੋਕਤ ਡਾਕਟਰਾਂ ਵਿਰੁੱਧ ਕੋਈ ਵੀ ਦੋਸ਼ਪੂਰਨ ਸਬੂਤ ਨਾ ਹੋਣ ‘ਤੇ ਪੁਲਿਸ ਨੇ ਡਾਕਟਰੀ ਸਲਾਹ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਤੱਥਾਂ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ । ਪੁਲਿਸ ਵੱਲੋ ਗਲਤ ਤਰੀਕੇ ਨਾਲ ਐਫਆਈਆਰ ਦਰਜ ਕਰਕੇ ਡਾਕਟਰਾਂ ਨੂੰ 304 ਆਈ.ਪੀ.ਸੀ. ਦੇ ਤਹਿਤ ਗ੍ਰਿਫਤਾਰ ਕਰ ਲਿਆ, ਹਾਲਾਂਕਿ ਮਾਮਲਾ ਇਸ ਵਿਚ ਨਹੀਂ ਆਉਂਦਾ। ਜਿਸਦੇ ਚਲਦਿਆਂ ਉਪਰੋਕਤ ਐਫਆਈਆਰ ਰੱਦ ਕੀਤੀ ਜਾਵੇ ਅਤੇ ਡਾ: ਐਚ.ਐਸ.ਭਾਟੀਆ, ਡਾ: ਮਨਜੀਤ ਸਿੰਘ ਬੱਬਰ ਅਤੇ ਡਾ: ਜੋਰਾਵਰ ਸਿੰਘ ਭਾਟੀਆ ਦੀ ਨਿਆਂਇਕ ਹਿਰਾਸਤ ਤੋਂ ਰਿਹਾਈ ਲਈ ਤੁਰੰਤ ਕਦਮ ਚੁੱਕੇ ਜਾਣ।
ਇਸ ਮੌਤੇ ਤੇ ਆਈ.ਐਮ.ਏ ਦੇ ਪ੍ਰਧਾਨ ਡਾ.ਬੀ.ਐਸ.ਬਾਜਵਾ ਨੇ ਦੱਸਿਆ ਕਿ ਪੁਲਿਸ ਤਰਫੋਂ ਡਾਕਟਰਾਂ ਖਿਲਾਫ ਧਾਰਾ 304 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪਰ ਮੈਡੀਕਲ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਡਾਕਟਰ ਨੂੰ ਧਾਰਾ 304 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪਰ ਸੁਪਰੀਮ ਕੋਰਟ ਦਾ ਦਿਸ਼ਾ-ਨਿਰਦੇਸ਼ ਹੈ ਕਿ ਜੇਕਰ ਕਿਸੇ ਹਸਪਤਾਲ ‘ਚ ਮੌਤ ਹੁੰਦੀ ਹੈ ਤਾਂ ਉਸ ਦੀ ਮੈਡੀਕਲ ਰਿਪੋਰਟ ਕੀਤੀ ਜਾਵੇ। ਉਸ ਦੇ ਤੱਥਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਪਰ ਇਸ ਮਾਮਲੇ ਵਿੱਚ ਕੋਈ ਮੈਡੀਕਲ ਰਿਪੋਰਟ ਜਾਂ ਸਲਾਹ ਨਹੀਂ ਲਈ ਗਈ ਹੈ। ਪਰ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਐਸੋਸੀਏਸ਼ਨ ਨੂੰ ਮ੍ਰਿਤਕ ਔਰਤ ਦੇ ਪਰਿਵਾਰ ਨਾਲ ਪੂਰੀ ਹਮਦਰਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਡਾਕਟਰ ਨਹੀਂ ਚਾਹੁੰਦਾ ਕਿ ਇਲਾਜ ਲਈ ਆਏ ਮਰੀਜ਼ ਦੀ ਮੌਤ ਹੋ ਜਾਵੇ। ਪਰ ਮੌਤ ਅਤੇ ਜ਼ਿੰਦਗੀ ਡਾਕਟਰ ਦੇ ਹੱਥ ਵਿੱਚ ਨਹੀਂ ਹੈ, ਪਰ ਡਾਕਟਰ ਉਸ ਨੂੰ ਬਚਾਉਣ ਲਈ ਆਪਣੇ ਪੱਧਰ ‘ਤੇ ਕੋਸ਼ਿਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਡਾਕਟਰ ਬੇਕਸੂਰ ਜਾਂ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿੱਚ ਕੋਈ ਅੜਿੱਕਾ ਨਹੀਂ ਪਾਇਆ ਜਾਣਾ ਚਾਹੀਦਾ। ਪਰ ਜੋ ਕਾਰਵਾਈ ਹੋਈ ਹੈ, ਉਹ ਨਿਯਮਾਂ ਤੋਂ ਬਾਹਰ ਹੋ ਕੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਓਪੀਡੀ ਅਤੇ ਐਮਰਜੈਂਸੀ ਸੇਵਾਵਾਂ ਬੰਦ ਰਹਿਣਗੀਆਂ। ਜਦੋਂ ਤੱਕ ਗ੍ਰਿਫਤਾਰ ਡਾਕਟਰਾਂ ਨੂੰ ਇਨਸਾਫ ਨਹੀਂ ਮਿਲਦਾ।
ਇਸ ਮੌਕੇ ਤੇ PDA ਦੇ ਪ੍ਰਧਾਨ ਡਾ ਐਚ.ਐਸ.ਕਲੇਰ, IDA ਦੇ ਪ੍ਰਧਾਨ ਡਾ ਐਸਪੀ ਸਿੰਘ, ਡਾ ਐਚ.ਐਸ.ਢਿੱਲੋ, ਡਾ ਪਾਇਲ ਅਰੋੜਾ, ਡਾ ਚੇਤਨ ਨੰਦਾ, ਡਾ ਗੁਰਖੇਲ ਸਿੰਘ ਕਲਸੀ, ਡਾ ਰੋਮਿੰਦਰ ਕਲੇਰ, ਡਾ ਐਚ.ਐਸ.ਬੱਬਰ ਆਦਿ ਸਮੂਹ ਸ਼ਹਿਰ ਦੇ ਡਾਕਟਰ ਸ਼ਾਮਿਲ ਸਨ।