ਗੁਰਦਾਸਪੁਰ, 29 ਜੂਨ (ਮੰਨਣ ਸੈਣੀ)। ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਵੱਲੋਂ ਪਿੰਡ ਮੱਲੋਵਾਲ ਵਿੱਚ ਹੋ ਰਹੀ ਵੱਡੇ ਪੱਧਰ ਤੇ ਮਿੱਟੀ ਦੀ ਮਾਈਨਿੰਗ ਦੇ ਚਲਦਿਆਂ ਤਿੰਨ ਦੋਸ਼ੀਆਂ ਖਿਲਾਫ਼ ਮਾਮਲਾ ਦਰਜ਼ ਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸੰਬੰਧੀ ਪੁਲਿਸ ਵੱਲੋਂ ਦੋ ਜੇਸੀਬੀ ਮਸ਼ੀਨਾਂ ਅਤੇ ਇਕ ਟਿੱਪਰ ਨੂੰ ਵੀ ਕਬਜ਼ੇ ਵਿੱਚ ਲਿਆ ਗਿਆ ਹੈ। ਮਾਈਨਿੰਗ ਦਾ ਕੰਮ ਰਾਤ ਪੌਨੇ ਨੌਂ ਦੇ ਕਰੀਬ ਚਲ ਰਿਹਾ ਸੀ ਜਿਸ ਦੀ ਸ਼ਿਕਾਇਤ ਮਾਇਨਿੰਗ ਇੰਸਪੈਕਟਰ ਵਲੋਂ ਕੀਤੀ ਗਈ ਅਤੇ ਪੁਲਿਸ ਵੱਲੋਂ ਰਾਤ ਨੂੰ ਹੀ ਮੌਕੇ ਤੇ ਪਹੁੰਚ ਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ।
ਇਸ ਸੰਬੰਧੀ ਸ਼ਿਕਾਇਤਕਰਤਾ ਗੂਰਪ੍ਰੀਤ ਸਿੰਘ ਜੇ.ਈ ਕਮ ਮਾਈਨਿੰਗ ਇੰਸਪੈਕਟਰ ਵਲੋਂ ਦੱਸਿਆ ਗਿਆ ਕਿ ਉਹ 28 ਜੂਨ 2022 ਨੂੰ ਰੁੂਟੀਨ ਗਸ਼ਤ ਕਰ ਰਹੇ ਸਨ। ਗਸ਼ਤ ਦੇ ਦੋਰਾਂਨ ਕਰੀਬ 9.45 ਰਾਤ ਨੂੰ ਦੇਖਿਆ ਕਿ ਪਿੰਡ ਮੱਲੋਵਾਲ ਦੇ ਨੇੜੇ ਇੱਕ ਰਕਬੇ ਦੇ ਵਿੱਚੋ ਬਹੁਤ ਜਿਆਦਾ ਭਾਰੀ ਮਾਤਰਾ ਵਿੱਚ ਮਿੱਟੀ ਦੀ ਮਾਈਨਿੰਗ ਹੋ ਰਹੀ ਸੀ । ਜਿਸਤੇ ਉਨ੍ਹਾਂ ਵੱਲੋਂ ਮੁੱਖ ਅਫਸਰ ਥਾਣਾ ਪੁਰਾਣਾ ਸ਼ਾਲਾ ਨਾਲ ਸਪੰਰਕ ਕੀਤਾ ਗਿਆ। ਪੁਲਿਸ ਪਾਰਟੀ ਨੇ ਮੋਕਾ ਪਰ ਪਹੁੰਚ ਕੇ ਦੋ ਜੇਸੀਬੀ ਮਸੀਨਾ ਅਤੇ ਇੱਕ ਮਿੱਟੀ ਨਾਲ ਭਰਿਆ ਟਿੱਪਰ (ਟਰੱਕ) ਨੂੰ ਕਬਜ਼ੇ ਵਿੱਚ ਲਿਆ।
ਇਸ ਸੰਬੰਧੀ ਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਪਹਿਲਾਂ ਅਣਪਛਾਤੇ ਖਿਲਾਫ਼ 21(1) Mines And Minerals Development And Regulation Act 1957 ਦੇ ਤਹਿਤ ਮਾਮਲਾ ਦਰਜ਼ ਕੀਤਾ ਗਿਆ ਸੀ। ਬਾਅਦ ਵਿੱਚ ਤਫ਼ਤੀਸ਼ ਦੋਰਾਨ ਤਿੰਨ ਵਿਅਕਤੀ ਦੀ ਪਛਾਣ ਰਾਜ ਕੁਮਾਰ ਪੁੱਤਰ ਕਰਨ ਸਿੰਘ ਵਾਸੀ ਨਾਡਾਲਾ, ਵਿਜੇ ਮਸੀਹ ਪੁੱਤਰ ਬਖੂੜਾ ਮਸੀਹ ਵਾਸੀ ਲੱਖੋਵਾਲ ਅਤੇ ਕ੍ਰਿਪਾਲ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਸਿੰਘੋਵਾਲ ਥਾਣਾ ਸਦਰ ਗੁਰਦਾਸਪੁਰ ਵਜੋਂ ਹੋਈ ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।